17 ਅਕਤੂਬਰ (ਕਰਨ ਭੀਖੀ) ਬੁਢਲਾਡਾ/ਮਾਨਸਾ: ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਅਤੇ ਹੜ੍ਹਾਂ ਦੀ ਸਥਿਤੀ ਕਾਰਨ ਹੋਏ ਫਸਲਾਂ ਦੇ ਖਰਾਬੇ ਲਈ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ 07 ਪਿੰਡਾਂ ਦੇ 123 ਕਿਸਾਨਾਂ ਨੂੰ 36 ਲੱਖ, 39 ਹਜ਼ਾਰ, 376 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ।
ਵਿਧਾਇਕ ਬੁੱਧ ਨੇ ਦੱਸਿਆ ਕਿ ਹਲਕਾ ਬੁਢਲਾਡਾ ਦੇ ਪਿੰਡ ਗੋਬਿੰਦਪੁਰਾ, ਹਾਕਵਾਲਾ, ਦੋਦੜਾ, ਅਕਬਰਪੁਰ ਖੁਡਾਲ, ਕੁਲਰੀਆਂ-2, ਭਖੜਿਆਲ ਅਤੇ ਰੱਲੀ ਦੇ 123 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਉਹ ਖੁਸ਼ੀ ਮਹਿਸੂਸ ਕਰ ਰਹੇ ਨੇ।
ਉਨ੍ਹਾਂ ਕਿਹਾ ਕਿ ਕਿਸਾਨ ਦੀ ਆਮਦਨ ਖੇਤੀ ‘ਤੇ ਨਿਰਭਰ ਕਰਦੀ ਹੈ, ਪਰ ਜਦੋਂ ਫਸਲ ਖਰਾਬ ਹੋ ਜਾਵੇ ਤਾਂ ਕਿਸਾਨ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਦੇ ਸੀਜ਼ਨ ਦੌਰਾਨ ਹਰ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਫਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਬਹੁਤ ਵਧੀਆ ਉਦਮ ਹੈ।
ਵਿਧਾਇਕ ਨੇ ਕਿਹਾ ਕਿ ਉਹ ਸਦਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਹਰ ਕਿਸਾਨ ਨੂੰ ਉਸ ਦੀ ਫਸਲ ਦੇ ਖਰਾਬੇ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਮੌਜੂਦ ਸਨ।

