17 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਮਹਿਮਾ ਸਰਕਾਰੀ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਇਸ ਨਾਲ ਪੈਦਾ ਹੋਏ ਧੂੰਏ ਕਾਰਨ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਇਹ ਧੂੰਆ ਕਈ ਵਾਰ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਖੇਤ ਵਿੱਚ ਖੜ੍ਹੇ ਦਰੱਖਤ ਅਤੇ ਖੇਤ ਨਾਲ ਖੜ੍ਹੀ ਫ਼ਸਲ ਨੂੰ ਵੀ ਅੱਗ ਲੱਗਣ ਕਾਰਨ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਨਿਕਲੇ ਹੋਏ ਧੂੰਏ ਦੇ ਕਾਰਨ ਅੱਖਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ।
ਕੈਂਪ ਵਿੱਚ ਮੌਜੂਦ ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਜਸਪਾਲ ਸ਼ਰਮਾ ਵਲੋਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿੱਚ ਸਾਂਭਣ ਲਈ ਵੱਖੋ-ਵੱਖ ਮਸ਼ੀਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਖੇਤੀਬਾੜੀ ਵਿਕਾਸ ਅਫ਼ਸਰ ਡਾ ਜਗਤ ਸਿੰਘ , ਡਾ. ਅਰਸ਼ਦੀਪ ਸਿੰਘ ਅਤੇ ਡਾ ਸੁਖਦੀਪ ਸਿੰਘ ਵਲੋ ਹਾੜੀ ਦੀਆ ਮੁੱਖ ਫਸਲਾਂ ਕਣਕ ਅਤੇ ਸਰੋਂ ਦੀਆ ਨਵੀਆ ਕਿਸਮਾਂ ਅਤੇ ਤਕਨੀਕਾ ਬਾਰੇ ਜਾਣੂ ਕਰਵਾਇਆ ਗਿਆ ।
ਕੈਂਪ ਦੇ ਆਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਪਰਾਲੀ ਨੂੰ ਸਾੜਨ ਤੋ ਵਗੈਰ ਪਰਾਲੀ ਦੀ ਸਾਂਭ-ਸੰਭਾਲ ਕੀਤੀ ਗਈ ਓਹਨਾ ਨੂੰ ਸਨਮਾਨਿਤ ਵੀ ਕੀਤਾ ਗਿਆ ਤਾਂ ਜੋ ਇਸ ਸਾਲ ਹੋਰ ਵੀ ਕਿਸਾਨ ਵੀਰ ਉਤਸਾਹਿਤ ਹੋਕੇ ਪਰਾਲੀ ਨੂੰ ਅੱਗ ਲਗਾਏ ਵਗੈਰ ਉਹਦੀ ਸਾਂਭ ਸੰਭਾਲ ਕਰ ਸਕਣ ਅਤੇ ਨਾਲ ਹੀ ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਕਿ ਸਰਕਾਰ ਵੱਲੋ ਝੋਨੇ ਦੀ ਖਰੀਦ ਲਈ 17 ਪ੍ਰਤੀਸ਼ਤ ਨਮੀ ਨਿਰਧਾਰਿਤ ਕੀਤੀ ਗਈ ਹੈ ਅਤੇ ਕਿਸਾਨ ਨੂੰ ਅਪੀਲ ਕਰਦਿਆ ਝੋਨੇ ਦੀ ਸੁੱਕੀ ਫ਼ਸਲ ਹੀ ਮੰਡੀਆ ਵਿੱਚ ਲੈ ਕੇ ਆਉਣ ਤਾ ਜੋ ਉਹਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।