16 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਥਾਨਕ ਦਫ਼ਤਰ ਸਿਵਲ ਸਰਜਨ ਵਿਖੇ ਸੀ.ਪੀ.ਆਰ ਜਾਗਰੂਕਤਾ ਹਫਤੇ ਦੇ ਮੱਦੇਨਜ਼ਰ ਸਹੁੰ ਚੁੰਕਵਾਈ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸੀ.ਪੀ.ਆਰ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।
ਉਹਨਾ ਦੱਸਿਆ ਕਿ ਸੀ.ਪੀ.ਆਰ ਪ੍ਰਕਿਰਿਆ ਦੀ ਵਰਤੋਂ ਐਂਮਰਜੈਂਸੀ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਪਾਣੀ ਵਿੱਚ ਡੁੱਬਣ ਤੋਂ ਬਾਅਦ ਵਿਅਕਤੀ ਨੂੰ ਮੁੱਢਲੀ ਸਹਾਇਤਾ ਵਜੋਂ, ਬਿਜਲੀ ਦਾ ਝਟਕਾ ਲੱਗਣ, ਦਿਲ ਬੰਦ ਹੋਣ ਜਾ ਜਿਆਦਾ ਖੂਨ ਵਹਿਣ ਕਰਕੇ ਅਤੇ ਇਹ ਦੋ ਤਰੀਕਿਆ ਨਾਲ ਦਿੱਤੀ ਜਾਂਦੀ ਹੈ ਇਕ ਛਾਤੀ ਨੂੰ ਦਬਾਉਣਾ ਅਤੇ ਦੂਸਰਾ ਮੂੰਹ ਰਾਹੀ ਸਾਹ ਦੇਣਾ।
ਉਨ੍ਹਾਂ ਦੱਸਿਆ ਕਿ ਸੀ.ਪੀ.ਆਰ ਵਿੱਚ ਮਰੀਜ਼ ਨੂੰ ਛਾਤੀ ਤੇ ਦਬਾਅ ਪਾ ਕੇ ਆਕਸੀਜਨ ਦੀ ਕਮੀ ਨੂੰ ਦਿਲ ਤੋਂ ਸਰੀਰ ਤੱਕ ਪਹੁੰਚਾਉਣਾ ਹੁੰਦਾ ਹੈ ਅਤੇ ਇਸ ਵਿੱਚ ਫੇਫੜਿਆਂ ਵਿੱਚ ਜਬਰਦਸਤੀ ਹਵਾ ਭਰੀ ਜਾਂਦੀ ਹੈ ਜੋ ਕਿ ਮਰੀਜ਼ ਦੇ ਦਿਮਾਗ ਵਿੱਚ ਆਕਸੀਜਨ ਪਹੁੰਚਾਉਂਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਸੀ.ਪੀ.ਆਰ ਵਿੱਚ ਸਭ ਤੋਂ ਪਹਿਲਾਂ ਵਿਅਕਤੀ ਨੂੰ ਆਪਣੀ ਪਿੱਠ ਦੇ ਬਲ ਇਕ ਸਮਤਲ ਜਗ੍ਹਾ ਤੇ ਲੇਟਾਓ ਅਤੇ ਵਿਅਕਤੀ ਦੇ ਮੋਢਿਆ ਦੇ ਕੋਲ ਆਪਣੇ ਗੋਡਿਆ ਭਾਰ ਬੈਠੋ ਅਤੇ ਇੱਕ ਹੱਥ ਦੀ ਹਥੇਲੀ ਨੂੰ ਵਿਅਕਤੀ ਦੀ ਛਾਤੀ ਦੇ ਵਿਚਕਾਰ ਰੱਖੋ ਅਤੇ ਦੂਜੇ ਹੱਥ ਨੂੰ ਪਹਿਲੇ ਹੱਥ ਦੇ ਉੱਪਰ ਰੱਖੋ ਅਤੇ ਕੂਹਣੀ ਨੂੰ ਪੂਰੀ ਤਰ੍ਹਾਂ ਸਿੱਧਾ ਕਰੋ ਅਤੇ ਇਸ ਤੋਂ ਬਾਅਦ ਉੱਪਰਲੇ ਸਰੀਰ ਦੇ ਭਾਰ ਦੀ ਵਰਤੋਂ ਕਰਦੇ ਹੋਏ, ਪੀੜਿਤ ਵਿਅਕਤੀ ਦੀ ਛਾਤੀ ਨੂੰ ਘੱਟੋ-ਘੱਟ 2 ਇੰਚ ਅਤੇ ਵੱਧ ਤੋਂ ਵੱਧ 2.5 ਇੰਚ ਤੱਕ ਦਬਾਓ ਅਤੇ ਛੱਡੋ ਇਸਨੂੰ ਇੱਕ ਮਿੰਟ ਵਿੱਚ 100 ਤੋਂ 120 ਵਾਰ ਕਰੋ।
ਉਨ੍ਹਾਂ ਦੱਸਿਆ ਸੀ.ਪੀ.ਆਰ ਦਾ ਦੂਸਰਾ ਤਰੀਕਾ ਸਾਹ ਰਾਹੀ ਹੈ ਜੋ ਕਿ ਜਖਮੀ ਮਰੀਜ ਤੇ ਅਪਲਾਈ ਕੀਤਾ ਜਾਂਦਾ ਹੈ। ਇਸ ਲਈ ਸੀ.ਪੀ.ਆਰ ਇੱਕ ਐਸੀ ਜੀਵਨ ਬਚਾਉਣ ਵਾਲੀ ਤਕਨੀਕ ਹੈ ਜਿਸ ਨੂੰ ਹਰ ਨਾਗਰਿਕ ਨੂੰ ਸਿੱਖਣਾ ਚਾਹੀਦਾ ਹੈ। ਇਸ ਹਫ਼ਤੇ ਦੌਰਾਨ ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਡੈਮੋ ਸੈਸ਼ਨ, ਟ੍ਰੇਨਿੰਗ ਕੈਂਪ ਅਤੇ ਸਹੁੰ ਸਮਾਰੋਹ ਕਰਵਾਏ ਜਾ ਰਹੇ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀ.ਪੀ.ਆਰ ਸਬੰਧੀ ਸਿਖਲਾਈ ਲੈਣ ਤੇ ਇਸ ਤਕਨੀਕ ਬਾਰੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ ਵਿੱਚ ਭਾਗ ਲੈਣ। ਸੀ.ਪੀ.ਆਰ ਜਾਗਰੂਕਤਾ ਹਫ਼ਤੇ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਤਕਨੀਕ ਨੂੰ ਜਾਣਨ ਅਤੇ ਐਮਰਜੈਂਸੀ ਸਥਿਤੀ ਵਿੱਚ ਕਿਸੇ ਦੀ ਜ਼ਿੰਦਗੀ ਬਚਾ ਸਕਣ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਕੇਵਲ ਸਿੰਘ, ਜ਼ਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਬੀ.ਈ.ਈ ਗਗਨਦੀਪ ਸਿੰਘ ਭੁੱਲਰ ਅਤੇ ਪਵਨਜੀਤ ਕੌਰ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਅਨਿਲ ਕੁਮਾਰ ਅਤੇ ਰਾਧੇ ਸ਼ਾਮ ਆਦਿ ਹਾਜਰ ਸਨ ।