ਸਸਤੀ ਮਿਠਾਈ ਵੇਚਣ ਵਾਲੀ ਦੁਕਾਨ ਤੋਂ ਸੈਂਪਲ ਲੈ ਕੇ ਖਰੜ ਲੈਬੋਰੇਟਰੀ ਭੇਜੇ
16 ਅਕਤੂਬਰ (ਕਰਨ ਭੀਖੀ) ਮਾਨਸਾ: ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ.ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਡੀ.ਐਸ.ਪੀ. ਵਿਜੀਲੈਂਸ ਮਾਨਸਾ ਨਾਲ ਜੁਆਇੰਟ ਰੇਡ ਕਰਦੇ ਹੋਏ ਰਮਦਿੱਤੇ ਵਾਲਾ ਚੌਕ ਮਾਨਸਾ ਤੋਂ ਖੋਆ ਬਰਫੀ ਦਾ ਸੈਂਪਲ ਲਿਆ ਗਿਆ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋਂ ਪਿੰਡ ਨੰਗਲ, ਕੋਟਧਰਮੂ ਅਤੇ ਸ਼ਹਿਰ ਮਾਨਸਾ ਆਦਿ ਵਿਖੇ ਵੱਖ-ਵੱਖ ਦੁਕਾਨਾਂ ਦਾ ਦੌਰਾ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਬਰਫੀ, ਖੋਆ ਬਰਫੀ, ਚਮਚਮ, ਮਿਲਕ ਕੇਕ ਆਦਿ ਦੇ ਸੈਂਪਲ ਲਏ ਗਏ। ਉਨ੍ਹਾਂ ਕਿਹਾ ਗਿਆ ਕਿ ਖਾਣ-ਪੀਣ ਦੀਆਂ ਵਸਤਾ ਵਿੱਚ ਮਿਲਾਵਟ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀਤੀ ਕਿ ਮਿਠਾਈ ਖਰੀਦਣ ਸਮੇਂ ਮਿਠਾਈ ਬਣਾਉਣ ਲਈ ਵਰਤੀ ਗਈ ਸਮੱਗਰੀ ਬਾਰੇ ਦੁਕਾਨਦਾਰ ਤੋਂ ਪੁੱਛਣਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਮਾਨਸਾ ਦੇ ਇੱਕ ਦੁਕਾਨਦਾਰ ਵੱਲੋਂ ਸ਼ੋਸਲ ਮੀਡੀਆ ‘ਤੇ ਸਸਤੀ ਮਿਠਾਈ ਸਬੰਧੀ ਇੱਕ ਪੋਸਟ ਪਾਈ ਗਈ ਸੀ ਜਿਸ ਸਬੰਧੀ ਟੀਮ ਵੱਲੋਂ ਜਾ ਕੇ ਚੈਕਿੰਗ ਕੀਤੀ ਗਈ ਤਾਂ ਮਿਠਾਈ ਸੁੱਕੇ ਦੁੱਧ ਅਤੇ ਸੂਜੀ ਤੋਂ ਬਣੀ ਹੋਈ ਸੀ, ਜਿਸ ਦੇ ਮੌਕੇ ‘ਤੇ ਸੈਂਪਲ ਲੈ ਕੇ ਵੀ ਜਾਂਚ ਲਈ ਭੇਜੇ ਗਏ ਹਨ।
ਉਨ੍ਹਾਂ ਦੁਕਾਨਦਾਰਾਂ ਨੂੰ ਸਾਫ ਸਫਾਈ, ਸਿਰ ਢਕ ਕੇ ਰੱਖਣ, ਹੱਥਾਂ ਵਿਚ ਦਸਤਾਨੇ ਪਾਉਣ ਅਤੇ ਰੰਗ ਵਾਲੀਆਂ ਮਿਠਾਈਆਂ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ। ਲਏ ਗਏ ਸੈਂਪਲ ਚੈਕਿੰਗ ਲਈ ਫੂਡ ਲੈਬੋਰੇਟਰੀ ਖਰੜ ਵਿਖੇ ਭੇਜੇ ਗਏ ਹਨ।