ਕੁੱਲ 555 ਅਰਜ਼ੀਆਂ ਹੋਈਆਂ ਸਨ ਪ੍ਰਾਪਤ
15 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਆਉਣ ਵਾਲੇ ਤਿਉਹਾਰਾਂ ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਆਰਜ਼ੀ ਲਾਇਸੰਸ ਅਤੇ ਨਿਰਧਾਰਤ ਥਾਵਾਂ ਤੋਂ ਬਿਨਾਂ ਹੋਰ ਕਿਸੇ ਥਾਂ ‘ਤੇ ਪਟਾਕੇ ਨਾ ਵੇਚੇ ਜਾਣ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪਟਾਕਿਆਂ ਦੀ ਵਿਕਰੀ ਲਈ ਲੱਕੀ ਡਰਾਅ ਰਾਹੀਂ ਕੱਢੇ ਗਏ ਆਰਜ਼ੀ ਲਾਇਸੰਸ ਜਾਰੀ ਕਰਨ ਮੌਕੇ ਦਿੱਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲੇ ਵਿੱਚੋਂ ਪਟਾਕਿਆਂ ਦੀ ਵਿਕਰੀ ਲਈ ਕੁੱਲ 34 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ। ਜ਼ਿਲ੍ਹੇ ਭਰ ਚ ਆਰਜ਼ੀ ਲਾਇੰਸਸ ਲੈਣ ਲਈ ਕੁੱਲ 555 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦਫਤਰ ਬਠਿੰਡਾ ਦੇ ਸਾਹਮਣੇ ਵਾਲੀ ਜਗ੍ਹਾ ਲਈ 5 ਆਰਜੀ ਲਾਇਸੰਸ, ਖੇਡ ਸਟੇਡੀਅਮ ਬਠਿੰਡਾ ਵਾਲੀ ਜਗ੍ਹਾ ਲਈ 23 ਆਰਜੀ ਲਾਇਸੰਸ, ਡੀ.ਡੀ. ਮਿੱਤਲ ਟਾਵਰ ਬਠਿੰਡਾ ਵਾਲੀ ਜਗ੍ਹਾ ਲਈ 4 ਆਰਜੀ ਲਾਇਸੰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਲਈ 1 ਅਤੇ ਖੇਡ ਸਟੇਡੀਅਮ ਨੇੜੇ ਸੂਏ ਵਾਲਾ ਪੁਲ, ਮੰਡੀ ਰਾਮਪੁਰਾ ਫੂਲ ਲਈ 1 ਆਰਜੀ ਲਾਇਸੰਸ ਜਾਰੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਭੁੱਚੋ ਮੰਡੀ, ਕੈਟਲ ਫੇਅਰ ਗਰਾਂਊਂਡ, ਨਜਦੀਕ ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਰਾਮਾਂ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਤਲਵੰਡੀ ਸਾਬੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਠਾ ਗੁਰੂ ਰੋਡ, ਭਗਤਾ ਭਾਈਕਾ ਅਤੇ ਐਸ.ਡੀ. ਹਾਈ ਸਕੂਲ, ਮੌੜ ਵਾਲੀਆਂ ਨਿਰਧਾਰਿਤ ਥਾਵਾਂ ਲਈ ਕੋਈ ਵੀ ਅਰਜੀ ਪ੍ਰਾਪਤ ਨਹੀਂ ਹੋਈ ਸੀ।
ਇਸ ਮੌਕੇ ਰੀਡਰ ਟੂ ਡਿਪਟੀ ਕਮਿਸ਼ਨਰ ਸ੍ਰੀ ਰਾਜਨ ਗੋਇਲ, ਐਲਪੀਏ ਬ੍ਰਾਂਚ ਤੋਂ ਮੈਡਮ ਪਰਮਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਬਿਨੈਕਾਰ ਆਦਿ ਮੌਜੂਦ ਸਨ।

