15 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਡਾ. ਗੁਰਦੀਪ ਸਿੰਘ ਸਿੱਧੂ ਡਿਪਟੀ ਡਾਇਰੈਕਟਰ (ਸਿਖਲਾਈ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪਾਂ ਦੀ ਲੜੀ ਤਹਿਤ ਪਿੰਡ ਗੋਨਿਆਣਾ ਕਲਾਂ (ਬਲਾਕ ਗੋਨਿਆਣਾ) ਵਿਖੇ ਲਗਾਇਆ ਗਿਆ।
ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਹੈਪੀ ਸੀਡਰ, ਸਰਫੇਸ ਸੀਡਰ ਅਤੇ ਸਮਾਰਟ ਸੀਡਰ ਆਦਿ ਤਕਨੀਕਾਂ ਕਾਰਗਰ ਹਨ । ਉਨ੍ਹਾਂ ਦੱਸਿਆ ਕਿ ਲਗਾਤਾਰ 3-4 ਸਾਲ ਪਰਾਲੀ ਨੂੰ ਖੇਤ ਵਿੱਚ ਦਬਾਉਣ ਨਾਲ ਜ਼ਮੀਨ ਵਿਚਲੀ ਮੱਲੜ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ। ਉਹਨਾਂ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਿਤ ਤਕਨੀਕਾਂ ਨੂੰ ਅਪਣਾ ਕੇ ਕਿਸਾਨ ਖੇਤ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ।
ਕੈਂਪ ਦੌਰਾਨ ਡਾ. ਗੁਰਮੀਤ ਸਿੰਘ ਢਿੱਲੋਂ (ਪ੍ਰੋਫੈਸਰ ਪਸਾਰ ਸਿੱਖਿਆ) ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਆਪਣੇ ਖੇਤ ਵਿੱਚ ਮਿਲਾਉਣ ਤਾਂ ਜੋ ਖੇਤ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋ ਸਕੇ ਅਤੇ ਅਜਿਹਾ ਕਰਨ ਨਾਲ ਕਿਸਾਨ ਵੀਰ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਜਾਗਰੂਕ ਕਰਨਾ ਅਤੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਦੇ ਸ਼ੰਕੇ ਦੂਰ ਕਰਨਾ ਸੀ। ਉਹਨਾਂ ਨੇ ਪਰਾਲੀ ਪ੍ਰਬੰਧ ਸੰਬੰਧੀ ਖੇਤੀ ਮਸ਼ੀਨਰੀ ਦੀ ਸਹੀ ਵਰਤੋਂ ਕਰਨ ਸੰਬੰਧੀ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਪ੍ਰਬੰਧ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਆਪਣੇ ਖੇਤ ਵਿੱਚ ਮਿਲਾਉਣ।
ਇਸ ਮੌਕੇ ਡਾ. ਅਰਸ਼ਦੀਪ, ਖੇਤੀਬਾੜੀ ਵਿਕਾਸ ਅਫਸਰ, ਗੋਨਿਆਣਾ ਨੇ ਆਪਣੇ ਵਿਭਾਗ ਦੁਆਰਾ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।
ਇਸ ਪਿੰਡ ਪੱਧਰੀ ਕੈਂਪ ਵਿੱਚ ਲੱਗਭਗ 60 ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਕਿੱਟਾਂ, ਸਬਜ਼ੀ ਦੀ ਪਨੀਰੀ ਅਤੇ ਜੀਵਾਣੂ ਖਾਦ ਦੇ ਟੀਕੇ ਆਦਿ ਵੀ ਮੁਹੱਈਆ ਕਰਵਾਏ ਗਏ।

