ਸੰਗਰੂਰ, 26 ਸਤੰਬਰ
ਕਿਰਤੀ ਮਜ਼ਦੂਰ ਵਰਗ ਦੀਆਂ ਸਹੂਲਤਾਂ ਲਈ ਬਣੇ ,ਲੇਬਰ ਐਂਡ ਅਦਰ ਕੰਸਟ੍ਰਕਸ਼ਨ ਬੋਰਡ (ਪੰਜਾਬ)ਤਹਿਤ ਸਕੀਮ ਅਧੀਨ ਲਾਭਪਾਤਰੀ ਲਾਲ ਕਾਪੀ ਧਾਰਕਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਕਰਵਾਉਣ ਲਈ ਅੱਜ ਜ਼ਿਲ੍ਹਾ ਸੰਗਰੂਰ ਵਿਖੇ ਕਿਰਤੀ ਮਜ਼ਦੂਰ ਆਗੂ ਡਾਕਟਰ ਹਰਭਜਨ ਸਿੰਘ (ਭੋਲਾ)ਗੁਰਨੇ ਕਲਾਂ ਜੀ ਦੀ ਅਗਵਾਈ ਵਿੱਚ ਇੱਕ ਵਫ਼ਦ ਮੈਂਬਰ ਐਸ. ਸੀ.ਕਮਿਸ਼ਨ (ਪੰਜਾਬ) ਸ੍ਰੀ ਗੁਲਜ਼ਾਰ ਸਿੰਘ ਜੀ ਨੂੰ ਮਿਲਿਆ। ਮੀਟਿੰਗ ਦੌਰਾਨ ਉਹਨਾਂ ਨੂੰ ਲਾਭਪਾਤਰੀ ਲਾਲ ਕਾਪੀ ਧਾਰਕਾਂ ਨੂੰ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਬਰੀਕੀ ਨਾਲ ਧਿਆਨ ਵਿੱਚ ਲਿਆਂਦੀਆਂ ਗਈਆਂ, ਅਤੇ ਜੋ ਦੇਰੀ ਨਾਲ ਜਮਾਂ ਹੋਈਆਂ ਸ਼ਗਨ ਸਕੀਮਾਂ ਦੀਆਂ ਫਾਇਲਾਂ ਰਿਜੈਕਟ ਹੋ ਗਈਆਂ ਸਨ ਉਹਨਾਂ ਦੇ ਹੱਲ ਕਰਵਾਉਣ ਲਈ ਵੀ ਮੈਮੋਰੰਡਮ ਦਿੱਤਾ ਗਿਆ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਕਿਹਾ ਕਿ ਸੰਗਰੂਰ ਦੇ ਰੈਸਟ ਹਾਊਸ ਵਿੱਚ ਸੋਮਵਾਰ, ਬੁੱਧਵਾਰ ਤੇ ਸੁੱਕਰਵਾਰ ਇਹ ਤਿੰਨ ਦਿਨ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਪ੍ਰਾਪਤ ਕੀਤੀਆਂ ਅਰਜੀਆਂ ਐਸ.ਸੀ. ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੋਲ ਚੰਡੀਗੜ੍ਹ ਦਫ਼ਤਰ ਭੇਜ ਕੇ ਉਹਨਾਂ ਬਾਰੇ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ।
ਇਸ ਦੌਰਾਨ ਮੈਂਬਰ ਐਸ .ਸੀ.ਕਮਿਸ਼ਨ ਪੰਜਾਬ ਵੱਲੋਂ ਉਕਤ ਸਾਰੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਵਫ਼ਦ ਦੇ ਨਾਲ ਮਜ਼ਦੂਰ ਕਿਰਤੀ ਆਗੂ ਹਰਭਜਨ ਸਿੰਘ ਭੋਲਾ ਤੋਂ ਇਲਾਵਾ,ਨਾਇਬ ਸਿੰਘ ਬੀਰ ਖੁਰਦ, ਦਵਿੰਦਰ ਸਿੰਘ ਗੱਗੜ੍ਹਪੁਰ, ਹਰਪ੍ਰੀਤ ਸਿੰਘ ਧਨੌਲਾ ਆਦਿ ਨੇ ਵੀ ਮਜ਼ਦੂਰ ਕਿਰਤੀ ਲੋਕਾਂ ਦੀਆਂ ਸਮੱਸਿਆ ਦੇ ਹੱਲ ਕਰਵਾਉਣ ਲਈ ਸ੍ਰੀ ਗੁਲਜ਼ਾਰ ਸਿੰਘ ਮੈਂਬਰ ਐਸ .ਸੀ . ਕਮਿਸ਼ਨ (ਪੰਜਾਬ )ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।