ਮਾਨਸਾ, 05 ਸਤੰਬਰ:-(ਨਾਨਕ ਸਿੰਘ ਖੁਰਮੀ)ਮਾਨਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਚ ਰਾਜਸਥਾਨ, ਹਰਿਆਣਾ, ਯੂਪੀ, ਦਿੱਲੀ, ਨੋਇਡਾ ਆਦਿ ਤੋਂ ਵੱਡੀ ਉਮਰ ਦੇ ਖਿਡਾਰੀ ਲਿਆ ਕੇ ਪੰਜਾਬ ਦੀ ਛੋਟੀ ਉਮਰ ਦੇ ਖਿਡਾਰੀਆਂ ਦੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤੇ ਜਾਣ ਦੇ ਕਦਮਾਂ ਨੂੰ ਤਿੰਨ ਸਾਲ ਦੀ ਲੜਾਈ ਲੜਣ ਤੋਂ ਬਾਅਦ ਅੱਜ ਆਖ਼ਿਰਕਾਰ ਠੱਲ ਪੈ ਗਈ ਹੈ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲੋਕਪਾਲ ਓਬਡਸਮੈਨ ਜੋ ਕਿ ਹਾਈ ਕੋਰਟ ਦੇ ਰਿਟਾਇਰਡ ਜੱਜ ਹਨ, ਵੱਲੋਂ ਮਾਨਸਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਉਮਰਾਂ ਘਟਾਕੇ ਖਿਡਾਰੀਆਂ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਛੋਟੀ ਉਮਰ ਦੇ ਖਿਡਾਰੀ ਵਜੋਂ ਖਿਡਾਏ ਜਾਣ ਲਈ ਮਾਨਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੂੰ ਦੋਸ਼ੀ ਮੰਨਦੇ ਹੋਏ ਜੱਜ ਸਾਹਿਬ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਨਾਲੋਂ ਪ੍ਰਾਪਤ ਮਾਨਤਾ ਨੂੰ ਰੱਦ ਕਰਨ ਦਾ ਹੁਕਮ ਸੁਣਾ ਦਿੱਤਾ ਹੈ ਅਤੇ ਪੀਸੀਏ ਨੂੰ ਖਿਡਾਰੀਆਂ ਦੀ ਭਲਾਈ ਲਈ ਫੌਰਨ ਬਦਲਵੇਂ ਪ੍ਰਬੰਧ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਇਸ ਸ਼ਿਕਾਇਤ ਨੂੰ ਕਰਨ ਵਾਲੇ ਐਡਵੋਕੇਟ ਅਮਨ ਮਿੱਤਲ ਨੇ ਫੈਸਲੇ ਤੇ ਸੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਕ੍ਰਿਕਟ ਇਤਿਹਾਸ ਵਿੱਚ ਇਹ ਵੱਡਾ ਤੇ ਪਹਿਲਾ ਫੈਸਲਾ ਹੈ ਜਿਸਦੇ ਤਹਿਤ ਸਹੀ ਉਮਰ ਦੇ ਅਤੇ ਮਾਨਸਾ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਹੀ ਮਾਨਸਾ ਵੱਲੋਂ ਖਿਡਾਇਆ ਜਾਵੇ ਇਸ ਸਬੰਧੀ ਸਾਡੇ ਵੱਲੋਂ ਸ਼ੁਰੂ ਕੀਤੀ ਸੱਚੀ ਲੜਾਈ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਭਾਵੇ ਉਹ ਸਹੀ ਉਮਰ ਦੇ ਖਿਡਾਰੀਆਂ, ਜੋ ਕ੍ਰਿਕਟ ਖੇਡਣਾ ਛੱਡ ਗਏ ਸਨ ਨੂੰ ਦੋਬਾਰਾ ਖੇਡਣ ਲਗਾਉਣਾ ਅਸੰਭਵ ਹੈ ਪਰੰਤੂ ਜੋ ਖੇਡ ਰਹੇ ਹਨ ਉਹਨਾਂ ਨੂੰ ਮਾਨਸਾ ਜ਼ਿਲ੍ਹੇ ਵੱਲ਼ੋਂ ਪੂਰੇ ਮੌਕੇ ਮਿਲਣ ਦੀ ਆਸ ਬੱਝੀ ਹੈ। ਉਹਨਾਂ ਮਾਪਿਆਂ ਨੂੰ ਕਿਹਾ ਕਿ ਜਿੰਨ੍ਹਾਂ ਦੇ ਬੱਚਿਆਂ ਨਾਲ ਧੱਕਾ ਹੋਇਆ ਹੈ ਉਹਨਾਂ ਨੂੰ ਹੋਰ ਬੱਚਿਆਂ ਨਾਲ ਧੱਕਾ ਨਾ ਹੋਵੇ ਇਹ ਨਿਸ਼ਚਤ ਕਰਨ ਲਈ ਹਮੇਸ਼ਾਂ ਨਿਡਰ ਹੋ ਕੇ ਜੇ ਆਵਾਜ ਬੁਲੰਦ ਕੀਤੀ ਜਾਵੇ ਤਾਂ ਸੱਚ ਦੀ ਜਿੱਤ ਜਰੂਰ ਹੁੰਦੀ ਹੈ।
ਜਿਕਰਯੋਗ ਹੈ ਕਿ ਇਸ ਸੰਬੰਧੀ ਇੱਕ ਐਫ ਆਈ ਆਰ ਸਾਲ 2023 ਵਿੱਚ ਦਰਜ ਕੀਤੀ ਗਈ ਸੀ। ਜਿਸ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਉਸ ਸਮੇਂ ਦੇ ਸੈਕਟਰੀ ਜਗਮੋਹਨ ਸਿੰਘ ਧਾਲੀਵਾਲ ਅਤੇ ਉਸ ਸਮੇ ਦੇ ਕੋਚ ਹਰਦੀਪ ਸ਼ਰਮਾ ਸਮੇਤ ਅੱਠ ਦੋਸ਼ੀਆ ਦਾ ਚਲਾਨ ਪੇਸ਼ ਹੋ ਚੁੱਕਿਆ ਹੈ ਅਤੇ ਕੁੱਝ ਕੁ ਦੋਸ਼ੀਆਂ ਦਾ ਚਲਾਨ ਪੇਸ਼ ਕਰਨਾ ਬਾਕੀ ਹੈ। ਪੀੜਤ ਖਿਡਾਰੀਆਂ ਅਤੇ ਮਾਪਿਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਮਾਨਸਾ ਜ਼ਿਲ੍ਹੇ ਤੋਂ ਜਾਅਲ ਸਾਜੀਆ ਕਰਨ ਵਾਲੇ ਕ੍ਰਿਕਟ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੱਕੀ ਠੱਲ ਪਵੇਗੀ ਅਤੇ ਮਾਨਸਾ ਦੇ ਸਹੀ ਖਿਡਾਰੀਆਂ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ