ਮਾਨਸਾ 5 ਸਤੰਬਰ (ਨਾਨਕ ਸਿੰਘ ਖੁਰਮੀ)ਹੜ੍ਹਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਕੋਈ ਵੀ ਯੋਗ ਪ੍ਰਬੰਧ ਨਾ ਕਰਨ ਕਰਕੇ ਅੱਜ ਪੰਜਾਬ ਵਾਸੀ ਹੜ੍ਹਾਂ ਮਾਰ ਝੱਲ ਰਹੇ ਹਨ ਅਤੇ ਉਨ੍ਹਾਂ ਦੀ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਾਹਤ ਪੈਕੇਜ ਨਾ ਐਲਾਨ ਕਰਕੇ ਸਾਬਿਤ ਕਰ ਦਿੱਤਾ ਕਿ ਇਹ ਸਰਕਾਰ ਕੇਵਲ ਤੇ ਕੇਵਲ ਸੱਤਾ ਪ੍ਰਾਪਤੀ ਲਈ ਹੀ ਮੈਦਾਨ ਵਿੱਚ ਆਈ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਅੱਜ ਮਾਨਸਾ ਸ਼ਹਿਰ ਦਾ ਦੌਰਾ ਕਰਨ ਉਪਰੰਤ ਵਿਸ਼ੇਸ਼ ਤੌਰ ਤੇ ਪ੍ਰੈੱਸ ਨੋਟ ਜਾਰੀ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਭਾਰੀ ਬਰਸਾਤ ਕਾਰਨ ਅੱਜ ਸਮੁੱਚਾ ਸ਼ਹਿਰ ਪਾਣੀ ਵਿੱਚ ਡੁੱਬਿਆ ਪਿਆ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ਡੁੱਬੇ ਬਰਾਬਰ ਹੀ ਸੀ ਕਿਉਂਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿੱਚ 1-2 ਫੁੱਟ ਪਾਣੀ ਖੜ੍ਹਿਆ ਸੀ। ਸ਼ਹਿਰ ਦੀਆਂ ਜਥੇਬੰਦੀਆਂ ਸੂਬਾ ਸਰਕਾਰ ਖਿਲਾਫ ਲਗਾਤਾਰ ਧਰਨੇ ਲਗਾ ਕੇ ਪਿੱਟ ਸਿਆਪਾ ਕਰ ਰਹੀਆਂ ਹਨ। ਪਰ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਪਾਣੀ ਦੇ ਨਿਕਾਸ ਲਈ ਲਗਾਏ ਗਏ ਥੌੜ੍ਹੇ ਮੋਟੇ ਪੰਪ ਨਾ ਮਾਤਰ ਪਾਣੀ ਹੀ ਕੱਢਦੇ ਹਨ ਜਦਕਿ 2 ਗੁਣਾ ਵੱਧ ਹਰ ਰੋਜ਼ ਪਾਣੀ ਇੱਕਠਾ ਹੋਣ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਇੱਕਠਾ ਹੋਣ ਕਾਰਨ ਲੋਕਾਂ ਨੂੰ ਨਾਮੁਰਾਦ ਬਿਮਾਰੀਆਂ ਦਾ ਡਰ ਸਤਾ ਰਿਹਾ ਹੈ ਅਤੇ ਸ਼ਹਿਰ ਦੇ ਲਗਭਗ ਹਰ ਗਲੀ ਪਾਣੀ ਖੜ੍ਹਣ ਕਾਰਨ ਜੋ ਸਮਬਰਸੀਲ ਪੰਪ ਜੋ ਆਪਣੀ ਵਰਤੋਂ ਲਈ ਲੋਕਾਂ ਵੱਲੋਂ ਲਗਾਏ ਗਏ ਸਨ। ਉਹ ਪੰਪ ਚੌਕ ਹੋਣ ਕਾਰਨ ਹਰ ਘਰ ਦਾ 10 ਹਜਾਰ ਤੋਂ ਲੈ ਕੇ 50 ਹਜ਼ਾਰ ਤੱਕ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੇੁ ਦੱਸਿਆ ਹੈ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚੌਕ ਹੋਏ ਪੰਪਾਂ, ਦੁਕਾਨਦਾਰਾਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਬਾਰਿਸ਼ਾਂ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਸੂਬਾ ਸਰਕਾਰ ਮਾਲੀ ਮਦਦ ਕਰੇ ਤਾਂ ਜੋ ਉਹ ਆਰਥਿਕ ਪੱਖੋਂ ਨਾ ਟੁੱਟਣ। ਜਦਕਿ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਆਰਜ਼ੀ ਤੌਰ ਤੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਆਰਜ਼ੀ ਪ੍ਰਬੰਧ ਕਰਨੇ ਚਾਹੀਦੇ ਸਨ। ਨਕੱਈ ਨੇ ਕਿਹਾ ਕਿ ਸਰਕਾਰ ਦੀ ਨਲਾਇਕੀ ਤੇ ਡੂੰਘਾ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਰ ਆਗੂ ਅਤੇ ਵਰਕਰ ਲੋੜਵੰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗਾ ਅਤੇ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪੀੜ੍ਹਤ ਲੋਕਾਂ ਨਾਲ ਆਪਣੇ ਵਿਚਾਰ ਵਟਾਂਦਰੇ ਸਾਂਝੇ ਕਰਕੇ ਜਿੱਥੇ ਉਨ੍ਹਾਂ ਦੇ ਜਖਮਾਂ ਨੂੰ ਮੱਲ੍ਹਮ ਲਾਈ ਹੈ। ਉੱਥੇ ਹੀ ਲੋੜੀਂਦੀ ਸਹਾਇਤਾ ਕੇਂਦਰ ਵੱਲੋਂ ਦਿਵਾਉਣ ਦੇ ਵਿਸ਼ਵਾਸ਼ ਨਾਲ ਪੀੜ੍ਹਤ ਲੋਕਾਂ ਹੋਂਸਲਾ ਮਿਲਿਆ ਹੈ।