ਬਰਸਾਤੀ ਮੌਸਮ ਕਾਰਨ ਵਧ ਰਹੀਆਂ ਬੀਮਾਰੀਆਂ ਬਾਰੇ ਕੀਤਾ ਜਾਗਰੂਕ – ਲੋਕਾਂ ਨੂੰ ਦਿੱਤੀਆਂ ਸਿਹਤ ਸਬੰਧੀ ਜ਼ਰੂਰੀ ਹਦਾਇਤਾਂ
ਮਹਿਲ ਕਲਾਂ, 5 ਅਗਸਤ (ਡਾ. ਮਿੱਠੂ ਮੁਹੰਮਦ) –
ਅੱਜਕੱਲ੍ਹ ਸੂਬੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬਰਸਾਤੀ ਮੌਸਮ ਕਾਰਨ ਪਾਣੀ ਦੇ ਗੱਡੇ, ਖੜ੍ਹਾ ਪਾਣੀ ਤੇ ਗੰਦਾ ਨਿਕਾਸੀ ਪ੍ਰਬੰਧ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਇਸੇ ਸੰਦਰਭ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਹਰ ਸ਼ੁੱਕਰਵਾਰ – ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਿਹਤ ਬਲਾਕ ਮਹਿਲਕਲਾਂ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਘਰੋਂ ਘਰੀਂ ਜਾ ਕੇ ਡੇਂਗੂ ਲਾਰਵਾ ਦੀ ਚੈਕਿੰਗ ਕੀਤੀ ਗਈ।
ਇਹ ਮੁਹਿੰਮ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲਕਲਾਂ ਦੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਚਲਾਈ ਗਈ। ਟੀਮਾਂ ਨੇ ਘਰਾਂ ਦੇ ਅੰਦਰ ਅਤੇ ਬਾਹਰ ਉਹਨਾਂ ਥਾਵਾਂ ਦੀ ਜਾਂਚ ਕੀਤੀ ਜਿੱਥੇ ਬਰਸਾਤੀ ਮੀਂਹ ਦੇ ਕਾਰਨ ਪਾਣੀ ਇਕੱਠਾ ਹੋਇਆ ਸੀ, ਜਿਵੇਂ ਕਿ ਕੂਲਰ, ਟੈਂਕੀਆਂ, ਪੁਰਾਣੇ ਟਾਇਰ, ਬਾਲਟੀਆਂ, ਛੱਤਾਂ ਉੱਤੇ ਪਏ ਬਰਤਨ ਅਤੇ ਫੁੱਲਦਾਨ।
ਐਸ ਆਈ ਜਸਵੀਰ ਸਿੰਘ ਨੇ ਕਿਹਾ ਕਿ ਲਗਾਤਾਰ ਮੀਂਹਾਂ ਕਾਰਨ ਡਾਇਰਿਆ, ਪੀਲੀਆ, ਚਮੜੀ ਦੇ ਸੰਕ੍ਰਮਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਪਾਣੀ ਹਮੇਸ਼ਾ ਉਬਾਲ ਕੇ ਜਾਂ ਕਲੋਰਿਨ ਯੁਕਤ ਕਰਕੇ ਹੀ ਪੀਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਉਲਟੀਆਂ ਜਾਂ ਦਸਤ ਲੱਗਣ ਤਾਂ ਓ.ਆਰ.ਐਸ. ਘੋਲ ਦੀ ਵਰਤੋਂ ਜ਼ਰੂਰੀ ਹੈ, ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ’ਤੇ ਮੁਫ਼ਤ ਉਪਲਬਧ ਹੈ।
ਬੀ.ਈ.ਈ. ਸ਼ਿਵਾਨੀ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਪਿੰਡ ਵਿੱਚ ਇੱਕ ਹੀ ਸਮੇਂ ਤਿੰਨ ਤੋਂ ਵੱਧ ਬੁਖਾਰ, ਡਾਇਰਿਆ ਜਾਂ ਹੋਰ ਸੰਕ੍ਰਮਣ ਦੇ ਕੇਸ ਸਾਹਮਣੇ ਆਉਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਵਧਾਨੀ ਅਤੇ ਸਫਾਈ ਹੀ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।
ਇਸ ਮੌਕੇ ਹੈਲਥ ਵਰਕਰ ਬੂਟਾ ਸਿੰਘ, ਏ.ਐਨ.ਐਮ. ਜਸਵੀਰ ਕੌਰ ਅਤੇ ਆਸ਼ਾ ਵਰਕਰ ਸੁਮਨ ਰਾਣੀ ਵੀ ਮੌਜੂਦ ਸਨ, ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਬਰਸਾਤੀ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਜਾਣਕਾਰੀ ਦਿੱਤੀ।