ਮਾਨਸਾ, 30 ਅਗਸਤ (ਨਾਨਕ ਸਿੰਘ ਖੁਰਮੀ)
ਆੜਤੀਆਂ ਐਸੋਸੀਏਸ਼ਨ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਉੱਪਰ ਲਾਏ
ਗਏ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਆੜਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ
ਸ਼੍ਰੀ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਨਾਮ ਪਰ ਵਪਾਰੀਆਂ ਉਪਰ 200/-
ਰੁਪਏ ਮਹੀਨਾ ਜਜੀਆ ਟੈਕਸ ਲਗਾਇਆ ਗਿਆ ਹੈ ਉਹ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ
ਮੁਫਤਖੋਰੀ ਦੇ ਨਾਮ ਪਰ ਖਜਾਨਾ ਲੁਟਾ ਰਹੀ ਹੈ ਦੂਜੇ ਪਾਸੇ ਵਪਾਰੀਆਂ ਉਪਰ ਨਿੱਤ ਦਿਨ ਨਵੇਂ-ਨਵੇਂ ਟੈਕਸ ਲਗਾ ਕੇ
ਵਪਾਰੀਆਂ ਨੂੰ ਆਰਥਿਕ ਪੱਖੋਂ ਨਿਚੋੜ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਸੜਕਾਂ ਤੇ ਸੀਵਰੇਜ
ਦਾ ਜਨਾਜਾ ਨਿਕਲਿਆ ਪਿਆ ਹੈ। ਸੜਕਾਂ ਟੁੱਟੀਆਂ ਹੋਣ ਕਰਕੇ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ
ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉਪਰ ਆ ਗਿਆ ਹੈ ਜਿਸ ਕਰਕੇ ਪੰਜਾਬ ਵਿੱਚ ਕਿਸੇ
ਵੇਲੇ ਵੀ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਪੰਜਾਬ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਊਣ ਲਈ
ਮਜਬੂਰ ਹਨ। ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦੇ ਨਾਮ ਪਰ
ਟੈਕਸ ਮੰਗ ਰਹੀ ਹੈ ਇਹਨਾਂ ਦੇ ਮਾਨਸਾ ਵਿਖੇ ਆਪਣੇ ਐਕਸਾਈਜ ਐਡ ਟੈਕਸੇਸ਼ਨ ਦਫਤਰ ਦੇ ਅੱਗੇ ਖੜੇ ਗੰਦੇ ਪਾਣੀ ਵਿੱਚੋਂ
ਮਜਬੂਰਨ ਲੋਕਾਂ ਨੂੰ ਲੰਘਣਾ ਪੈ ਰਿਹਾ ਹੈ ਉਹਨਾਂ ਕਿ ਜਦੋਂ ਕਿ ਪੰਜਾਬ ਸਰਕਾਰ ਆਪਣੇ ਦਫਤਰਾਂ ਅੱਗੇ ਹੀ ਸੁਧਾਰ ਨਹੀਂ ਕਰ
ਸਕਦੀ ਤਾਂ ਲੋਕਾਂ ਦਾ ਇਹ ਸਰਕਾਰ ਕੀ ਭਲਾ ਕਰ ਸਕਦੀ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਨੂੰ
ਯਾਦ ਕਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਤੋਂ ਇੱਕ ਸਾਲ ਪਹਿਲਾਂ ਪੰਜਾਬ ਦੇ ਆੜਤੀਆਂ ਨਾਲ ਇਹ ਵਾਅਦਾ
ਕੀਤਾ ਸੀ ਕਿ ਜੋ ਕੇਂਦਰ ਸਰਕਾਰ ਨੇ ਆੜਤੀਆਂ ਦੀ ਆੜਤ 2.50 ਫੀਸਦੀ ਤੋਂ ਘਟਾ ਕੇ ਕਣਕ ਅਤੇ ਜੀਰੀ ਉਪਰ 46
ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ ਉਹ ਕੇਂਦਰ ਸਰਕਾਰ ਕੋਲੋਂ ਮੰਡੀ ਬੋਰਡ ਦੇ ਏ.ਪੀ.ਐਮ.ਐਸ. ਐਕਟ ਮੁਤਾਬਕ 2.50
ਪ੍ਰਤੀਸ਼ਤ ਪੂਰੀ ਦਿਵਾਈ ਜਾਵੇਗੀ। ਉਹਨਾਂ ਇਹ ਵੀ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਪੂਰੀ ਆੜਤ ਨਾਂ ਦਿੱਤੀ ਤਾਂ
ਪੰਜਾਬ ਸਰਕਾਰ ਕਣਕ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲੋਂ ਆੜਤੀਆਂ ਨੂੰ ਪੂਰੀ ਆੜਤ ਦੇਵੇਗੀ। ਪ੍ਰੰਤੂ ਕਣਕ ਦਾ
ਸੀਜਨ ਲੰਘੇ ਨੂੰ ਅੱਜ ਕਈ ਮਹੀਨੇ ਹੋ ਗਏ ਪਰ ਪੰਜਾਬ ਸਰਕਾਰ ਨੇ ਆਪਣਾ ਕੀਤਾ ਵਾਅਦਾ ਅਜੇ ਤੱਕ ਨਹੀਂ ਨਿਭਾਇਆ
ਜਦ ਕਿ ਹਰਿਆਣਾ ਦੀ ਸਰਕਾਰ ਨੇ ਉੱਥੋਂ ਦੇ ਆੜਤੀਆਂ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਉਹਨਾਂ ਦੀ ਪੂਰੀ ਆੜਤ
ਕਰ ਦਿੱਤੀ ਹੈ। ਉਹਨਾਂ ਮੰਗ ਕੀਤੀ ਕਿ ਆੜਤੀਆਂ ਨਾਲ ਕੀਤਾ ਵਾਅਦਾ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
ਉਹਨਾਂ ਪੰਜਾਬ ਸਰਕਾਰ ਦੀ ਇਸ ਪੱਖੋਂ ਵੀ ਅਲੋਚਨਾ ਕੀਤੀ ਕਿ ਸਰਕਾਰ ਨੇ ਸਹੀ ਸਮੇਂ ਤੇ ਹੜ੍ਹਾਂ ਦੇ ਪੁਖਤਾ ਪ੍ਰਬੰਧ
ਨਹੀਂ ਕੀਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਵਿੱਚ ਪਏ ਮੀਂਹ ਕਰਕੇ ਹੜ੍ਹ ਆ ਗਏ ਅਤੇ ਇੱਥੋਂ ਦੇ ਵਸਨੀਕਾਂ ਦਾ
ਬਹੁਤ ਜਿਆਦਾ ਨੁਕਸਾਨ ਹੋ ਗਿਆ, ਲੋਕ ਘਰੋਂ ਬੇ-ਘਰ ਹੋ ਗਏ। ਪਸ਼ੂਆਂ ਦਾ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ। ਪ੍ਰੰਤੂ
ਸਰਕਾਰ ਡਰਾਮੇਬਾਜੀ ਤੋਂ ਬਿਨਾਂ ਕੁਝ ਨਹੀਂ ਕਰ ਰਹੀ। ਉਹਨਾਂ ਪੰਜਾਬ ਸਰਕਾਰ ਨੂੰ ਹਰ ਫਰੰਟ ਤੇ ਫੇਲ ਕਰਾਰ ਦਿੱਤਾ।
ਉਹਨਾਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਉਹ ਵਪਾਰੀਆਂ ਉਪਰ ਲਾਇਆ ਜਜੀਜਾ ਟੈਕਸ ਤੁਰੰਤ ਵਾਪਿਸ ਲਏ।