ਬੁਢਲਾਡਾ 30 ਅਗਸਤ (ਨਾਨਕ ਸਿੰਘ ਖੁਰਮੀ) ਅੱਜ ਬੁਢਲਾਡਾ ਬਲਾਕ ਦੇ ਪਿੰਡ ਕਿਸ਼ਨਗੜ੍ਹ ਵਿੱਚ ਗੁੰਡਾਗਰਦੀ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪਿੰਡ ਦੇ ਚੌਂਕ ਵਿੱਚ ਭਾਰੀ ਇਕੱਠ ਕੀਤਾ ਗਿਆ । ਜਿਸ ਵਿੱਚ ਪਿਛਲੇ ਦਿਨਾਂ ਵਿੱਚ ਜਥੇਬੰਦੀ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਹੋਏ ਕਾਤਲਾਨਾ ਹਮਲੇ ਨੂੰ ਚੁਣੌਤੀ ਵਜੋਂ ਕਬੂਲਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪਿੰਡ ਵਿੱਚ ਘੁੰਮ ਰਹੇ ਬੇਲਗਾਮ ਗੁੰਡਾ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਅਤੇ ਘਟਨਾ ਨਾਲ ਸੰਬੰਧਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ । ਪਿੰਡ ਵਾਸੀਆਂ ਅਤੇ ਜਥੇਬੰਦੀ ਦੇ ਜਿਲ੍ਹੇ ਭਰ ਤੋਂ ਆਏ ਵਰਕਰ ਤੇ ਆਗੂਆਂ ਨੇ ਬੋਲਦਿਆਂ ਐਲਾਨ ਕੀਤਾ ਕਿ ਅਜਿਹੇ ਹਮਲੇ ਕਦਾਚਿਤ ਬਰਦਾਸ਼ਤ ਨਹੀਂ ਕੀਤੇ ਜਾਣਗੇ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਐਲਾਨ ਕੀਤਾ ਕਿ ਲੋਕ ਸ਼ਕਤੀ ਦੇ ਜ਼ੋਰ ‘ਤੇ ਗੁੰਡਾਗਰਦੀ ਦੀਆਂ ਘਟਨਾਵਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਗੁੰਡਾ ਅਨਸਰਾਂ, ਨਸ਼ਾ ਤਸਕਰਾਂ ਅਤੇ ਪੁਲਿਸ- ਸਿਆਸੀ ਗੱਠ ਜੋੜ ਨੂੰ ਲੋਕਾਂ ਦੇ ਇਕੱਠ ਦੇ ਜ਼ੋਰ ‘ਤੇ ਭਾਂਜ ਦਿੱਤੀ ਜਾਵੇਗੀ । ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਅਤੇ ਵਿਸ਼ਾਲ ਰੂਪ ਦਿੱਤਾ ਜਾਵੇਗਾ । ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਆਗੂਆਂ ਭਾਕਿਯੂ ਡਕੌਂਦਾ ਬੁਰਜ ਗਿੱਲ ਦੇ ਲਛਮਣ ਸਿੰਘ ਚੱਕ ਅਲੀਸ਼ੇਰ, ਭਾਕਿਯੂ ਲੱਖੋਵਾਲ ਦੇ ਪਰਸ਼ੋਤਮ ਸਿੰਘ ਗਿੱਲ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਭਾਕਿਯੂ ਆਜ਼ਾਦ ਦੇ ਜਰਨੈਲ ਸਿੰਘ ਕਿਸ਼ਨਗੜ੍ਹ, ਟੀਐਸਯੂ ਦੇ ਜਸਪਾਲ ਬਿੱਟੂ, ਕੁਲ ਹਿੰਦ ਕਿਸਾਨ ਸਭਾ ਦੇ ਸੀਤਾ ਰਾਮ, ਰਾਮ ਲਾਜ ਬਹਾਦਰਪੁਰ ਅਤੇ ਭਾਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਜਗਰਾਜ ਸਿੰਘ ਹਰਦਾਸਪੁਰਾ, ਜਿਲ੍ਹਾ ਮਾਨਸਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ, ਜਨਰਲ ਸਕੱਤਰ ਤਾਰਾ ਚੰਦ ਬਰੇਟਾ ਅਤੇ ਮੱਖਣ ਸਿੰਘ ਭੈਣੀ ਬਾਘਾ ਆਦਿ ਆਗੂਆਂ ਨੇ ਸੰਬੋਧਨ ਕੀਤਾ ।