ਚੰਡੀਗੜ੍ਹ:30 ਅਗਸਤ-
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਦੀਆਂ ਹਜ਼ਾਰਾਂ ਕਾਪੀਆਂ ਨੂੰ ਟੋਆ ਪੁੱਟ ਕੇ ਨਸ਼ਟ ਕਰਨ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ‘ਮਹਾਨ ਕੋਸ਼’ ਨੂੰ ਜਿਸ ਗਲਤ ਤਰੀਕੇ ਨਾਲ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਪੰਜਾਬੀ ਸ਼ਬਦ ਅਤੇ ਸਾਹਿਤ ਦੇ ਨਿਰਾਦਰ ਦਾ ਪ੍ਰਤੀਕ ਹੈ ਅਤੇ ਇਹ ਸਾਹਿਤਕ ਵਿਰਾਸਤ ਦੀ ਬੇਅਦਬੀ ਹੈ।
ਕੇਂਦਰੀ ਸਭਾ ਨੇ ਕਿਹਾ ਕਿ ਇਸ ਘਟਨਾ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀ ਲਾਪਰਵਾਹੀ ਸਪੱਸ਼ਟ ਹੈ, ਜਿਸ ਨੇ ਇਸ ਅਮੁੱਲ ਸਾਹਿਤਕ ਵਿਰਾਸਤ ਦੀ ਸੰਭਾਲ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਸਭਾ ਮੰਗ ਕਰਦੀ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣ। ਨਾਲ ਹੀ, ਵਿਦਵਾਨਾਂ ਦੀ ਕਮੇਟੀ ਗਠਿਤ ਕਰ ਕੇ ‘ਮਹਾਨ ਕੋਸ਼’ ਦੀਆਂ ਗਲਤੀਆਂ ਨੂੰ ਸੁਧਾਰ ਕੇ ਇਸ ਨੂੰ ਮੁੜ ਛਾਪਣ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਪੰਜਾਬੀ ਸਾਹਿਤ ਦੀ ਇਸ ਅਮੁੱਲ ਧਰੋਹਰ ਨੂੰ ਸੰਭਾਲਿਆ ਜਾ ਸਕੇ