ਭੀਖੀ, 22 ਅਗਸਤ
ਸਥਾਨਕ ਕਸਬੇ ਦੇ ਵਾਰਡ ਨੰਬਰ 8 ਦੇ ਵਸਨੀਕ ਪ੍ਰਿੰਸ ਕੁਮਾਰ ਪੁੱਤਰ ਸੁਰੇਸ਼ ਕੁਮਾਰ ਨੇ ਨੀਟ ਵੱਲੋਂ ਐਲਾਨ ਕੀਤੇ ਨਤੀਜੇ ਵਿੱਚ ਕੈਟਾਗਰੀ 388 ਰੈਂਕ ਪ੍ਰਾਪਤ ਕਰਕੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਤੇ ਲੋਕ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਰਜਿ. ਪੰਜਾਬ ਵੱਲੋਂ ਪ੍ਰਿੰਸ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਪ੍ਰਿੰਸ ਕੁਮਾਰ ਦੇ ਦਾਦਾ ਹਰਫੂਲ ਸਿੰਘ ਸੇਵਾਮੁਕਤ ਅਧਿਆਪਕ ਤੇ ਉਸਦੇ ਪਿਤਾ ਕਬਾੜ ਦੀ ਫੇਰੀ ਦਾ ਕੰਮ ਕਰਦੇ ਹਨ।
ਪ੍ਰਿੰਸ ਕੁਮਾਰ ਦੇ ਪਿਤਾ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਬੇਟੇ ਨੇ ਬਾਰਵੀਂ ਤੱਕ ਦੀ ਪੜ੍ਹਾਈ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਤੋਂ ਕਰਨ ਬਾਅਦ ਨੀਟ ਦੀ ਤਿਆਰੀ ਰਾਜਸਥਾਨ ਤੋਂ ਕੀਤੀ ਸੀ, ਹੁਣ ਭਾਰਤ ਵਿੱਚੋਂ ਐਸ.ਸੀ. ਕੈਟਾਗਰੀ 388 ਰੈਂਕ ਪ੍ਰਾਪਤ ਕਰਕੇ ਏਮਜ ਬਠਿੰਡਾ ਵਿਖੇ ਸੀਟ ਪ੍ਰਾਪਤ ਕੀਤੀ ਹੈ। ਜੋ ਉਹਨਾਂ ਲਈ ਬਹੁਤ ਵੱਡੀ ਪ੍ਰਾਪਤੀ ਹੈ।
ਇਸ ਸਮੇਂ ਕਹਾਣੀਕਾਰ ਭੁਪਿੰਦਰ ਫੌਜੀ ਨੇ ਕਿਹਾ ਕਿ ਪ੍ਰਿੰਸ ਕੁਮਾਰ ਨੇ ਲਗਨ ਅਤੇ ਮਿਹਨਤ ਸਦਕਾ ਜੋ ਮੁਕਾਮ ਹਾਸਲ ਕੀਤਾ ਹੈ, ਭੀਖੀ ਕਸਬੇ ਲਈ ਮਾਣ ਵਾਲੀ ਗੱਲ ਹੈ, ਆਸ ਕੀਤੀ ਜਾ ਸਕਦੀ ਹੈ ਕਿ ਉਹ ਭਵਿੱਖ ਵਿੱਚ ਹੋਰ ਮੱਲਾਂ ਮਾਰੇਗਾ। ਉਸਦਾ ਸਨਮਾਨ ਕਰਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ।
ਪ੍ਰਿੰਸ ਕੁਮਾਰ ਦਾ ਕਹਿਣਾ ਹੈ ਕਿ ਉਹ ਜਿੱਥੇ ਸਮੁੱਚੇ ਲੋਕਾਂ ਦੀ ਭਲਾਈ ਲਈ ਕਾਰਜ ਕਰੇਗਾ, ਉਥੇ ਹੀ ਗਰੀਬ ਤੇ ਲਾਚਾਰ ਲੋਕਾਂ ਲਈ ਹਮੇਸ਼ਾ ਤਨੋ-ਮਨੋ ਸੇਵਾਵਾਂ ਦੇਵੇਗਾ। ਉਸਨੇ ਕਿਹਾ ਕਿ ਅਗਲੇਰੀ ਪੜ੍ਹਾਈ ਲਈ ਵੀ ਪੂਰੀ ਮਿਹਨਤ ਕਰੇਗਾ।
ਇਸ ਮੌਕੇ ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਰਜਿ. ਪੰਜਾਬ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ, ਮਾਸਟਰ ਜਗਜੀਵਨ ਸਿੰਘ, ਰਾਜੇਸ਼ ਕੁਮਾਰ, ਰਮੇਸ਼ ਕੁਮਾਰ, ਪ੍ਰਿੰਸ ਦੇ ਮਾਤਾ ਗੀਤਾ ਰਾਣੀ, ਸਾਹਿਬਦੀਪ ਸਿੰਘ ਅਤੇ ਵਿਸ਼ਵਦੀਪ ਕੌਰ ਹਾਜ਼ਰ ਸਨ।
ਮਿਹਨਤਕਸ਼ ਪਰਿਵਾਰ ਦੇ ਬੱਚੇ ਨੇ ਪਾਸ ਕੀਤਾ ਨੀਟ ਦਾ ਪੇਪਰ

Leave a comment