ਮਾਨਸਾ, 21 ਅਗਸਤ (ਨਾਨਕ ਸਿੰਘ ਖੁਰਮੀ)
ਪੰਜਾਬ ਭਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਚਲਾਈ ਮੁਹਿੰਮ ਨੂੰ ਸੂਬਾ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਾਨਸਾ ਜ਼ਿਲ੍ਹੇ ਵਿੱਚ ਪੁਲਿਸ ਨੇ ਕੈਂਪਾਂ ਨੂੰ ਰੋਕ ਕੇ ਸੈਂਕੜੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਰ ਇਸ ਕਾਰਵਾਈ ਦੇ ਵਿਰੋਧ ਵਜੋਂ ਸੂਬਾ ਮੀਤ ਪ੍ਰਧਾਨ ਸ. ਜਗਦੀਪ ਸਿੰਘ ਨਕਈ ਨੇ ਕੜੇ ਸ਼ਬਦਾਂ ਵਿੱਚ ਸਰਕਾਰ ਨੂੰ ਘੇਰਦਿਆਂ ਸਾਫ਼ ਕਿਹਾ ਕਿ ਪੰਜਾਬ ਸਰਕਾਰ ਬੀਜੇਪੀ ਦੀ ਵਧਦੀ ਲੋਕਪ੍ਰਿਯਤਾ ਤੋਂ ਬੁਖਲਾਈ ਹੋਈ ਹੈ।
ਨਕੱਈ ਨੇ ਕਿਹਾ ਕਿ –
“ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕ-ਭਲਾਈ ਯੋਜਨਾਵਾਂ ਨਾਲ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਸਿੱਧਾ ਫਾਇਦਾ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਲੋਕ ਬੀਜੇਪੀ ਨਾਲ ਜੁੜ ਰਹੇ ਹਨ। ਪਰ ਸੂਬਾ ਸਰਕਾਰ ਲੋਕਾਂ ਦਾ ਹੱਕ ਰੋਕ ਕੇ ਲੋਕ ਵਿਰੋਧੀ ਨੀਤੀ ਅਪਣਾ ਰਹੀ ਹੈ।”
ਉਨ੍ਹਾਂ ਨੇ ਦੱਸਿਆ ਕਿ ਪਿੰਡ ਬੀਰੋਕੇ ਕਲਾਂ ਅਤੇ ਨੰਦਗੜ੍ਹ (ਸਰਦੂਲਗੜ੍ਹ) ਵਿੱਚ ਲੱਗ ਰਹੇ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਉਹ ਖੁਦ ਜਾ ਰਹੇ ਸਨ ਪਰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਕੇ ਕੈਂਪ ਸਥਾਨ ਤੱਕ ਨਹੀਂ ਜਾਣ ਦਿੱਤਾ। “ਮੇਰੀ ਹਾਜ਼ਰੀ ਰੋਕਣ ਨਾਲ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਤੋਂ ਡਰਦੀ ਹੈ, ਕਿਉਂਕਿ ਇਹ ਲੋਕਾਂ ਵਿੱਚ ਬੀਜੇਪੀ ਦਾ ਗ੍ਰਾਫ ਦਿਨੋਂ ਦਿਨ ਵਧਾ ਰਹੀਆਂ ਹਨ।
ਸੂਬਾ ਮੀਤ ਪ੍ਰਧਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਰੁਕਾਵਟ ਬੀਜੇਪੀ ਨੂੰ ਲੋਕਾਂ ਤੱਕ ਕੇਂਦਰੀ ਸਕੀਮਾਂ ਪਹੁੰਚਾਉਣ ਤੋਂ ਨਹੀਂ ਰੋਕ ਸਕਦੀ। ਉਹਨਾਂ ਨੇ ਕਿਹਾ ਕਿ –
“ਸਰਕਾਰ ਦੇ ਧੱਕੇ ਨਾਲ ਨਹੀਂ ਰੁਕਣਗੇ, ਸਾਡਾ ਮਿਸ਼ਨ ਗਰੀਬਾਂ ਅਤੇ ਲੋੜਵੰਦਾਂ ਤੱਕ ਮੋਦੀ ਜੀ ਦੀਆਂ ਯੋਜਨਾਵਾਂ ਪਹੁੰਚਾਉਣ ਦਾ ਹੈ ਅਤੇ ਇਹ ਕੰਮ ਹਰ ਹਾਲਤ ਵਿੱਚ ਪੂਰਾ ਕਰਾਂਗੇ।”
ਦੱਸਣਾ ਯੋਗ ਹੈ ਕਿ ਸੂਬੇ ਭਰ ਵਿੱਚ ਹੋਈ ਕਾਰਵਾਈ ਦੌਰਾਨ 1000 ਤੋਂ ਵੱਧ ਬੀਜੇਪੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਸਿਰਫ਼ ਮਾਨਸਾ ਜ਼ਿਲ੍ਹੇ ਵਿੱਚ ਹੀ 200 ਤੋਂ ਵੱਧ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਕਈ ਦੀ ਲੀਡਰਸ਼ਿਪ ਹੇਠ ਬੀਜੇਪੀ ਦਾ ਪਿੰਡ ਪੱਧਰ ‘ਤੇ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਸਰਕਾਰ ਹੜਬੜਾਹਟ ਵਿੱਚ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ।