ਮਾਨਸਾ 20 ਅਗਸਤ (ਨਾਨਕ ਸਿੰਘ ਖੁਰਮੀ)
– ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿੱਚ ਤੀਜੀ ਤੋਂ ਛੇਵੀਂ ਜਮਾਤ ਦੇ ਬੱਚਿਆਂ ਲਈ ਟੈਲੈਂਟ ਹੰਟ ਸ਼ੋ ਕਰਵਾਇਆ ਗਿਆ। ਇਸ ਵਿੱਚ ਬੱਚਿਆਂ ਨੇ ਕਹਾਣੀ ਸੁਣਾਉਣ, ਕਵਿਤਾ, ਹਾਸੇ-ਮਜ਼ਾਕ, ਅਤੇ ਫੈਂਸੀ ਡ੍ਰੈੱਸ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣਾ ਕਲਾ- ਹੁਨਰ ਵਿਖਾ ਕੇ ਸਭ ਨੂੰ ਮੋਹ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਦੀਵਾ ਜਲਾ ਕੇ ਕੀਤੀ। ਉਸ ਤੋਂ ਬਾਅਦ ਰੰਗ-ਬਰੰਗੀਆਂ ਪੇਸ਼ਕਾਰੀਆਂ ਨਾਲ ਮਾਹੌਲ ਰੌਣਕਾਂ ਨਾਲ ਭਰ ਗਿਆ।
ਛੋਟੇ ਬੱਚਿਆਂ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਭਰੋਸੇ ਨਾਲ ਆਪਣਾ ਟੈਲੈਂਟ ਵਿਖਾਇਆ। ਇਸ ਮੁਕਾਬਲੇ ਦਾ ਮੰਤਵ ਬੱਚਿਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦੇਣਾ ਤੇ ਉਹਨਾਂ ਵਿੱਚ ਆਤਮਵਿਸ਼ਵਾਸ ਪੈਦਾ ਕਰਨਾ ਸੀ।
ਪ੍ਰਿੰਸੀਪਲ ਨੇ ਕਿਹਾ ਕਿ ਹਰ ਬੱਚੇ ਵਿੱਚ ਕੋਈ-ਨਾ-ਕੋਈ ਖ਼ਾਸ ਹੁਨਰ ਹੁੰਦਾ ਹੈ, ਸਿਰਫ਼ ਉਸਨੂੰ ਪਛਾਣ ਕੇ ਸਹੀ ਦਿਸ਼ਾ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਬੱਚਿਆਂ ਦੀ ਮਿਹਨਤ ਦੀ ਤਾਰੀਫ਼ ਕੀਤੀ ਅਤੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ, ਜਦਕਿ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ।