ਸੂਬਾ ਪੱਧਰੀ ਚੇਤਨਾ ਪ੍ਰੀਖਿਆ 29 ਤੇ 31 ਅਗਸਤ ਨੂੰ _ਤਰਕਸੀਲ ਸੁਸਾਇਟੀ ਪੰਜਾਬ
ਮਾਨਸਾ 19 ਅਗਸਤ (ਨਾਨਕ ਸਿੰਘ ਖੁਰਮੀ)- ਤਰਕਸ਼ੀਲ ਸੁਸਾਇਟੀ ਪੰਜਾਬ ਵਿਗਿਆਨਕ ਚੇਤਨਾ ਦਾ ਪ੍ਰਚਾਰ ਕਰਨ ਵਾਲੀ ਇਕ ਅਜਿਹੀ ਸੰਸਥਾ ਹੈ ਜਿਹੜੀ ਲੰਮੇ ਸਮੇਂ ਤੋਂ ਸਮਾਜ ਵਿੱਚ ਪ੍ਰਚਲਤ ਅੰਧਵਿਸ਼ਵਾਸਾਂ ,ਵਹਿਮ -ਭਰਮਾਂ ਤੇ ਪਿਛਾਂਹ ਖਿੱਚੂ ਸੰਸਕਾਰਾਂ ਤੇ ਰਸਮੋ ਰਿਵਾਜਾਂ ਦੇ ਖਾਤਮੇ ਲਈ ਯਤਨਸ਼ੀਲ਼ ਹੈ ।ਸੁਸਾਇਟੀ ਵੱਲੋਂ ਆਪਣੇ ਇਸ ਕਾਰਜ ਦੀ ਪੂਰਤੀ ਲਈ ਦੋ ਮਾਸਿਕ ਮੈਗਜ਼ੀਨ ( ਪੰਜਾਬੀ ਤੇ ਹਿੰਦੀ )ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜਿਸ ਵਿਚ ਪਾਠਕਾਂ ਲਈ ਦੋ ਮਹੀਨਿਆਂ ਵਿੱਚ ਵਾਪਰਨਾ ਵਾਲੀਆਂ ਘਟਨਾਵਾਂ ਦੇ ਵਰਨਣ ਤੋਂ ਇਲਾਵਾ ਮਨੋਵਿਗਿਆਨ ਸਿਹਤ ਸਿੱਖਿਆ ਤੇ ਸੰਸਾਰ ਪੱਧਰ ਦੀਆਂ ਵਿਗਿਆਨਕ ਖੋਜਾਂ ਬਾਰੇ ਪੜ੍ਹਨਯੋਗ ਰਚਨਾਵਾਂ ਹੁੰਦੀਆਂ ਹਨ। ਸੁਸਾਇਟੀ ਵੱਲੋਂ ਹੁਣ ਤਕ 50 ਦੇ ਕਰੀਬ ਪੁਸਤਕਾਂ ਛਾਪੀਆਂ ਜਾ ਚੁੱਕੀਆਂ ਹਨ। ਇਹਨਾਂ ਪੁਸਤਕਾਂ ਦੇ ਚਾਨਣ ਨੂੰ ਹਰੇਕ ਸਕੂਲ ,ਕਾਲਜ ,ਪਿੰਡ, ਸ਼ਹਿਰ ਤਕ ਪੁਜਦਾ ਕਰਨ ਲਈ ਤਰਕਸ਼ੀਲ ਸਾਹਿਤ ਵੈਨ ਅਗਸਤ ਦੇ ਅਖੀਰਲੇ ਹਫਤੇ ਵਿੱਚ ਸਾਹਿਤ ਵੰਡ ਚੱਕਰ ਲਗਾਵੇਗੀ । ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਪਿਛਲੇ 7 ਸਾਲਾਂ ਤੋਂ ਹਰ ਸਾਲ ਇਕ ਪ੍ਰੀਖਿਆ ਲਈ ਜਾਂਦੀ ਹੈ ,ਜਿਸ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਵਿਦਿਆਰਥੀਆਂ ਭਾਗ ਲੈਂਦੇ ਹਨ।ਇਸ ਲਈ ਤਰਕਸ਼ੀਲ ਸੁਸਾਇਟੀ ਮਿਡਲ ਅਤੇ ਇਸ ਤੋਂ ਉੱਪਰਲੀਆਂ ਸ਼੍ਰੇਣੀਆਂ ਲਈ ਵੱਖ ਵੱਖ ਪੁਸਤਕਾਂ ਛਾਪਦੀ ਹੈ ,ਜਿਨ੍ਹਾਂ ਵਿੱਚ ਅੰਧਵਿਸ਼ਵਾਸ ਅਤੇ ਵਹਿਮਾਂ- ਭਰਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਅਪਨਾਉਣ ਲਈ ਸੇਧ ਦੇਣ ਵਾਲੇ ਪਾਠ ਹੁੰਦੇ ਹਨ। ਇਨ੍ਹਾਂ ਵਿੱਚ ਉਨ੍ਹਾਂ ਵਿਗਿਆਨੀਆਂ, ਸ਼ਹੀਦਾਂ ,ਚਿੰਤਕਾਂ ਨਾਲ ਜਾਣ ਪਛਾਣ ਕਰਵਾਈ ਜਾਂਦੀ ਹੈ ,ਜਿਨ੍ਹਾਂ ਨੇ ਇਸ ਧਰਤੀ ਉੱਤੇ ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣੀਆਂ ਜ਼ਿੰਦਗੀਆਂ ਅਰਪਣ ਕਰ ਦਿੱਤੀਆਂ।ਇਸ ਪੁਸਤਕ ਵਿੱਚ ਸਹੀ ਖਾਣ ਪੀਣ, ਮਾਨਸਿਕ ਤੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਬੁਰੀਆਂ ਆਦਤਾਂ ਤੋਂ ਬਚਣ ਸਬੰਧੀ ਵੀ ਲਿਖਤਾਂ ਹੁੰਦੀਆ ਹਨ!
ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਵਿਦਿਆਰਥੀ ਸਿਲੇਬਸ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਸੰਸਾਰ ਅੰਦਰ ਵਾਪਰਨ ਵਾਲ਼ੇ ਹੋਰ ਵਰਤਾਰਿਆਂ ਬਾਰੇ ਸਹੀ ਜਾਣਕਾਰੀ ਹਾਸਲ ਕਰਦੇ ਹਨ।ਜੋਨ ਜਥੇਬੰਦਕ ਮੁਖੀ ਅੰਮਿ੍ਤ ਰਿਸੀ,ਤਰਕਸ਼ੀਲ ਆਗੂ ਮਾ.ਲੱਖਾ ਸਿੰਘ ਸਹਾਰਨਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਵਾਰ ਸੂਬਾ ਪੱਧਰੀ ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ 29 ਤੇ 31ਅਗਸਤ ਨੂੰ ਲਈ ਜਾਵੇਗੀ।ਸਕੂਲਾਂ ਵਿੱਚ ਇਸਦੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ,ਇਸ ਸਾਲ ਇਹ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਹੈ।ਇਸ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੱਖਾਂ ਰੁਪਏ ਦੀਆਂ ਅਗਾਂਹ ਵਧੂ ਵਿਚਾਰਾਂ ਵਾਲੀਆਂ ਪੁਸਤਕਾਂ ਇਨਾਮ ਵਿੱਚ ਦਿਤੀਆਂ ਜਾਣਗੀਆਂ ਅਤੇ ਪੰਜਾਬ ਪੱਧਰ ਤੇ ਸਿਖਰਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਵਿਦਿਆਰਥੀਆਂ ਕੋਲੋਂ ਪੁਸਤਕ ਦੀ ਲਾਗਤ ਕੀਮਤ ਚਾਲੀ ਰੁਪਏ ਹੀ ਲਈ ਜਾਵੇਗੀ।ਇਸ ਕਾਰਜ ਲਈ ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ,ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਪਹਿਲ ਕਰਦਿਆਂ ਰਲ ਮਿਲ ਕੇ ਭਰਮ ਮੁਕਤ ,ਲੁੱਟ -ਖਸੁੱਟ ਰਹਿਤ ,ਚੰਗੀਆਂ ਕਦਰਾਂ ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।