ਬੁਢਲਾਡਾ , 17 ਅਗਸਤ: (ਨਾਨਕ ਸਿੰਘ ਖੁਰਮੀ) ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਆਪਣੇ 54 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਿਚ ਲਗਾਤਾਰ ਬੁਲੰਦੀਆਂ ਛੂਹੀਆਂ ਹਨ। ਇਨ੍ਹਾਂ ਵਰ੍ਹਿਆਂ ਦੌਰਾਨ ਸੰਸਥਾ ਨੂੰ ਪੰਜਾਬ ਸਰਕਾਰ, ਭਾਰਤ ਸਰਕਾਰ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਅਤੇ ਹੋਰ ਸਰਕਾਰੀ/ਗੈਰ ਸਰਕਾਰੀ ਅਦਾਰਿਆਂ ਤੋਂ ਮਾਣ ਸਨਮਾਨ ਮਿਲੇ ਹਨ। ਇਹ ਇਲਾਕੇ ਲਈ ਹੀ ਨਹੀਂ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਅਜ਼ਾਦੀ ਦਿਹਾੜੇ ਮੌਕੇ ਸੰਸਥਾ ਨੂੰ ਬੁਢਲਾਡਾ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਕਾਲਜ ਵੱਲੋਂ ਕਰਵਾਈਆਂ ਜਾਂਦੀਆਂ ਸਾਹਿਤਕ, ਸੱਭਿਆਚਾਰਕ, ਖੇਡ, ਐੱਨ.ਸੀ.ਸੀ., ਐੱਨ.ਐੱਸ.ਐੱਸ., ਅਕਾਦਮਿਕ ਅਤੇ ਹੋਰ ਸਹਿ ਗਤੀਵਿਧੀਆਂ ਕਰਨ ਲਈ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸੰਸਥਾ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਸਨਮਾਨ ਹੈ। ਇਹ ਸਿਰਫ ਕਾਲਜ ਲਈ ਹੀ ਨਹੀਂ, ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਸੰਸਥਾ ਵੱਲੋਂ ਸ. ਗਗਨਦੀਪ ਸਿੰਘ, ਉਪ ਮੰਡਲ ਮਜਿਸਟ੍ਰੇਟ ਬੁਢਲਾਡਾ (ਐੱਸ.ਡੀ.ਐੱਮ) ਅਤੇ ਸ. ਕੁਲਵੰਤ ਸਿੰਘ ਧੂਰੀ (ਆਈ.ਏ.ਐੱਸ), ਡਿਪਟੀ ਕਮਿਸ਼ਨਰ ਮਾਨਸਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਡੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦਿਆਂ ਸਨਮਾਨਿਤ ਕੀਤਾ ਹੈ। ਇਹ ਸਨਮਾਨ ਸਾਨੂੰ ਅੱਗੇ ਤੋਂ ਹੋਰ ਗਤੀਵਿਧੀਆਂ ਕਰਨ ਲਈ ੳੇੁਤਸ਼ਾਹਿਤ ਕਰੇਗਾ।
ਉਨ੍ਹਾਂ ਦੱਸਿਆ ਕਿ ਅੱਜ ਪ੍ਰੋ. ਕੁਲਬੀਰ ਸਿੰਘ ਦੀ ਨਿਗਰਾਨੀ ਵਿਚ ਐਨ.ਸੀ.ਸੀ. ਕੈਡਿਟਸ ਨੇ ਸਥਾਨਕ ਆਈ.ਟੀ.ਆਈ. ਸਟੇਡੀਅਮ ਵਿਖੇ ਕਰਵਾਈ ਗਈ ਪਰੇਡ ਵਿੱਚ ਹਿੱਸਾ ਲਿਆ ਅਤੇ ਪਰੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਸੈਸ਼ਨ ਵਿੱਚ ਵੱਡੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਸੈਸ਼ਨ ਵਿੱਚ ਵੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ ਵੱਖ ਗਤੀਵਿਧੀਆਂ ਕਰਵਾਵਾਂਗੇ। ਅਜਿਹੀਆਂ ਗਤੀਵਿਧੀਆਂ ਨਾਲ ਨੌਜਵਾਨ ਵਰਗ ਵਿੱਚ ਜਾਗਰੂਕਤਾ ਆਉਂਦੀ ਹੈ। ਇਹ ਸਨਮਾਨ ਤਹਿਸੀਲ ਪੱਧਰ ਤੇ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਅਤੇ ਜ਼ਿਲ੍ਹਾ ਪੱਧਰ ਤੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਪ੍ਰਾਪਤ ਕੀਤਾ।