*ਬੀਐੱਸਐੱਫ ਨੇ ਵੀ ਲੋਕਾਂ ਨੂੰ ਕੀਤਾ ਨਸ਼ਿਆਂ ਬਾਰੇ ਜਾਗਰੂਕ*
*ਆਖਰੀ ਦਿਨ ਬੀਓਪੀ ਫਤਿਹਪੁਰ ਤੇ ਅਟਾਰੀ- ਵਾਹਗਾ ਸਰਹੱਦ ‘ਤੇ ਪ੍ਰੋਗਰਾਮ ਦਾ ਆਯੋਜਨ*
*ਅੰਮ੍ਰਿਤਸਰ*
*16/8/2025*
ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦਾ ਆਖਰੀ ਦਿਨ ਅੱਜ ਅਟਾਰੀ ਵਾਹਗਾ ਸਰਹੱਦ ‘ਤੇ ਮਨਾਇਆ ਗਿਆ। ਇਸ ਮੌਕੇ ‘ਤੇ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਨਸ਼ਿਆਂ ਦੇ ਘਾਤਕ ਪ੍ਰਭਾਵਾਂ, ਤਸਕਰੀ ਦੇ ਖ਼ਤਰੇ ਅਤੇ ਨਸ਼ਿਆਂ ਨਾਲ ਜੁੜੇ ਸਮਾਜਿਕ-ਆਰਥਿਕ ਨੁਕਸਾਨਾਂ ਨੂੰ ਜੀਵੰਤ ਢੰਗ ਨਾਲ ਦਰਸਾਇਆ ਗਿਆ। ਐਨ.ਸੀ.ਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰ ਪੱਛਮੀ ਖੇਤਰ) ਸੰਬਿਤ ਮਿਸ਼ਰਾ ਅਤੇ ਐਡੀਸ਼ਨਲ ਡਾਇਰੈਕਟਰ ਸ਼ਾਂਤੇਸ਼ਵਰ ਸਵਾਮੀ ਇਸ ਪ੍ਰੋਗਰਾਮ ਵਿੱਚ ਖ਼ਾਸ ਤੌਰ ‘ਤੇ ਮੌਜੂਦ ਰਹੇ।
ਆਖਰੀ ਦਿਨ ਬੀਐਸਐਫ ਦੇ ਸਹਿਯੋਗ ਨਾਲ ਕੁੱਲ ਦੋ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਪਹਿਲਾ ਪ੍ਰੋਗਰਾਮ ਬੀਓਪੀ ਫਤਿਹਪੁਰ ਅਤੇ ਦੂਜਾ ਪ੍ਰੋਗਰਾਮ ਅਟਾਰੀ ਵਾਹਗਾ ਸਰਹੱਦ ‘ਤੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ, ਮਾਨਸ ਪੋਰਟਲ, ਨਸ਼ਿਆਂ ਦੀ ਗੈਰ-ਕਾਨੂੰਨੀ ਤਸਕਰੀ ਅਤੇ 1933 ਹੈਲਪਲਾਈਨ ਆਦਿ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਐਨਸੀਬੀ ਦੇ ਮੁੱਖ ਬੁਲਾਰੇ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ, ਵਾਰਡਾਂ, ਗਲੀ, ਮੁਹੱਲਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਾ ਤਸਕਰਾਂ ਸਬੰਧੀ ਪ੍ਰਸਾਸ਼ਨ ਦਾ ਸਾਥ ਦੇਣ ਤਾਂ ਜੋ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਿੰਡਾਂ, ਸ਼ਹਿਰਾਂ ਦੇ ਪਹਿਰੇਦਾਰ ਵਜੋਂ ਕੰਮ ਕਰਕੇ ਨਸ਼ਿਆਂ ‘ਚ ਗ੍ਰਸਤ ਲੋਕਾਂ ਦੇ ਇਲਾਜ ਤੇ ਮੁੜ ਵਸੇਬੇ ਲਈ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਜਿਉਣ ਦਾ ਮੌਕਾ ਦਿੱਤਾ ਜਾ ਸਕੇ।
ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੇ ਯਾਤਰੀ, ਸੈਲਾਨੀ ਅਤੇ ਸਥਾਨਕ ਲੋਕ ਸ਼ਾਮਲ ਹੋਏ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਨੁੱਕੜ ਨਾਟਕ ਨੇ ਦਰਸ਼ਕਾਂ ਨੂੰ ਡੂੰਘਾਈ ਨਾਲ ਝੰਝੋੜਿਆ ਅਤੇ ਨਸ਼ਾ ਵਿਰੋਧੀ ਸੁਨੇਹੇ ਨੂੰ ਉਨ੍ਹਾਂ ਤੱਕ ਸਿੱਧੇ ਤੇ ਸਧਾਰਨ ਢੰਗ ਨਾਲ ਪਹੁੰਚਾਇਆ।
ਮੁਹਿੰਮ ਦੌਰਾਨ ਪਿਛਲੇ ਕਈ ਦਿਨਾਂ ਵਿੱਚ ਦੇਸ਼ ਭਰ ਦੇ ਵੱਖੋ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਨੁੱਕੜ ਨਾਟਕ, ਸੈਮੀਨਾਰਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਹਰ ਥਾਂ ਲੋਕਾਂ ਨੇ ਇਸ ਅਹਿਦ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਅੰਦੋਲਨ ਬਣਾਉਣ ਦਾ ਸੰਕਲਪ ਕੀਤਾ। ਅਟਾਰੀ ਸਰਹੱਦ ‘ਤੇ ਹੋਏ ਅੰਤਿਮ ਨੁੱਕੜ ਨਾਟਕ ਵਿੱਚ ਖ਼ਾਸ ਤੌਰ ‘ਤੇ ਦਰਸਾਇਆ ਗਿਆ ਕਿ ਨਸ਼ਾ ਤਸਕਰੀ ਦੇਸ਼ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ ਅਤੇ ਇਸਦੇ ਰੋਕਥਾਮ ਲਈ ਸਾਰੇ ਨਾਗਰਿਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਸਮਾਪਨ ਮੌਕੇ ਅਧਿਕਾਰੀਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ ਕਿਸੇ ਇਕ ਅਦਾਰੇ ਜਾਂ ਸਰਕਾਰੀ ਵਿਭਾਗ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵਿਰੋਧੀ ਸੁਨੇਹੇ ਨੂੰ ਘਰ-ਘਰ ਤੱਕ ਲੈ ਜਾਣ ਅਤੇ ਨਵੀਂ ਪੀੜ੍ਹੀ ਨੂੰ ਨਸ਼ਾ ਮੁਕਤ ਭਵਿੱਖ ਦੇਣ ਵਿੱਚ ਆਪਣਾ ਯੋਗਦਾਨ ਪਾਉਣ।