ਮਾਨਸਾ, 13 ਅਗਸਤ:(ਨਾਨਕ ਸਿੰਘ ਖੁਰਮੀ)
ਅਮਰੀਕਾ ਸਰਕਾਰ ਅਤੇ ਭਾਰਤ ਸਰਕਾਰ ਦਰਮਿਆਨ ਕੀਤੇ ਜਾ ਰਹੇ ਟੈਕਸ ਮੁਕਤ ਵਪਾਰਕ ਸਮਝੌਤੇ ਦੇ ਖਿਲਾਫ ਰੋਸ ਵਜੋਂ ਅੱਜ ਮਾਨਸਾ ਜਿਲ੍ਹਾ ਕਚਹਿਰੀਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਮਰੀਕਾ ਦੇ ਰਾਸਟਰਪਤੀ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆ ਸਾੜ ਕੇ ਦੋਵੇਂ ਸਰਕਾਰਾਂ ਖਿਲਾਫ ਸਖਤ ਨਾਰੇਬਾਜੀ ਕੀਤੀ। ਦੋਵੇਂ ਮਹਾਰਥੀਆਂ ਦੀਆ ਅਰਥੀਆਂ ਨੂੰ ਅੱਗ ਲਾਉਂਣ ਤੋਂ ਪਹਿਲਾ ਜੁੜੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਹਿੰਦੁਸੰਤਾਨ ਦੀ ਸਰਕਾਰ ਅਮਰੀਕਾ ਸਰਕਾਰ ਦੇ ਥੱਲੇ ਲੱਗ ਕੇ ਕਰਨ ਜਾ ਰਹੀ ਸਮਝੌਤਿਆਂ ਨਾਲ ਦੇਸ਼ ਨੂੰ ਤਬਾਹੀ ਵੱਲ ਧੱਕੇਗੀ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਮਰੀਕਾ ਸਰਕਾਰ ਵੱਲੋਂ ਲਿਆਂਦੀ ਟੈਕਸ ਮੁਕਤ ਨੀਤੀ ਤੋਂ ਪਾਸਾ ਨਾ ਵੱਟ ਕੇ ਇਸ ਨੂੰ ਲਾਗੂ ਕੀਤਾ ਤਾਂ ਕਿਸਾਨ ਕਿੱਤੇ ਦਾ ਮੁਕੰਮਲ ਖਾਤਮਾ ਹੋ ਜਾਵੇਗਾ। ਸਮਝੌਤਾ ਹੋਣ ਤੋਂ ਬਾਅਦ ਦੇਸ਼ ਵਿੱਚ ਆਟਾ ਚੌਲ ਇਸ ਤੋਂ ਬਣੀਆ ਵਸਤਾਂ ਅਤੇ ਇਸੇ ਤਰ੍ਹਾ ਦੁੱਧ ਤੋਂ ਬਣੀਆਂ ਵਸਤਾਂ, ਅੰਡੇ, ਮੀਟ ਦਾ ਸਸਤੀਆਂ ਦਰ੍ਹਾਂ ਤੇ ਹਿੰਦੁਸੰਤਾਨ ਦੀਆਂ ਮੰਡੀਆਂ ਵਿੱਚ ਹੜ ਆ ਜਾਵੇਗਾ। ਜਿਸ ਨਾਲ ਖੇਤੀ, ਡੇਅਰੀ ਦਾ ਧੰਦਾ ਅਤੇ ਪੋਲਟਰੀ ਫਾਰਮ ਹਵਾ ਵਿੱਚ ਉੱਡ ਜਾਣਗੇ ਜਦੋਂ ਕਿਸਾਨਾਂ ਦੇ ਸਾਰੇ ਕਾਰੋਬਾਰ ਫੇਲ ਹੋਣਗੇ ਤਾਂ ਸਾਮਰਾਜੀ ਕੰਪਨੀਆਂ ਦੀ ਮਨੋਪਲੀ ਹੋਵੇਗੀ ਫਿਰ ਖਪਤਕਾਰਾਂ ਦੀ ਸਿੱਲ ਮਹਿੰਗਾ ਸਮਾਨ ਵੇਚ ਕੇ ਲਾਹੀ ਜਾਵੇਗੀ। ਜਦੋਂ ਕਿ ਕਿਸਾਨ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਪਹਿਲਾ ਹੀ ਕਰਜੇ ਦੀਆਂ ਭਾਰੀ ਪੰਡਾ ਹੇਠਾ ਦੱਬ ਕੇ ਰਹਿ ਗਿਆ ਹੈ। ਹਰ ਰੋਜ਼ ਕਰਜੇ ਅਤੇ ਆਰਥਿਕ ਤੰਗੀਆਂ ਤੋਂ ਤੰਗ ਆ ਕੇ ਖੁਦਕੁਸੀਆ ਕਰ ਰਹੇ ਹਨ। ਫਸਲਾਂ ਪਹਿਲਾਂ ਹੀ ਘਾਟੇ ਦਾ ਸੌਦਾ ਬਣ ਕੇ ਰਹਿ ਗਈਆਂ ਹਨ। ਲੋੜ ਤਾਂ ਕਿਸਾਨਾਂ ਮਜ਼ਦੂਰਾਂ ਦੇ ਸਿਰ ਚੜੇ ਕਰਜੇ ਖਤਮ ਕਰਕੇ ਖੇਤੀ ਕਿੱਤੇ ਨੂੰ ਲਾਹੇਵੰਦ ਧੰਦਾ ਬਣਾਉਂਣ ਦੀ ਹੈ। ਇਸ ਦੇ ਲਈ ਖਾਦਾਂ, ਬੀਜ, ਡੀਜਲ, ਮਸ਼ੀਨਰੀ ਅਤੇ ਹੋਰ ਵਸਤਾਂ ਸਸਤੀਆਂ ਕੀਤੀਆਂ ਜਾਣ, ਖੇਤਾਂ ਵਿੱਚ ਵਾਰਿਸ਼ਾ, ਬਿਮਾਰੀਆ ਅਤੇ ਹੋਰ ਕੁਦਰਤੀ ਕਰੋਪੀਆਂ ਕਾਰਨ ਫਸਲਾਂ ਦੇ ਹੁੰਦੇ ਨੁਕਸਾਨ ਦੀ ਪੂਰੀ ਭਰਭਾਈ ਕਰਨ ਸਮੇਂ ਦੀ ਲੋੜ ਹੈ ਪਰ ਕੇਂਦਰ ਮੋਦੀ ਸਰਕਾਰ ਆਪਣੇ ਦੇਸ ਦੇ ਕਿਸਾਨਾਂ ਵੱਲੋਂ ਦੇਖਣ ਦੀ ਬਜਾਏ ਅਮਰੀਕਾਂ ਦੀਆਂ ਸਾਮਰਾਜੀ ਕੰਪਨੀਆਂ ਦੇ ਮੁਨਾਫਿਆ ਵੱਲ ਦੇਖ ਰਹੀ ਹੈ ਅਤੇ ਉਹਨਾਂ ਦੇ ਮੁਨਾਫਿਆ ਨੂੰ ਹੋਰ ਵਧਾਉਂਣ ਅਤੇ ਹਿੰਦੁਸੰਤਾਨ ਦੇ ਲੋਕਾਂ ਦੀ ਲੁੱਟ ਕਿਵੇਂ ਕਰਵਾਉਂਣੀ ਹੈ ਇਹਦੇ ਲਈ ਹਰ ਤਰ੍ਹਾਂ ਦੇ ਫੈਸਲੇ ਲੈਣ ਲਈ ਪੱਬਾ ਭਾਰ ਹੋਈ ਫਿਰਦੀ ਹੈ। ਜਿਸ ਨੂੰ ਬਰਦਾਸਤ ਕਰਨਾ ਹਿੰਦੁਸੰਤਾਨ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਵਸ ਦੀ ਗੱਲ ਨਹੀਂ ਹੋਵੇਗੀ ਕਿਸਾਨ ਅਤੇ ਹੋਰ ਲੋਕ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਸੜਕਾਂ ਤੇ ਨਿਕਲਣਗੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਉੱਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਭਾਨ ਸਿੰਘ ਬਰਨਾਲਾ, ਲੀਲਾ ਸਿੰਘ ਜਟਾਣਾ, ਜਰਨੈਲ ਸਿੰਘ ਟਾਹਲੀਆਂ ਨੇ ਵੀ ਸੰਬੋਧਨ ਕੀਤਾ।