ਮਾਨਸਾ, 12 ਅਗਸਤ (ਨਾਨਕ ਸਿੰਘ ਖੁਰਮੀ)
ਖੇਤੀ ਵਾਲੀਆਂ ਮੋਟਰਾਂ ਦੀਆਂ ਚੋਰੀ ਕੀਤੀਆਂ ਕੇਵਲਾਂ ਦਾ ਤਾਂਬਾ ਖਰੀਦਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਸ.ਐਸ.ਪੀ. ਦਫ਼ਤਰ ਮਾਨਸਾ ਨੇੜੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ 3 ਜੁਲਾਈ ਨੂੰ ਮਾਨਸਾ ਦੇ ਕਿਸਾਨਾਂ ਵੱਲੋਂ ਖੇਤਾਂ ਵਿੱਚੋਂ ਮੋਟਰਾਂ ਦੀਆਂ ਕੇਵਲਾਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਚੋਰੀ ਕਰਨ ਸਮੇਂ ਰੰਗੇ ਹੱਥੀਂ ਫੜ ਕੇ ਸਿਟੀ-2 ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਸੀ। ਪੁਲਿਸ ਵੱਲੋਂ ਚੋਰਾਂ ਤੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਤਾਮਕੋਟ ਜ਼ੇਲ ਭੇਜ ਦਿੱਤਾ ਸੀ, ਪੁਲਿਸ ਰਿਮਾਂਡ ਦੌਰਾਨ ਚੋਰਾਂ ਨੇ ਮੰਨਿਆ ਸੀ ਕਿ ਅਸੀਂ ਕੇਵਲ ਵਿੱਚੋਂ ਤਾਂਬਾ ਕੱਢ ਕੇ ਮਾਨਸਾ ਦੇ ਭੂਸ਼ਨ ਕੁਮਾਰ ਦੀ ਦੁਕਾਨ ਤੇ ਵੇਚਦੇ ਹਾਂ। ਪੁਲਿਸ ਵੱਲੋਂ ਚੋਰ ਦੇ ਬਿਆਨਾਂ ਦੇ ਆਧਾਰ ਤੇ ਭੂਸ਼ਨ ਕੁਮਾਰ ਨੂੰ ਪਰਚੇ ਵਿੱਚ ਨਾਮਜ਼ਦ ਕਰ ਦਿੱਤਾ ਸੀ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਵਾਉਣ ਦੀ ਖਾਤਰ ਜਥੇਬੰਦੀ ਦੇ ਆਗੂ ਵਾਰ-ਵਾਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਪਰ ਸਿਵਾਏ ਲਾਰਿਆਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਜਥੇਬੰਦੀ ਨੂੰ ਅੱਜ ਮਜ਼ਬੂਰੀ ਵਸ ਧਰਨਾ ਲਾਉਣਾ ਪਿਆ। ਧਰਨੇ ਵਿੱਚ ਆ ਕੇ ਡੀ.ਐਸ.ਪੀ. ਸਬ ਡਵੀਜ਼ਨ ਬੂਟਾ ਸਿੰਘ ਨੇ ਦੱਸਿਆ ਕਿ ਭੂਸ਼ਨ ਕੁਮਾਰ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜ੍ਹਕ ਸਿੰਘ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਸੁਰਜੀਤ ਸਿੰਘ ਕੋਟਲੱਲੂ, ਜਸਵੰਤ ਸਿੰਘ ਉੱਭਾ ਆਦਿ ਹਾਜ਼ਰ ਸਨ।