ਬੁਢਲਾਡਾ, 11 ਅਗਸਤ ( ਨਾਨਕ ਸਿੰਘ ਖੁਰਮੀ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਸੰਸਥਾ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਐਜੁਕੇਸ਼ਨ ਡਾਇਰੈਕਟੋਰੇਟ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਧੀਨ ਪ੍ਰੋਜੈਕਟ ਐਨ.ਡੀ.ਏ ਦੀ ਟੀਮ ਨੇ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਅਤੇ ਆਤਮ ਵਿਸ਼ਵਾਸ ਦਾ ਜੋਸ਼ ਭਰਨਾ ਸੀ। ਟੀਮ ਦੇ ਮੈਂਬਰ ਡਾ. ਪਰਮਪ੍ਰੀਤ ਸਿੰਘ ਅਤੇ ਕੈਪਟਨ ਸੰਦੀਪ ਕੁਮਾਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਐਨ.ਡੀ.ਏ. ਵਿਚ ਦਾਖਲਾ ਲੈਣ ਦੀ ਪ੍ਰਕਿਰਿਆ, ਤਿਆਰੀ ਦੇ ਤਰੀਕੇ ਅਤੇ ਫੌਜ ਵਿੱਚ ਮਹਿਲਾਵਾਂ ਲਈ ਉਪਲਬਧ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਈ ਪ੍ਰਸ਼ਨੋਤਰੀ ਰਾਊਂਡ ਅਤੇ ਪਰਚਾਰਕ ਵੀਡੀਓ ਪ੍ਰਜ਼ੈਂਟੇਸ਼ਨ ਵੀ ਕੀਤੇ ਗਏ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਜੀ ਦੱਸਿਆ ਕਿ ਇਸ ਪ੍ਰੋਗਰਾਮ ਸਮੇਂ ਵਿਦਿਆਰਥਣਾਂ ਨੇ ਬੜੀ ਦਿਲਚਸਪੀ ਨਾਲ ਹਰ ਗੱਲ ਸੁਣੀ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਨਵੀਂ ਉਮੀਦ ਨਾਲ ਪ੍ਰੇਰਿਤ ਹੋਏ। ਸਮਾਪਤੀ ‘ਤੇ ਐਨ.ਡੀ.ਏ. ਟੀਮ ਨੇ ਕਾਲਜ ਦੀ ਸਰਾਹਨਾ ਕੀਤੀ ਅਤੇ ਇੱਥੇ ਦੀਆਂ ਵਿਦਿਆਰਥਣਾਂ ਦੀ ਲਗਨ ਅਤੇ ਉਤਸ਼ਾਹ ਹਨੂੰ ਨੂੰ ਦੇਖ ਕੇ ਕਿਹਾ ਕਿ ਇਹ ਬੱਚੀਆਂ ਭਵਿੱਖ ਵਿੱਚ ਦੇਸ਼ ਦੀ ਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸਮਰਥਾ ਰੱਖਦੀਆਂ ਹਨ। ਕਾਲਜ ਦੇ ਸਮੂਹ ਸਟਾਫ ਵੱਲੋਂ ਐਨ.ਡੀ.ਏ ਦੀ ਟੀਮ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਉਸਾਰੂ ਪ੍ਰੋਜੈਕਟ ਕਰਵਾਉਣ ਦੀ ਵਚਨਬੱਧਤਾ ਜਤਾਈ।