ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋਂ ਕੀਤਾ ਗਿਆ ਸਨਮਾਨ
ਭੀਖੀ, 10 ਅਗਸਤ (ਕਰਨ ਭੀਖੀ) ਸਥਾਨਕ ਕਸਬਾ ਭੀਖੀ ਦੀ ਨਪਿੰਦਰ ਕੌਰ, ਹਰਪ੍ਰੀਤ ਕੌਰ ਤੇ ਪ੍ਰਾਚੀ ਜਿੰਦਲ ਨੇ ਸੈਸ਼ਨ 2024-25 ਦੌਰਾਨ ਨੀਟ ਅਤੇ ਜੇਈਈ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਤਿੰਨੇ ਹੀ ਵਿਦਿਆਰਥਣਾਂ ਨੇ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਪ੍ਰਬੰਧਕਾਂ ਦੀ ਸਰਪ੍ਰਸਤੀ ਹੇਠ ਸੰਸਥਾ ਦੇ ਚੰਡੀਗੜ੍ਹ ਸਿਖਿਆ ਕੈਂਪਸ ਕਮ ਹੋਸਟਲ ਵਿੱਚ ਰਹਿ ਕੇ ਨੀਟ ਤੇ ਜੇਈ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਹਰਪ੍ਰੀਤ ਕੌਰ ਅਤੇ ਪ੍ਰਾਚੀ ਜਿੰਦਲ ਨੂੰ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਚ ਦਾਖਲਾ ਮਿਲ ਗਿਆ ਹੈ। ਨਪਿੰਦਰ ਕੌਰ ਦਾ ਨੀਟ ਪ੍ਰੀਖਿਆ ‘ਚ ਆਲ ਇੰਡੀਆ ਰੈਂਕ 1352 ਹੈ ਜਿਸ ਨੂੰ ਟੌਪ ਰੈਂਕ ਕਾਲਜ ਵਿੱਚ ਦਾਖਲਾ ਮਿਲਣਾ ਯਕੀਨੀ ਹੈ। ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਜ਼ਿਲ੍ਹਾ ਮਾਨਸਾ ਸੰਗਰੂਰ ਦੇ ਕੋਆਰਡੀਨੇਟਰ ਪ੍ਰੋਫੈਸਰ ਸਤਨਾਮ ਸਿੰਘ ਬੱਛੋਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੈਸ਼ਨ 2024-25 ਦੌਰਾਨ ਫਾਊਂਡੇਸ਼ਨ ਦੇ 32 ਵਿਦਿਆਰਥੀਆਂ ਨੇ ਜੇਈ ਦੀ ਪ੍ਰੀਖਿਆ ਪਾਸ ਕੀਤੀ ਜਿਨ੍ਹਾਂ ਵਿੱਚੋਂ 12 ਵਿਦਿਆਰਥੀ ਮਾਨਸਾ-ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਹਨ ਜਿਨ੍ਹਾਂ ਦਾ ਦਾਖਲਾ ਆਈਆਈਟੀ ਸਮੇਤ ਹੋਰ ਮੋਹਰੀ ਸੰਸਥਾਵਾਂ ‘ਚ ਹੋ ਗਿਆ ਹੈ। ਉਨ੍ਹਾਂ ਦੱਸਿਆ 10ਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਚੋਣ,ਬੀਜੇਐਫ ਸਟਾਰ ਸਕਾਲਰਸ਼ਿਪ ਰਾਹੀਂ ਹਰ ਸਾਲ ਕੀਤੀ ਜਾਂਦੀ ਹੈ। ਚੁਣੇ ਜਾਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੋਸਟਲ ਦਾ ਖ਼ਰਚ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਸੰਸਥਾਪਕ ਸਰਦਾਰ ਹਰਪਾਲ ਸਿੰਘ ਯੂਐਸਏ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਬੀ ਐਨ ਵਾਲੀਆਂ ਦੀ ਅਗਵਾਈ ਹੇਠ ਹੁਣ ਤੱਕ ਲਗਭਗ 400 ਦੇ ਕਰੀਬ ਪੰਜਾਬ ਦੇ ਵਿਦਿਆਰਥੀਆਂ ਨੇ ਨੀਟ,ਜੇਈਈ ਅਤੇ ਹੋਰ ਵੱਕਾਰੀ ਪ੍ਰਵੇਸ਼ ਪ੍ਰੀਖਿਆਵਾਂ ਪਾਸ ਕਰਕੇ ਉਚੇਰੀ ਸਿੱਖਿਆ ਵੱਲ ਕਦਮ ਵਧਾਏ ਹਨ। ਸੰਸਥਾ ਦੇ ਅੱਧੀ ਦਰਜਨ ਵਿਦਿਆਰਥੀਆਂ ਨੇ ਪੀਐਚਡੀ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਮੋਹਰੀ ਰੈਂਕ ਵਾਲੀਆਂ ਯੂਨੀਵਰਸਿਟੀਆਂ ‘ਚ ਦਾਖਲਾ ਲੈਣ ਚ ਸਫਲਤਾ ਹਾਸਲ ਕੀਤੀ। ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰੋਫੈਸਰ ਸਤਨਾਮ,ਸਹਾਇਕ ਕੋਆਰਡੀਨੇਟਰ ਨਿਰਮਲ ਸਿੰਘ ਬਰੇਟਾ ਅਤੇ ਟੀਮ ਮੈਂਬਰ ਮਾਸਟਰ ਗੁਰਸੇਵਕ ਸਿੰਘ ਵੱਲੋਂ ਨਪਿੰਦਰ ਕੌਰ ਅਤੇ ਪ੍ਰਾਚੀ ਜਿੰਦਲ ਦਾ ਸਨਮਾਨ ਕੀਤਾ ਗਿਆ ।