- ਮਾਨਸਾ 9 ਅਗਸਤ (ਨਾਨਕ ਸਿੰਘ ਖੁਰਮੀ ):-ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ ਵਿੱਚ ਮਾੜੇ ਪ੍ਰਬੰਧਾਂ ਦੇ ਦੋਸ਼ਾਂ ਨੇ ਕਾਲਜ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ ? ਇਥੋਂ ਤੱਕ ਕਿ ਪ੍ਰਿੰਸੀਪਲ ਕਮਲਪ੍ਰੀਤ ਕੌਰ ਕੋਲ ਵੀ ਯੂਨੀਵਰਸਿਟੀ ਦੀ ਯੋਗਤਾ ਨਾ ਹੋਣ ਕਰਕੇ ਪ੍ਰਿੰਸੀਪਲ ਦੇ ਅਹੁਦੇ ਤੇ ਕੰਮ ਕਰਨ ਦੇ ਵੀ ਦੋਸ਼ ਲੱਗ ਰਹੇ ਹਨ। ਪਿਛਲੇ ਦਿਨੀਂ ਡਾਕਟਰ ਗੁਰਵੀਰ ਸਿੰਘ ਵੱਲੋਂ ਇਸ ਮਾਮਲੇ ਪ੍ਰਮੁਖਤਾ ਨਾਲ ਉਠਾਇਆ ਗਿਆ ਸੀ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਡਾ ਗੁਰਬੀਰ ਸਿੰਘ ਵੱਲੋਂ ਕਈ ਵਾਰ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਉਂਕਿ ਬਿਨਾਂ
ਯੂਨੀਵਰਸਿਟੀ ਦੀਆਂ ਮਾਨਤਾ ਤੋਂ ਪ੍ਰਿੰਸੀਪਲ ਦੇ ਅਹੁਦੇ ਤੇ ਕੰਮ ਕਰਨਾ ਨਿਯਮਾਂ ਦੀ ਉਲੰਘਣਾ ਹੈ ਅਤੇ ਗੁਰੂ ਦੀ ਗੋਲਕ ਦੀ ਵੀ ਦੁਰਵਰਤੋਂ ਹੈ। ਉਥੇ ਹੀ ਪਿਛਲੇ ਦਿਨੀ ਕਾਲਜ ਦੀ ਵਿਦਿਆਰਥਣ ਸਕੂਲ ਵੈਨ ਚਾਲਕ ਨਾਲ ਸਾਰਾ ਦਿਨ ਗਾਇਬ ਰਹਿਣ ਦੇ ਮਾਮਲੇ ਨੇ ਵੀ ਕਾਲਜ ਪ੍ਰਬੰਧਾਂ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ ? ਭਾਈ ਅਤਲਾ ਨੇ ਇਸ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹੈਰਾਨਗੀ ਦੀ ਗੱਲ ਹੈ ਕਿ ਗਰਲਜ ਕਾਲਜ ਦੇ ਪ੍ਰਿੰਸੀਪਲ ਵੱਲੋਂ ਕਾਲਜ ਵਿੱਚ ਹੋ ਰਹੀਆਂ ਉਣਤਾਈਆਂ ਪ੍ਰਤੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਜਦੋਂ ਕਿ ਲੜਕੀ ਦਾ ਸਾਰਾ ਦਿਨ ਕਾਲਜ ਵਿੱਚੋਂ ਗਾਇਬ ਰਹਿਣਾ ਕਈ ਸਵਾਲ ਖੜੇ ਕਰਦਾ ਹੈ। ਭਾਈ ਅਤਲਾ ਨੇ ਕਿਹਾ ਕਿ ਇਸ ਪ੍ਰਿੰਸੀਪਲ ਤੇ ਕਾਰਵਾਈ ਕਰਕੇ ਕਾਲਜ ਵਿੱਚ ਕੋਈ ਯੋਗ ਪ੍ਰਿੰਸੀਪਲ ਨਿਯੁੱਕਤ ਕੀਤਾ ਜਾਵੇ ਤਾਂ ਕਿ ਵਿਦਿਆਰਥਣਾਂ ਦੇ ਭਵਿੱਖ ਨਾਲ ਖਿਲਵਾੜ ਨਾਂ ਹੋਵੇ ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਾਸੇ ਧਿਆਨ ਨਾਂ ਦਿੱਤਾ ਗਿਆ ਤਾਂ ਉਹ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈਕੇ ਸਘੰਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਭਾਈ ਅਤਲਾ ਨੇ ਕਿਹਾ ਕਿ ਸਬੰਧਤ ਪ੍ਰਿੰਸੀਪਲ ਸਿਰਫ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਆਓ ਭਗਤ ਤੱਕ ਹੀ ਸੀਮਤ ਰਹਿੰਦੇ ਹਨ ਸੰਸਥਾ ਦੇ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਹੈ।