ਡਾਕਟਰ ਬਣਕੇ ਮਾਪਿਆਂ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ:-ਨਪਿੰਦਰ ਕੌਰ
ਭੀਖੀ, 8 ਅਗਸਤ (ਸੁਰੇਸ਼ ਕੁਮਾਰ ) ਸਥਾਨਕ ਵਾਰਡ ਨੰ.10 ਦੀ ਵਸਨੀਕ ਨਪਿੰਦਰ ਕੌਰ ਪੁੱਤਰੀ ਠਾਕਰ ਸਿੰਘ ਨੇ ਨੀਟ ਵੱਲੋਂ ਐਲਾਨੇ ਨਤੀਜੇ ਵਿੱਚ 1350 ਰੈਂਕ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਨਪਿੰਦਰ ਕੌਰ ਦੇ ਪਰਿਵਾਰਕ ਪਿਛੋਕੜ ਆਮ ਮਜ਼ਦੂਰ ਪਰਿਵਾਰ ਵਿੱਚੋਂ ਹੈ, ਉਸਦਾ ਪਿਤਾ ਠਾਕਰ ਸਿੰਘ ਪਹਿਲਾਂ ਰੇਡੀਓ, ਟੀ.ਵੀ ਮਕੈਨਿਕ ਸੀ, ਅੱਜਕੱਲ੍ਹ ਅਰਬ ਦੇਸ਼ ਵਿੱਚ ਕੰਮ ਕਰ ਰਿਹਾ ਹੈ। ਇਸ ਦੌਰਾਨ ਗੱਲ ਕਰਦਿਆਂ ਨਪਿੰਦਰ ਕੌਰ ਨੇ ਕਿਹਾ ਕਿ ਉਸਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਫਫੜੇ ਭਾਈਕੇ ਤੋਂ ਕੀਤੀ, ਭਾਈ ਜੈਤਾ ਜੀ ਸੰਸਥਾ ਮੁਹਾਲੀ ਤੋਂ ਤਿਆਰੀ ਕਰਕੇ ਆਪਣਾ ਨੀਟ ਦਾ ਪੇਪਰ ਪਾਸ ਕੀਤਾ ਹੈ। ਡਾਕਟਰ ਬਣਕੇ ਜਿੱਥੇ ਉਹ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕਰੇਗੀ, ਆਮ ਲੋਕਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਵੇਗੀ।
ਇਸ ਸਮੇਂ ਨਪਿੰਦਰ ਕੌਰ ਦਾ ਸਨਮਾਨ ਕਰਦਿਆਂ ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਰਜਿ. ਪੰਜਾਬ ਦੇ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਕਿਹਾ ਕਿ ਨਪਿੰਦਰ ਕੌਰ ਦੀ ਇਸ ਪ੍ਰਾਪਤੀ ਉਪਰ ਸਾਨੂੰ ਬਹੁਤ ਮਾਣ ਹੈ, ਇਸ ਨੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ, ਉਹਨਾਂ ਕਿਹਾ ਕਿ ਨਪਿੰਦਰ ਕੌਰ ਡਾਕਟਰ ਬਣਕੇ ਹੋਰ ਵੀ ਲੜਕੀਆਂ ਲਈ ਰਾਹ ਦਸੇਰਾ ਬਣੇਗੀ।
ਸੰਸਥਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਪੁਮਾਰ ਨੇ ਕਿਹਾ ਕਿ ਜੋ ਵੀ ਵਿਦਿਆਰਥੀ ਤਨੋ-ਮਨੋ ਮਿਹਨਤ ਕਰਦਾ ਹੈ ਉਸਨੂੰ ਮੰਜ਼ਿਲ ਜਰੂਰ ਮਿਲਦੀ ਹੈ, ਜਿਸਦੀ ਨਪਿੰਦਰ ਕੌਰ ਸਮਾਜ ਲਈ ਵੱਡੀ ਉਦਾਹਰਨ ਹੈ।
ਇਸ ਮੌਕੇ ਪ੍ਰਧਾਨ ਕਰਨ ਭੀਖੀ, ਸਤਪ੍ਰਤਾਪ ਸਿੰਘ, ਬਲਰਾਜ ਕੁਮਾਰ, ਹਰਜੀਤ ਕੋਰ ਕਲੇਰ, ਵਿਸ਼ਵਦੀਪ ਕੌਰ, ਨਪਿੰਦਰ ਕੌਰ ਦੀ ਮਾਤਾ ਸੁਖਵੰਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਨਪਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਪੰਜਾਬੀ ਵਿਰਸਾ ਹੈਰੀਟੇਜ ਫਾਊਂਡੇਸ਼ਨ ਦੇ ਅਹੁਦੇਦਾਰ।