ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ।
ਮਾਨਸਾ 6 ਅਗਸਤ (ਨਾਨਕ ਸਿੰਘ ਖੁਰਮੀ ) ਅੱਜ ਇੱਥੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਜ਼ਿਲਾ ਕਮੇਟੀ ਦੇ ਆਗੂਆਂ ਵੱਲੋਂ ਵਫ਼ਦ ਦੇ ਰੂਪ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਦੀ ਸਾਲ 2022 ਤੋਂ ਲੈ ਕੇ ਹੁਣ ਤੱਕ ਦੀ ਕੇਂਦਰ ਵੱਲੋਂ ਰੋਕੀ ਗਈ 60% ਪੋਸਟ ਮੈਟ੍ਰਿਕ ਵਜ਼ੀਫਾ ਰਾਸ਼ੀ ਨੂੰ ਜਾਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਪੀਟੀਏ ਫੰਡ ਦੇ ਸੁਆਲ ਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਪੰਜਾਬ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਮਨਦੀਪ ਸਿੰਘ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸਿੱਖਿਆ ਦੇ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਨਸੂਬੇ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵਜ਼ੀਫਿਆਂ,ਫੈਲੋਸ਼ਿੱਪਾਂ,ਗ੍ਰਾਂਟਾਂ ਅਤੇ ਫੰਡਾਂ ਉੱਪਰ ਲਗਾਤਾਰ ਕੱਟ ਲਗਾਉਂਦਿਆਂ ਰੋਕ ਰਹੀ ਹੈ,ਜਿਸ ਨਾਲ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਧੱਕਿਆ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ ਪੰਜਾਬ ਦੇ ਕਾਲਜ ਸਰਕਾਰ ਦੇ ਸਿੱਖਿਆ ਦੇ ਨਿੱਜੀਕਰਨ ਦੇ ਫੈਸਲੇ ਨੂੰ ਚਾਰ ਚੰਨ ਲਾਉਂਦਿਆਂ ਵਿਦਿਆਰਥੀਆਂ ਤੋਂ ਮੋਟੇ ਰੂਪ ਵਿੱਚ ਪੀਟੀਏ ਫੰਡ ਵਸੂਲ ਰਹੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੀਖਿਆ ਫੀਸਾਂ ਅਤੇ ਪ੍ਰੈਕਟੀਕਲ ਫੀਸਾਂ ਵਿੱਚ 7 ਪ੍ਰਤੀਸ਼ਤ ਵਾਧਾ ਕਰ ਦਿੱਤਾ ਹੈ,ਜਿਸਦੇ ਸਿੱਟੇ ਵਜੋਂ ਵਿਦਿਆਰਥੀਆਂ ਉੱਪਰ ਆਰਥਿਕ ਬੋਝ ਹੋਰ ਵਧ ਜਾਵੇਗਾ। ਜਥੇਬੰਦੀ ਵਿਦਿਆਰਥੀ ਵਿਰੋਧੀ ਫ਼ੈਸਲੇ ਨੂੰ ਬਰਦਾਸ਼ਤ ਨਾਂ ਕਰਦਿਆਂ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ।
ਆਗੂਆਂ ਨੇ ਮੰਗ ਕੀਤੀ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਦੀ ਕੇਂਦਰ ਵੱਲੋਂ ਰੋਕੀ ਗਈ 60% ਵਜ਼ੀਫਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ,ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੀਖਿਆ ਫੀਸਾਂ ਵਿੱਚ ਕੀਤਾ ਗਿਆ 7 ਪ੍ਰਤੀਸ਼ਤ ਵਾਧਾ ਵਾਪਸ ਲਿਆ ਜਾਵੇ ਅਤੇ Ph D ਦੀ ਰਜਿਸਟ੍ਰੇਸ਼ਨ ਲਈ ਫੀਸ 3000/- ਤੋਂ ਵਧਾ ਕੇ 5000/- ਰੁਪਏ ਕਰਨ ਅਤੇ ਇਸ ਵਿੱਚ ਹਰ ਸਾਲ 10 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।
ਇਸ ਮੌਕੇ ਆਇਸਾ ਦੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਕਮੇਟੀ ਦੇ ਆਗੂ ਪ੍ਰਿਤਪਾਲ ਕੌਰ,ਮਨਪ੍ਰੀਤ ਕੌਰ ਅਤੇ ਸ਼ੰਮੀ ਕੌਰ ਅਤੇ ਦੀਪਕ ਕੁਮਾਰ ਹਾਜ਼ਰ ਸਨ।