ਡੀਡੀ ਪੰਜਾਬੀ: ਪੰਜਾਬੀਅਤ ਦੀ ਆਵਾਜ਼
——————-
ਡੀਡੀ ਪੰਜਾਬੀ ਦੂਰਦਰਸ਼ਨ ਦਾ ਇੱਕ ਮਾਤਰ ਚੈਨਲ ਹੈ ਜਿਹੜਾ ਸਮੁੱਚੇ ਪੰਜਾਬੀ ਡਾਈਸਪੋਰਾ ਵਿੱਚ ਗਲੋਬਲ ਪਹਿਚਾਣ ਦਾ ਨਾਂ ਬਣ ਚੁੱਕਿਆ ਹੈ । ਪਿਛਲੇ 25 ਵਰ੍ਹਿਆਂ ਤੋਂ ਅੱਜ ਦੇ ਦਿਨ ਅਰਥਾਤ ਪੰਜ ਅਗਸਤ 2000 ਨੂੰ ਪੀਏਪੀ ਜਲੰਧਰ ਗਰਾਉਂਡ ਵਿੱਚ ਆਪਣੇ ਰੰਗਾਰੰਗ ਪ੍ਰੋਗਰਾਮ ਨਾਲ ਸ਼ੁਰੂ ਹੋਣ ਵਾਲਾ ਇਹ ਚੈਨਲ ਅੱਜ ਪੰਜਾਬੀਅਤ ਦੀ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ । ਪੰਜਾਬ ਪੰਜਾਬੀ ਤੇ ਪੰਜਾਬੀਅਤ ਬਾਰੇ ਮਸਲਿਆ ਅਤੇ ਪੰਜਾਬ ਦੀ ਪਹਿਚਾਣ ਨੂੰ ਸੀਮਾਵਾਂ ਪਾਰ ਪਹੁੰਚਾਉਣ ਵਾਸਤੇ ਇਸ ਦਾ ਪੱਚੀ ਸਾਲਾਂ ਦਾ ਸੁਨਹਿਰਾ ਇਤਿਹਾਸ ਅੱਜ ਵੀ ਇਸ ਨੂੰ ਹਰਮਨ ਪਿਆਰਾ ਬਣਾਉਂਦਾ ਹੈ।
ਡੀਡੀ ਪੰਜਾਬੀ ਮੀਡੀਆ ਇਤਿਹਾਸ ਵਿੱਚ ਅਜ ਇੱਕ ਇਤਿਹਾਸਕ ਦਿਨ ਹੈ। ਇਸ ਦਿਨ ਦੂਰਦਰਸ਼ਨ ਨੇ ਆਪਣਾ ਖਾਸ ਪੰਜਾਬੀ ਸੈਟੇਲਾਈਟ ਚੈਨਲ “ਡੀਡੀ ਪੰਜਾਬੀ” ਸ਼ੁਰੂ ਕਰਕੇ ਪੰਜਾਬੀ ਭਾਸ਼ਾ, ਸੰਸਕ੍ਰਿਤੀ ਅਤੇ ਲੋਕਧਰੋਹਰ ਨੂੰ ਇਕ ਨਵੇਂ ਮੰਚ ਉੱਤੇ ਲਿਆਂਦਾ ਸੀ। ਹਾਲਾਂਕਿ ਇਸ ਦੇ ਪ੍ਰਸਾਰਨ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਇੱਕ ਲੰਬੇ ਸਮੇਂ ਤੋਂ ਆਪਣੇ ਪ੍ਰਸਾਰਨ ਰਾਹੀਂ ਆਪਣੀ ਪਹਿਚਾਣ ਦਾ ਸ੍ਰੀ ਨਗਰ ਤੋਂ ਬਾਅਦ ਇਕੱਲਾ ਕੇਂਦਰ ਸੀ ਜੋ ਸਰਹੱਦ ਤੋਂ ਪਾਰ ਪਾਕਿਸਤਾਨ ਵਿੱਚ ਵੀ ਸੁਣਿਆ ਤੇ ਦੇਖਿਆ ਜਾਂਦਾ ਸੀ । ਇਹ ਸਿਰਫ਼ ਇੱਕ ਚੈਨਲ ਦੀ ਸ਼ੁਰੂਆਤ ਨਹੀਂ ਸੀ, ਸਗੋਂ ਪੰਜਾਬੀ ਰਾਜ ਭਾਸ਼ਾ ਦੀ ਰੱਖਿਆ, ਪੰਜਾਬੀ ਕਲਾ ਦੀ ਉਤਸ਼ਾਹਨਾ ਅਤੇ ਲੋਕ ਸੰਪਰਕ ਦੀ ਦਿਸ਼ਾ ਵਿੱਚ ਸਰਕਾਰੀ ਪੱਧਰ ‘ਤੇ ਇੱਕ ਦੂਸਰੇ ਪੰਧ ਦਾ ਸਫ਼ਰ ਸੀ।
ਇਸ ਦੀ ਸਥਾਪਨਾ ਦੇ ਪਿੱਛੋਕੜ ਵਿੱਚ ਭਾਸ਼ਾ ਤੇ ਸੱਭਿਆਚਾਰ ਦੀ ਦੀ ਲੋਕਾਂ ਤੱਕ ਪਹੁੰਚ ਪੰਜਾਬੀ ਭਾਸ਼ਾ ਤੇ ਭਾਵਨਾਵਾਂ ਦਾ ਸੰਚਾਰ ਹੈ। ਭਾਵੇਂ ਆਜ਼ਾਦੀ ਤੋਂ ਬਾਅਦ ਮੀਡੀਆ ਦੇ ਕੇਂਦਰ ਦਿੱਲੀ ਅਤੇ ਮੁੰਬਈ ਰਹੇ, ਪਰ ਪੰਜਾਬੀਅਤ ਨੂੰ ਜਿਵੇਂ ਦੀ ਤਿਵੇਂ ਪੇਸ਼ ਕਰਨ ਵਾਲਾ ਮਾਧਿਅਮ ਨਾ ਮੌਜੂਦ ਸੀ, ਨਾ ਹੀ ਵਿਅਪਕ ਸੀ। 1980 ਅਤੇ 90 ਦੇ ਦਹਾਕੇ ਵਿੱਚ ਪੰਜਾਬੀ ਭਾਸ਼ਾ ਅਤੇ ਲੋਕ ਧਰੋਹਰ ਨੂੰ ਨਵੀਂ ਰਾਹਤ ਮਿਲਣ ਲੱਗੀ। ਪ੍ਰਸਾਰ ਭਾਰਤੀ ਦੀ ਭਾਸ਼ਾ ਨੀਤੀ ਤਹਿਤ ਪੰਜਾਬੀ ਭਾਸ਼ਾ ਦੇ ਲਈ ਖਾਸ ਸੈਟੇਲਾਈਟ ਚੈਨਲ ਦੀ ਲੋੜ ਮਹਿਸੂਸ ਕੀਤੀ ਗਈ ਅਤੇ ਅੱਜ ਦੇ ਦਿਨ ਅਰਥਾਤ ਪੰਜ ਅਗਸਤ ਨੂੰ ਮੁਕੰਮਲ ਤੌਰ ਤੇ ਸੰਪੂਰਨ ਚੈਨਲ ਦਾ ਰੂਪ ਲੈ ਕੇ ਡੀਡੀ ਪੰਜਾਬੀ ਹੋਂਦ ਵਿੱਚ ਆਇਆ ਅਤੇ ਪੰਜਾਬੀਅਤ ਦੀ ਆਵਾਜ਼ ਬਣ ਗਿਆ।
ਇਹ ਡੇਲੀਕਾਸਟ ਤੋਂ ਸੈਟੇਲਾਈਟ ਤੱਕ ਦਾ ਇੱਕ ਲੰਮਾ ਸਫ਼ਰ ਹੈ
1981 ਵਿੱਚ ਜਦੋਂ ਜਲੰਧਰ ਦੂਰਦਰਸ਼ਨ ਕੇਂਦਰ ਦੀ ਸ਼ੁਰੂਆਤ ਹੋਈ, ਤਾਂ ਪੰਜਾਬੀ ਵਿਚ ਦੇਸ਼-ਵਿਦੇਸ਼ ਦੀਆਂ ਘਟਨਾਵਾਂ, ਲੋਕਧਰੋਹਰ ਅਤੇ ਕਲਾ ਸੰਬੰਧੀ ਪ੍ਰੋਗਰਾਮਾਂ ਦੀ ਚੰਗੀ ਪੇਸ਼ਕਸ਼ ਹੋਈ। ਪਰ ਇਹ ਪਸਾਰਣ ਸਿਰਫ਼ ਸਥਾਨਕ ਸੀ।
ਡੀਡੀ ਪੰਜਾਬੀ ਨੇ ਇਸ ਘੇਰੇ ਨੂੰ ਤੋੜ ਕੇ ਪੰਜਾਬੀਅਤ ਦੀ ਆਵਾਜ਼ ਨੂੰ ਵਿਸ਼ਵ ਪੱਧਰ ਤੇ ਪ੍ਰਸਤੁਤ ਕੀਤਾ। ਇਹ ਚੈਨਲ ਅੱਜ ਵੀ ਕੇਬਲ, ਡੀ ਟੀਐਚ ਅਤੇ ਡੀਡੀ ਫ਼ਰੀ ਡਿਸ਼ ਰਾਹੀਂ ਭਾਰਤ, ਕੈਨੇਡਾ, ਯੂਕੇ, ਅਮਰੀਕਾ, ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਦਰਸ਼ਕਾਂ ਤੱਕ ਪੁੱਜ ਰਿਹਾ ਹੈ। ਡੀ ਡੀ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਕਰਕੇ ਸਮਾਚਾਰ ਤੇ ਕਰੰਟ ਅਫੇ਼ਅਰ ਤੇ ਪ੍ਰੋਗਰਾਮਾਂ ਦੇ ਨਾਲ ਸਾਹਿਤਿਕ ਤੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਮੈਨੂੰ ਅੱਜ ਵੀ ਯਾਦ ਹੈ ਆਪਣੇ 1984 ਤੋਂ 1988 ਤੱਕ ਦੇ ਸਮੇਂ ਦੇ ਦਰਮਿਆਨ ਇਸ ਕੇਂਦਰ ਦੀਆਂ ਸੁਨਹਿਰੀ ਯਾਦਾਂ ਅਤੇ ਪ੍ਰੋਗਰਾਮ ਪ੍ਰੋਡਕਸ਼ਨ ਦੇ ਨਵੇਂ ਦਿਸਦਿਆਂ ਦੀ ਇੱਕ ਲੰਬੀ ਚੰਗੇਰ ਮੇਰੀਆਂ ਯਾਦਾਂ ਦੇ ਚਰੋਖੇ ਵਿੱਚੋਂ ਜਦੋਂ ਹੁਣ ਡੀ ਡੀ ਪੰਜਾਬੀ ਦੇ ਇਸ ਸਫ਼ਰ ਨੂੰ ਵੇਖਦੀ ਹੈ ਤਾਂ ਰੋਮਾਂਚ ਨਾਲ ਭਰ ਦਿੰਦੀ ਹੈ ।
ਬਲੈਕ ਐਂਡ ਵਾਇਟ ਟੀਵੀ ਤੋਂ ਜਲੰਧਰ ਦੂਰਦਰਸ਼ਨ ਨੂੰ ਰੰਗਦਾਰ ਅਤੇ ਫ਼ਿਰ ਜਿਹੜੀ ਪੰਜਾਬੀ ਦਾ ਇਹ ਸਫ਼ਰ ਪੰਜਾਬੀਆਂ ਦੇ ਸਿਰ ਚੜ ਕੇ ਬੋਲਿਆ ਤੇ ਅੱਜ ਪੰਜਾਬ ਦੀ ਫ਼ਿਲਮ ਇੰਡਸਟਰੀ , ਰੰਗ ਮੰਚ ਤੇ ਗਾਇਕੀ ਵਿੱਚ ਜਿਨ੍ਹਾਂ ਨੇ ਆਪਣਾ ਸ਼ਿਖਰ ਛੂਹਿਆ ਹੈ ਉਹ ਸਾਰੇ ਜੰਲਧਰ ਦੂਰਦਰਸ਼ਨ ਦੀ ਇਸ ਤੇ ਵਿਰਾਸਤ ਵਿੱਚੋਂ ਨਿਕਲੇ ਹਨ ਇਸ ਲਈ ਇਸ ਨੂੰ ਪੰਜਾਬੀਅਤ ਅਤੇ ਇਸਦੇ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੇ ਉਸ ਰੂਪ ਵਿੱਚ ਵੀ ਪਹਿਚਾਣਿਆ ਚਾਹੀਦਾ ਹੈ ਕਿ ਇਹ ਇੱਕੋ ਇੱਕ ਆਵਾਜ਼ ਸੀ ਜਿਸ ਨੇ ਪੰਜਾਬ ਦੇ ਸੈਂਕੜੇ ਪ੍ਰਤਿਭਾਵਾਨ ਬੱਚਿਆਂ ਨੂੰ ਕਲਾ ਦੇ ਸਿਖ਼ਰ ਤੱਕ ਪਹੁੰਚਾਇਆ ਪਰੰਤੂ ਸਮੇਂ ਦੀ ਤੇ ਗੱਤੀ ਤੇ ਸੰਚਾਰ ਦੀ ਲਹਿਰ ਨਾਲ ਰੈਵੀਨਿਊ ਕਮਰਸ਼ੀਅਲ ਦੌੜ ਦੇ ਵਿੱਚ ਭਾਵੇਂ ਅਤੇ ਉਹ ਮਿਆਰ ਡੀਡੀ ਪੰਜਾਬੀ ਦਾ ਅੱਜ ਨਹੀਂ ਹੈ ਜੋ ਇਸਦੀ ਪਹਿਲੀ ਚੜ੍ਹਤ ਦੇ ਦਿਨਾਂ ਵਿੱਚ ਕਰੰਟ ਅਫੇਅਰ ਤੋਂ ਲੈ ਕੇ ਮਕਬੂਲ ਗਾਇਕੀ ਅਤੇ ਸਾਫ ਸੁਥਰੀ ਗਾਇਕੀ ਦਾ ਹੁੰਦਾ ਸੀ। ਹੁਣ ਲੱਚਰ ਗੀਤਾ ਅਤੇ ਕਮਰਸ਼ੀਅਲ ਦੌੜ ਦੇ ਵਿੱਚ ਅਤੇ ਸਿਰਫ਼ ਸਰਕਾਰੀ ਤੰਤਰ ਦੀ ਨੌਕਰੀ ਕਰਦੇ ਹੋਏ ਨਿਰਮਾਤਾ ਨਿਰਦੇਸ਼ਕਾ ਦੀ ਪਹੁੰਚ ਸਿਰਫ ਨੌਕਰੀ ਤੇ ਚੈਨਲ ਚਲਾਉਣ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਇਸਦੇ ਜਲੌਅ ਨੂੰ ਦਿਨ ਬਦਿਨ ਖੋਰਾ ਲੱਗਦਾ ਜਾ ਰਿਹਾ ਹੈ ਜੋ ਅਫਸੋਸਨਾਕ ਹੈ ਪਰ ਅਜੇ ਵੀ ਪੰਜਾਬੀ ਪਹਿਚਾਣ ਦਾ ਵੱਡਾ ਚੈਨਲ ਬਿੰਦੂ ਹੈ ਤੇ ਇਸ ਦੇ ਨਾਲ ਪੰਜਾਬੀਆਂ ਦੀ ਇੱਕ ਵੱਡੀ ਪੀੜੀ ਦਾ ਅਤੀਤ ਤੇ ਵਰਤਮਾਨ ਜੁੜਿਆ ਹੋਇਆ ਹੈ।
ਡੀਡੀ ਪੰਜਾਬੀ ਵਿਦੇਸ਼ੀ ਪੰਜਾਬੀਆਂ ਲਈ ਸੰਸਕਾਰਕ ਪੁਲ ਵੀ ਹੈ।
ਅੱਜ ਡੀਡੀ ਪੰਜਾਬੀ ਦੀ ਵਿਸ਼ਵ ਪੱਧਰ ਉੱਤੇ ਮੌਜੂਦਗੀ ਨੇ ਪਰਵਾਸੀ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਇਟਲੀ ਅਤੇ ਨਿਊਜੀਲੈਂਡ ਵਿਚ ਵੱਸਦੇ ਪੰਜਾਬੀ “ਅਸਲ ਪੰਜਾਬੀਅਤ” ਨੂੰ ਆਪਣੇ ਘਰਾਂ ਤਕ ਪਹੁੰਚਦੇ ਦੇਖਦੇ ਹਨ। ਇਹ ਸੰਪਰਕ ਕੇਵਲ ਮਨੋਰੰਜਨ ਨਹੀਂ, ਸਗੋਂ ਰੂਹਾਨੀ, ਭਾਸ਼ਾਈ ਤੇ ਸੰਸਕਾਰਕ ਖਬਰਸਾਰੀ ਦਾ ਨਾਤਾ ਹੈ।
ਹੁਣ ਆਉਣ ਵਾਲੇ ਦਿਨਾਂ ਵਿੱਚ ਬੇਸ਼ੱਕ ਓਟੀਟੀ ਪਲੇਟਫਾਰਮ, ਯੂਟਿਊਬ ਚੈਨਲ ਅਤੇ ਵੈੱਬ ਮੀਡੀਆ ਨੇ ਨਵੀਆਂ ਪਸੰਦਾਂ ਬਣਾਈਆਂ ਹਨ, ਪਰ ਡੀਡੀ ਪੰਜਾਬੀ ਦੀ ਵਿਰਾਸਤ ਤੇ ਭਰੋਸੇਯੋਗਤਾ, ਸਰਕਾਰੀ ਡਾਟਾ, ਖੇਤੀ ਅਤੇ ਆਰਥਿਕਤਾ ਉੱਤੇ ਆਧਾਰਿਤ ਸਮੱਗਰੀ, ਅਤੇ ਸੰਸਕਾਰਕ ਦਰਸ਼ਨ ਅਜੇ ਵੀ ਉਸਨੂੰ ਇੱਕ ਵਿਅਕਤੀਗਤ ਤੇ ਭਰੋਸੇਯੋਗ ਮਾਧਿਅਮ ਬਣਾਉਂਦੇ ਹਨ। ਭਵਿੱਖ ਵਿੱਚ ਇਹ ਚੈਨਲ AI ਸਮਰਥ ਵੀਡੀਓ ਇੰਟੈਰੈਕਸ਼ਨ, ਮਲਟੀਲਿੰਗੁਅਲ ਸਬਟਾਈਟਲ, ਅਤੇ ਨਵੀਂ ਪੀੜ੍ਹੀ ਨਾਲ ਜੁੜਨ ਵਾਲੇ ਇਨੋਵੇਟਿਵ ਪ੍ਰੋਗਰਾਮ ਲਿਆਉਣ ਦੀ ਯੋਜਨਾ ‘ਚ ਹੈ।
ਦੂਰਦਰਸ਼ਨ ਨਾਲ ਜੁੜੀਆਂ ਮੇਰੀਆਂ ਚਾਰ ਦਹਾਕੇ ਦੀਆਂ ਯਾਦਾਂ ਵਿੱਚ ਜਦੋਂ ਮੈਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇਸ ਚੈਨਲ ਨੂੰ ਵਿਸ਼ੇਸ਼ ਕਰ ਜੰਲਧਰ ਦੂਰਦਰਸ਼ਨ ਦੇ ਪਿਛੋਕੜ ਨੂੰ ਦੇਖਦਾ ਹਾਂ ਤਾਂ
ਡੀਡੀ ਪੰਜਾਬੀ ਸਿਰਫ਼ ਇੱਕ ਚੈਨਲ ਨਹੀਂ, ਸਗੋਂ ਇੱਕ ਸੱਭਿਆਚਾਰਕ ਆਂਦੋਲਨ ਹੈ। ਇਹ ਪੰਜਾਬੀ ਭਾਸ਼ਾ ਦੀ ਰਾਖੀ ਕਰਦਾ, ਸਿੱਖੀ ਅਤੇ ਪੰਜਾਬੀਅਤ ਦੀਆਂ ਰਵਾਇਤਾਂ ਦੀ ਗੂੰਜ ਬਣਦਾ ਤੇ ਵਿਦੇਸ਼ਾਂ ਤੱਕ ਭਾਵਨਾਵਾਂ ਦੀ ਲਹਿਰ ਪਹੁੰਚਾਉਂਦਾ ਮੰਚ ਹੈ। ਇਸ ਸਥਾਪਨਾ ਦਿਵਸ ‘ਤੇ ਇਹ ਜ਼ਰੂਰੀ ਹੈ ਕਿ ਅਸੀਂ ਇਸ ਚੈਨਲ ਦੀ ਭੂਮਿਕਾ ਨੂੰ ਨਾ ਸਿਰਫ਼ ਸਲਾਮ ਕਰੀਏ, ਸਗੋਂ ਨਵੀਂ ਪੀੜ੍ਹੀ ਨੂੰ ਵੀ ਇਸ ਨਾਲ ਜੋੜੀਏ।
ਲੇਖਕ ਦੇਸ਼ ਦੇ ਉੱਘੇ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦੇ ਉਪ ਮਹਾਨਿਦੇਸ਼ਕ ਰਹੇ ਹਨ।