ਜੋਗਾ, 4 ਅਗਸਤ (ਕਰਨ ਭੀਖੀ) ਮਾਈ ਭਾਗੋ ਸੰਸਥਾ, ਰੱਲਾ ਵਿਖੇ ਸਕੂਲ ਪ੍ਰਿੰਸੀਪਲ ਸਵਿਤਾ ਕਾਠ ਦੀ ਰਹਿਨੁਮਾਈ ਹੇਠ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸੱਭਿਆਚਾਰਕ ਰਹੁ-ਰੀਤਾਂ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਰੰਗ–ਬਰੰਗੇ ਪਹਿਰਾਵੇ ਪਾ ਕੇ ਗਿੱਧਾ, ਭੰਗੜਾ ਅਤੇ ਲੋਕ ਗੀਤ ਪੇਸ਼ ਕੀਤੇ। ਮੇਲਾ ਤੀਆਂ ਦੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਸ਼ੁਰੂਆਤ ਰਿਵਾਇਤੀ ਬੋਲੀਆਂ ਨਾਲ ਹੋਈ। ਇਸ ਮੌਕੇ ਸੰਸਥਾ ਦੀ ਪ੍ਰਬੰਧਕੀ ਟੀਮ ਵਿੱਚੋਂ ਵਿਸ਼ੇਸ਼ ਤੌਰ ਤੇ ਮੈਡਮ ਕੁਲਜੀਤ ਕੌਰ ਅਤੇ ਮੈਡਮ ਲਵਪ੍ਰੀਤ ਕੌਰ ਨੇ ਸ਼ਿਰਕਤ ਕੀਤੀ ਅਤੇ ਸਮੂਹ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸਵਿਤਾ ਕਾਠ ਜੀ ਨੇ ਉਹਨਾਂ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵੱਲੋਂ ਪੀਘ ਝੂਟਣ , ਮੀਹਾਂ ਦੇ ਗੀਤ, ਸਾਉਣ ਦੀਆਂ ਬੋਲੀਆਂ ਅਤੇ ਰੱਖੜੀਆਂ ਦੀ ਪ੍ਰਦਰਸ਼ਨੀ ਵਰਗੀਆਂ ਵਿਲੱਖਣ ਵੰਨਗੀਆਂ ਨੇ ਪ੍ਰੋਗਰਾਮ ਵਿੱਚ ਖੂਬ ਰੰਗ ਬੰਨਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਕਲਾਤਮਿਕ ਗੇਮਾਂ ਦਾ ਪ੍ਰਦਰਸ਼ਨ ਬਾਖੂਬੀ ਕੀਤਾ ਗਿਆ। ਖੁੱਲ੍ਹੇ ਪਿੜ ਦਾ ਗਿੱਧਾ, ਬੋਲੀਆਂ ਦੀ ਫੁਹਾਰ ਤੇ ਪੈਰਾਂ ਦੀ ਧਮਕ ਨੇ ਤੀਆਂ ਦੇ ਤਿਉਹਾਰ ਦਾ ਯਥਾਰਥਿਕ ਰੂਪ ਬਿਆਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਵੱਖ ਵੱਖ ਗਤੀਵਿਧੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਸਮੂਹ ਫੈਕਲਟੀ ਮੈਂਬਰਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਮੰਚ ਦੀ ਭੂਮਿਕਾ ਮੈਡਮ ਅਨਮੋਲਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮੂਹ ਮੈਨੇਜਮੈਂਟ ਚੇਅਰਮੈਨ ਡਾ ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ ਮਨਜੀਤ ਸਿੰਘ ਖਿਆਲਾ, ਆਫਿਸ ਐਡਮਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਅਤੇ ਕਾਲਜ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਨੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਪ੍ਰੋਗਰਾਮ ਦੀ ਸਫਲਤਾ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਨਾ ਕੇਵਲ ਵਿਦਿਆਰਥਣਾਂ ਦਾ ਮਨੋਰੰਜਨ ਕੀਤਾ, ਸਗੋਂ ਉਨ੍ਹਾਂ ਨੂੰ ਆਪਣੀ ਧਰੋਹਰ ਅਤੇ ਰਵਾਇਤੀ ਵਿਰਾਸਤ ਨਾਲ ਜੋੜਨ ਦਾ ਯਤਨ ਵੀ ਕੀਤਾ। ਇਸ ਮੌਕੇ ਸਮੂਹ ਸਕੂਲ,ਕਾਲਜ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।