ਮਾਨਸਾ , 2 ਅਗਸਤ ( ਨਾਨਕ ਸਿੰਘ ਖੁਰਮੀ) ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਹ ਉਪਰਾਲਾ ਡਾ. ਗੁਰਲੀਨ ਕੌਰ (ਆਈ.ਏ.ਐਸ.) ਅਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਐਸ.ਬੀ.ਆਈ. ਬੈਂਕ ਦੇ ਸਹਿਯੋਗ ਨਾਲ ਕੀਤਾ ਗਿਆ।
ਪੌਦੇ ਲਗਾਉਣ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਪੌਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਣ ਯਕੀਨੀ ਬਣਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਡੀ ਅਸਲੀ ਕਮਾਈ ਹੈ, ਜੋ ਭਵਿੱਖ ਲਈ ਸਹਾਈ ਹੋਵੇਗੀ। ਇਸ ਮੌਕੇ ‘ਤੇ ਲਗਭਗ 10 ਪੌਦੇ ਲਗਾਏ ਗਏ, ਜਿਨ੍ਹਾਂ ਵਿੱਚ ਆਂਵਲੇ, ਬੇਰੀ, ਆੜੂ ਅਤੇ ਬਦਾਮ ਵਰਗੇ ਫਲਦਾਰ ਪੌਦੇ ਸ਼ਾਮਲ ਸਨ। ਇਸ ਪ੍ਰਾਜੈਕਟ ਤਹਿਤ 50 ਹੋਰ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਡਾ. ਰਾਏ ਨੇ ਅੱਗੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਹਰ ਨਾਗਰਿਕ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਛੀਆਂ ਦੀਆਂ ਨਸਲਾਂ ਨੂੰ ਬਚਾਉਣ ਲਈ ਅਤੇ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਾਨੂੰ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਖੁਸ਼ੀ ਜਾਂ ਗਮੀ ਦੇ ਮੌਕੇ ‘ਤੇ ਪੌਦੇ ਲਗਾਉਣ ਦੀ ਪਰੰਪਰਾ ਨੂੰ ਵੀ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ।
ਡਾ. ਰਾਏ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਭਾਵੇਂ ਥੋੜ੍ਹੇ ਸਮੇਂ ਲਈ ਲਾਭਦਾਇਕ ਹੋਵੇ, ਪਰ ਇਹ ਲੰਬੇ ਸਮੇਂ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਛੋਟੇ ਪੰਛੀਆਂ ਨੂੰ ਆਲ੍ਹਣੇ ਬਣਾਉਣ ਲਈ ਢੁਕਵੀਂ ਜਗ੍ਹਾ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਲਗਾਏ ਗਏ ਪੌਦੇ ਪੰਛੀਆਂ ਨੂੰ ਆਲ੍ਹਣਾ ਬਣਾਉਣ ਲਈ ਸੁਰੱਖਿਅਤ ਥਾਂ ਪ੍ਰਦਾਨ ਕਰਨਗੇ। ਪੰਛੀਆਂ ਲਈ ਗਰਮੀ ਤੋਂ ਬਚਾਅ ਲਈ ਪਾਣੀ ਦੇ ਛੋਟੇ ਬਰਤਨ ਵੀ ਰੱਖੇ ਗਏ ਸਨ।
ਇਸ ਮੌਕੇ ਡਾ. ਰਵਿੰਦਰ ਸਿੰਗਲਾ (ਸਹਾਇਕ ਸਿਵਲ ਸਰਜਨ), ਡਾ. ਕੰਵਲਪ੍ਰੀਤ ਕੌਰ ਬਰਾੜ (ਜ਼ਿਲ੍ਹਾ ਟੀਕਾਕਰਨ ਅਫ਼ਸਰ), ਡਾ. ਮਯੰਕ (ਡੀ.ਐਮ.ਸੀ.), ਵਿਜੇ ਕੁਮਾਰ (ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ), ਅਵਤਾਰ ਸਿੰਘ (ਜ਼ਿਲ੍ਹਾ ਪ੍ਰੋਗਰਾਮ ਮੈਨੇਜਰ), ਦਰਸ਼ਨ ਸਿੰਘ (ਡਿਪਟੀ ਮਾਸ ਮੀਡੀਆ ਅਫ਼ਸਰ), ਸ੍ਰੀ ਸੰਤੋਸ਼ ਭਾਰਤੀ, ਬਲਜੀਤ ਸਿੰਘ (ਸਿਹਤ ਕਰਮਚਾਰੀ) ਅਤੇ ਐਸ.ਬੀ.ਆਈ. ਬੈਂਕ ਦੇ ਮੈਨੇਜਰ ਰਾਕੇਸ਼ ਕੁਮਾਰ ਵੀ ਮੌਜੂਦ ਸਨ।