ਕਈ ਬੰਦੇ ਕੁਝ ਕਾਰਨਾਂ ਕਰਕੇ ਆਪਣੇ ਹੁਨਰ ਨੂੰ ਅੱਗੇ ਨਹੀਂ ਵਧਾ ਪਾਉਂਦੇ ।ਆਪਣੇ ਸ਼ੌਂਕ ਨੂੰ ਮਅਗਲੇਰੀ ਮੰਜ਼ਿਲ ਤੱਕ ਨਹੀਂ ਲਿਆ ਸਕਦੇ ਪਰ ਇਸ ਅਸਮਰਥਾ ਨੂੰ ਉਹ ਕੁਝ ਇਸ ਢੰਗ ਨਾਲ ਵਿਉਂਤ ਲੈਂਦੇ ਹਨ ਕਿ ਆਪਣੇ ਸੁਪਨਿਆਂ ਨੂੰ, ਸ਼ੌਂਕ ਨੂੰ ਹੋਰ ਵੀ ਵਸੀਹ ਕਰ ਲੈਂਦੇ ਹਨ ਤੇ ਅੱਗੋਂ ਹੋਰਨਾ ਦੇ ਸੁਪਨਿਆਂ ਨੂੰ ਵੀ ਖੰਭ ਲਾ ਦਿੰਦੇ ਹਨ। ਅਜਿਹੀਆਂ ਸ਼ਖਸੀਅਤਾਂ ਵਿੱਚੋਂ ਇੱਕ ਨਾਂ ਹੈ ਅਵਤਾਰ ਸਿੰਘ ਪੋਜੇਵਾਲ ।’ਮਾਤਾ ਵਿਦਿਆਦੇਵੀ ਕਬੱਡੀ ਅਕੈਡਮੀ ਪੋਜੇਵਾਲ’ ਦਾ ਸੁਪਨਸਾਜ਼।
ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਦੇ ਨੇੜੇ ਹੀ ਸਥਿਤ ਪਿੰਡ ਪੋਜੇਵਾਲ ਵਿੱਚ 10 ਮਈ 1977 ਨੂੰ ਪੈਦਾ ਹੋਇਆ ਅਵਤਾਰ ਸਿੰਘ ਦਸਵੀਂ ਤੱਕ ਇੱਕ ਬਿਹਤਰੀਨ ਖਿਡਾਰੀ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਉਂਦਾ ਹੈ ।52 ਕਿਲੋ ਅਤੇ 57 ਕਿਲੋ ਵਜ਼ਨ ਵਿੱਚ ਸਰਕਲ ਸਟਾਈਲ ਖੇਡਣ ਵਾਲਾ ਅਵਤਾਰ ਲਗਾਤਾਰ ਤਿੰਨ ਸਾਲ ਮੁਕਤਸਰ, ਫਰੀਦਕੋਟ, ਬਠਿੰਡਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ ਆਦਿ ਕਿੰਨੇ ਹੀ ਜ਼ਿਲਿਆਂ ਵਿੱਚ ਆਲਰਾਉਂਡਰ ਦੇ ਤੌਰ ਤੇ ਖੇਡਦਾ ਰਿਹਾ। ਜਦੋਂ ਮੈਚ ਫਸ ਜਾਣਾ ਤਾਂ ਉਸਨੇ ਧਾਵਾ ਵੀ ਬੋਲਣਾ ਤੇ ਜੱਫੇ ਵੀ ਲਾਉਣੇ। ਉਨਾਂ ਸਮਿਆਂ ਚ ਚਰਚਿਤ ਖਿਡਾਰੀ ਕਾਲ਼ਾ ਕੰਮੇਆਣਾ, ਜੋਨੀ ਝਿੰਗਣਾ, ਬਿੰਦਾ ਤੇ ਝੰਮਾ ਢੰਡੇ, ਡੋਗਰ ਭੀਖੀ ਤੇ ਹੋਰ ਕਿੰਨੇ ਖਿਡਾਰੀ ਸਨ ਜਿਸ ਨਾਲ ਅਵਤਾਰ ਦਾ ਜੱਫ ਪੈਂਦਾ ਸੀ। ਉਸਦਾ ਤੂਤ ਦੀ ਛਟੀ ਵਰਗਾ ਛੀਟਕਾ ਜਿਹਾ ਸਰੀਰ ਦਰਸ਼ਕਾਂ ਦੀ ਭੁੱਖ ਲਾਹੁੰਦਾ ਸੀ।
ਅਚਾਨਕ ਉਸ ਦਾ ਐਕਸੀਡੈਂਟ ਹੋ ਗਿਆ ।ਗੋਡੇ ਦੀ ਡੂੰਘੀ ਸੱਟ ਲੱਗਣ ਕਾਰਨ ਉਹ ਘਰ ਬੈਠ ਗਿਆ ।ਅਵਤਾਰ ਖੇਡਣਾ ਚਾਹੁੰਦਾ ਸੀ ਪਰ ਡਾਕਟਰ ਕਹਿੰਦੇ ‘ਜੇ ਤੂੰ ਤੁਰਨ- ਫਿਰਨ ਲੱਗ ਜਾਵੇਂ ਇੰਨਾ ਹੀ ਬਹੁਤ ਹੈ।’ਅਵਤਾਰ ਦੇ ਸੁਪਨੇ ਚੂਰ ਹੋ ਗਏ। ਉਹ ਜੋ ਕੁਝ ਕਰਨਾ ਚਾਹੁੰਦਾ ਸੀ, ਬਣਨਾ ਚਾਹੁੰਦਾ ਸੀ ,ਉਹ ਸਭ ਸੱਟ ਨੇ ਉਸ ਤੋਂ ਖੋ ਲਿਆ। ਉਹ ਕੁਝ ਸਮਾਂ ਨਿਰਾਸ਼ ਰਿਹਾ ,ਉਦਾਸ ਰਿਹਾ। ਗਰੀਬੀ ਆਪਣਾ ਰੰਗ ਦਿਖਾ ਰਹੀ ਸੀ ।ਇਸੇ ਦਰਮਿਆਨ 2001 ਵਿੱਚ ਉਸ ਦਾ ਵਿਆਹ ਹੋ ਗਿਆ ।ਉਹ ਆਪਣੇ ਸੁਪਨਿਆਂ ਤੋਂ ਹੋਰ ਦੂਰ ਹੁੰਦਾ ਗਿਆ ।ਖੇਡ ਨਾਲੋਂ ਨਾਤਾ ਟੁੱਟ ਗਿਆ ਪਰ ਉਸ ਅੰਦਰ ਪਲਦਾ ਸੁਪਨਾ ਉਸ ਨੂੰ ਸੌਣ ਨਹੀਂ ਸੀ ਦਿੰਦਾ। ਕੁਝ ਕਰਨ ਦੀ ਬੇਚੈਨੀ ਉਸ ਨੂੰ ਜਗਿਆਸੂ ਬਣਾਈ ਰੱਖਦੀ।
2005 ਵਿੱਚ ਅਵਤਾਰ ਸਿੰਘ ਨੇ ਪਿੰਡ ਦੀ ਟੀਮ ਬਣਾਈ। ਉਸਨੇ ਪਿੰਡ ‘ਚੋਂ ਸ਼ਾਨਦਾਰ ਖਿਡਾਰੀ ਲੱਭੇ। ਉਹਨਾਂ ਦੀ ਬਹੁਤ ਤਿਆਰੀ ਕਰਵਾਈ। ਖੁਰਾਕਾਂ ਖਵਾਈਆਂ ‘ਤੇ ਟੂਰਨਾਮੈਂਟਾਂ ਤੇ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਪਿੰਡ ਪੋਜੇਵਾਲ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਖਿਡਾਰੀ ਲੱਭੇ ਤੇ ਉਹਨਾਂ ਦੀ ਸ਼ਾਨਦਾਰ ਟੀਮ ਬਣਾਈ ਤੇ ਪੰਜਾਬ ਲੈਵਲ ਤੇ ਉਹਨਾਂ ਖਿਡਾਰੀਆਂ ਨੂੰ ਮਾਣਤਾ ਦਵਾਈ। ਉਸ ਸਮੇਂ ਦੇ ਖਿਡਾਰੀਆਂ ‘ਚੋਂ ਵਿੱਕੀ, ਲਵਲੀ, ਸ਼ਾਮੀ ਟੋਰੋਆਲ, ਗੁਰਵਿੰਦਰ ਸਿੰਘਪੁਰ, ਮੇਸੀ ਕਟਵਾਰਾ ਕਾਫੀ ਚਰਚਿਤ ਹੋਏ ।
2018 ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ ।ਅਵਤਾਰ ਸਿੰਘ ਦੇ ਮਾਤਾ ਵਿਦਿਆ ਦੇਵੀ ਇਸ ਸੰਸਾਰ ਤੋਂ ਤੁਰ ਜਾਂਦੇ ਹਨ। ਅਵਤਾਰ ਆਪਣੇ ਮਾਤਾ ਜੀ ਲਈ ਵੀ ਕੁਝ ਕਰਨਾ ਚਾਹੁੰਦਾ ਸੀ । ਮਾਤਾ ਜੀ ਦੀ ਯਾਦ ਵਿੱਚ ਉਸ ਨੇ ‘ਮਾਤਾ ਵਿਦਿਆ ਦੇਵੀ ਕਬੱਡੀ ਅਕੈਡਮੀ ਪੋਜੇਵਾਲ’ ਬਣਾਈ । ਕੁਝ ਸਮੇਂ ਵਿੱਚ ਹੀ ਇਹ ਅਕੈਡਮੀ ਪੋਜੇਵਾਲ ਤੋਂ ਸ਼ੁਰੂ ਹੋ ਕੇ ਪੰਜਾਬ, ਪੰਜਾਬ ਤੋਂ ਹਰਿਆਣਾ, ਹਰਿਆਣੇ ਤੋਂ ਹਿੰਦੋਸਤਾਨ, ਹਿੰਦੋਸਤਾਨ ਤੋਂ ਵਿਸ਼ਵ ਪੱਧਰ ਤੱਕ ਆਪਣਾ ਨਾਂ ਬਣਾਉਂਦੀ ਹੈ।ਅੱਜ ਤੱਕ ਇਸ ਅਕੈਡਮੀ ਧਾਂਕ ਜੰਮੀ ਹੋਈ ਹੈ।ਕਬੱਡੀ ਸੰਸਾਰ ਚ ਇਸ ਅਕੈਡਮੀ ਦਾ ਇਕ ਖਾਸ ਮੁਕਾਮ ਹੈ।ਇਹ ਅਕੈਡਮੀ ਅਵਤਾਰ ਸਿੰਘ ਦਾ ਵਪਾਰ ਨਹੀਂ, ਮਿਸ਼ਨ ਹੈ, ਇੱਕ ਸਮਝ ਹੈ,ਪੰਜਾਬ ਪ੍ਰਤੀ ਇੱਕ ਨਜ਼ਰੀਆ ਹੈ ।ਉਹ ਕਹਿੰਦਾ ਹੈ “ਖਿਡਾਰੀ ਜਾਂ ਟੀਮ ਜਿੱਤੇ, ਚਾਹੇ ਹਾਰੇ ਸਾਰਾ ਪੈਸਾ ਖਿਡਾਰੀਆਂ ਵਿੱਚ ਹੀ ਵੰਡਦਾ ਹਾਂ। ਖਿਡਾਰੀਆਂ ਦੇ ਖਾਣ-ਪੀਣ ਦਾ ਪੂਰਾ ਖ਼ਿਆਲ ਰੱਖਦਾ ਹਾਂ। ਮੇਰਾ ਸੁਪਨਾ ਸੀ ਕਿ ਪਿੰਡ ਦੇ ਨੌਜਵਾਨਾਂ ਨੂੰ ਕਬੱਡੀ ਦੇ ਲੜ ਲਾਇਆ ਜਾਵੇ। ਸੋਸ਼ਲ ਮੀਡੀਆ ਯੁੱਗ ਵਿੱਚ ਨੌਜਵਾਨ 24 ਘੰਟੇ ਮੋਬਾਇਲ ਅੰਦਰ ਵੜੇ ਰਹਿੰਦੇ ਹਨ। ਕੁਝ ਨੌਜਵਾਨ ਨਸ਼ਿਆਂ ਵੱਲ ਰੁਚਿਤ ਹੋ ਜਾਂਦੇ ਹਨ। ਮੈਂ ਹਮੇਸ਼ਾ ਸੋਚਦਾ ਹਾਂ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਕਬੱਡੀ ਸਾਡੀ ਪੰਜਾਬੀਆਂ ਦੀ ਵਿਰਾਸਤੀ ਖੇਡ ਹੈ ਤੇ ਇਸ ਖੇਡ ਨੂੰ ਦੁਨੀਆ ਭਰ ਵਿੱਚ ਫੈਲਾਇਆ ਜਾਵੇ ਤਾਂ ਕਿ ਲੋਕ ਖੇਡਾਂ ਜ਼ਰੀਏ ਆਪਣੀ ਸਿਹਤ, ਆਪਣੇ ਸਮਾਜ ਤੇ ਆਪਣੇ ਹੁਨਰ ਦਾ ਲੋਹਾ ਮਨਵਾ ਸਕਣ।” ਉਹ ਆਪਣੇ ਬੱਚੇ ਬਾਰੇ ਦੱਸਦਾ ਹੈ , “ਮੇਰਾ ਬੇਟਾ ਪੰਜਵੀਂ ‘ਚ ਹੈ। ਮੈਂ ਉਸ ਨੂੰ ਰੋਜ਼ ਕਬੱਡੀ ਦੀ ਪ੍ਰੈਕਟਿਸ ਕਰਵਾਉਂਦਾ ਹਾਂ ।ਜਿਸ ਦਿਨ ਨਾ ਕਰਵਾਵਾਂ ਉਹ ਮੋਬਾਇਲ ਨਾਲ ਜੁੜਿਆ ਰਹਿੰਦਾ ਹੈ। ਇੱਕ ਤਾਂ ਬੱਚਾ ਖੇਡ ਨਾਲ ਜੁੜਦਾ ਹੈ। ਦੂਜਾ ਉਹ ਸਰੀਰਕ ਤੌਰ ਤੇ ਫਿਟ ਰਹਿੰਦਾ ਹੈ ,ਤੀਜਾ ਉਹ ਕੁਦਰਤੀ ਵਿਕਾਰਾਂ ਤੋਂ ਬਚ ਜਾਂਦਾ ।”
ਅੱਜ ਕੱਲ ਉਸ ਦੀ ਅਕੈਡਮੀ ਦੋ ਵਜ਼ਨਾ ਵਿੱਚ ਟੀਮ ਤਿਆਰੀ ਕਰਦੀ ਹੈ 70 ਕਿਲੋ ਵਜਨ। ਇਸ ਵਜ਼ਨ ਵਿੱਚ ਚੋਟੀ ਦੇ ਖਿਡਾਰੀ ਸੋਨੂ ਅਣਦਾਣਾ, ਕਾਲ਼ਾ ਮਾਜਰਾ, ਬੰਟੀ ਮਾਜਰਾ ,ਅਸੀਸ ਧਮਿਆਲ ,ਰਜੀਵ ਦਿਉਰਾ ਆਦਿ । ਇਸੇ ਤਰ੍ਹਾਂ ਓਪਨ ਕਬੱਡੀ ਵਿੱਚ ਦੁਨੀਆਂ ਦੇ ਧਾਕੜ ਖਿਡਾਰੀ ਜੱਗੂ ਹਾਕਮਵਾਲਾ, ਹਨੀ ਪੰਡਿਤ, ਵਿਕਾਸ ਅਲੇਵਾ ਹਰਿਆਣਾ, ਮੀਣਾ ਜਖੇਪਲ, ਪਹਾੜੀ, ਖੜਕ ਅਲੀਪੁਰਾ, ਕਾਲ਼ਾ ਅਲੇਵਾ ਆਦਿ ਖਿਡਾਰੀ ਇਸ ਅਕੈਡਮੀ ਨਾਲ ਲਗਾਤਾਰ ਜੁੜੇ ਹੋਏ ਹਨ। ਕੋਚ ਬਿੱਲੂ ਅਕੈਡਮੀ ਦਾ ਹਿੱਸਾ ਹੈ।
ਮੈਂ ਅਵਤਾਰ ਦੇ ਘਰ ਗਿਆ ਤਾਂ ਹੈਰਾਨ ਹੋਇਆ ;ਮਨੁੱਖੀ ਅਕਾਰ ਦੇ ਕਿੰਨੇ ਹੀ ਕੱਪ ਸਜੇ ਹੋਏ ਹਨ, ਲਿਸ਼ਕਾਂ ਮਾਰਦੇ । ਕਿੰਨੇ ਇਨਾਮ ਉਸਦੇ ਕਮਰੇ ਚ ਸਜੇ ਹੋਏ ਹਨ ।ਕਿੰਨੇ ਇਨਾਮ ਬੈੱਡ ਵਿੱਚ ਪਏ ਹਨ। ਸਨਮਾਨ ਚਿੰਨ੍ਹ ਨਾਲ ਇੱਕ ਕਮਰਾ ਭਰਿਆ ਪਿਆ। ਮੈਂ ਉਹਨਾਂ ਦਿਓ ਕੱਦ ਕੱਪਾਂ ਨਾਲ ਫੋਟੋਆਂ ਖਿਚਵਾਉਂਦਾ ਹਾਂ। ਮੈਂ ਇੰਨੇ ਸਨਮਾਨ ਕਿਸੇ ਦੇ ਘਰ ਨਹੀਂ ਵੇਖੇ। ਇਹਨਾਂ ਮਾਣ- ਸਨਮਾਨਾਂ ਬਾਰੇ ਪੁੱਛਣ ਤੇ ਉਹ ਕਹਿੰਦਾ, “ਭਾਜੀ ਪੰਜਾਬ ਦਾ ਉਹ ਕਿਹੜਾ ਵੱਡਾ ਮੇਲਾ ਹੈ ਜਿੱਥੇ ਮੇਰੀ ਟੀਮ ਤੇ ਮੈਨੂੰ ਮਾਣ ਨਾ ਮਿਲਿਆ ਹੋਵੇ ।ਕਰੀਮਪੁਰ, ਭੁਲੱਥ, ਦਿੜਬਾ, ਲੁਧਿਆਣਾ, ਨਵਾਂ ਸ਼ਹਿਰ, ਹਰਿਆਣਾ ਦੇ ਕਈ ਖੇਡ ਮੇਲੇ।” ਵੱਡੇ ਵੱਡੇ ਮੇਲਿਆਂ ਤੇ ਉਸ ਨੂੰ ਵੱਡੇ ਲੋਕਾਂ ਕੋਲੋਂ ਮਾਣ ਸਨਮਾਨ ਮਿਲਿਆ। ਇੰਝ ਹੀ ਉਸਦੀ ਅਕੈਡਮੀ ਦਾ ਨਾਂ ਆਸਟਰੇਲੀਆ ਨਿਊਜ਼ੀਲੈਂਡ ਤੱਕ ਗੂੰਜਦਾ ਹੈ। ਜਿੱਥੇ ਉਸਦੀ ਟੀਮ ਨੇ ਕਈ ਕੱਪ ਜਿੱਤ ਕੇ ਸਨਮਾਨ ਪ੍ਰਾਪਤ ਕੀਤੇ ।
ਅੱਜ ਵੀ ਉਹ ਕਬੱਡੀ ਲਈ ਬਹੁਤ ਸ਼ਿੱਦਤ ਨਾਲ ਮਹਿਸੂਸਦਾ ਹੈ ।ਉਹ ਚਾਹੁੰਦਾ ਹੈ ਕਿ ਪੰਜਾਬ ਦੀ ਕਬੱਡੀ ਦੁਨੀਆ ਭਰ ਵਿੱਚ ਕ੍ਰਿਕਟ ਵਾਂਗ ਚਰਚਿਤ ਹੋਵੇ ਤੇ ਕਬੱਡੀ ਦੇ ਖਿਡਾਰੀ ਵੀ।
—-ਸਤਪਾਲ ਭੀਖੀ
9876155530