ਬੁਢਲਾਡਾ,28 ਜੁਲਾਈ (ਨਾਨਕ ਸਿੰਘ ਖੁਰਮੀ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬਾਬਾ ਬੂਟਾ ਸਿੰਘ ਗੁੜਥੜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਚਾਰਜ, ਧਰਮ ਪ੍ਰਚਾਰ ਮਾਲਵਾ ਜੋਨ ਦੀ ਪ੍ਰਧਾਨਗੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਕਰਵਾਉਣ ਲਈ ਇਲਾਕੇ ਦੀਆਂ ਸੰਗਤਾਂ, ਗ੍ਰੰਥੀ ਸਾਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਜ਼ਰੂਰੀ ਇਕੱਤਰਤਾ ਉੱਤਰੀ ਭਾਰਤ ਦੀ ਸਿਰਮੌਰ ਅਤੇ ਖੁਦਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਹੋਈ। ਇਸ ਇਕੱਤਰਤਾ ਵਿੱਚ ਅਕਤੂਬਰ ਅਤੇ ਨਵੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਸਬੰਧੀ ਵਿਚਾਰ ਚਰਚਾ ਹੋਈ।
ਬਾਬਾ ਬੂਟਾ ਸਿੰਘ ਜੀ ਗੁੜਥੜੀ ਨੇ ਗੁਰੂ ਇਤਿਹਾਸ ਦੇ ਹਵਾਲਿਆਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਸਬੰਧੀ ਸੰਗਤ ਨਾਲ ਵਿਚਾਰ ਕੀਤੇ। ਉਨ੍ਹਾਂ ਕਿਹਾ ਕਿ ਅਕਤੂਬਰ 30 ਅਤੇ 31 ਨੂੰ ਗੁਰੂ ਨਾਨਕ ਕਾਲਜ ਵਿਚ ਦੋ ਦਿਨਾਂ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਸ ਗੁਰਮਤਿ ਸਮਾਗਮ ਵਿਚ ਸਮੁੱਚੇ ਪੰਜਾਬ ਵਿਚੋਂ ਰਾਗੀ, ਢਾਡੀ, ਕਥਾ ਵਾਚਕ ਪਹੁੰਚਣਗੇ। ਉਨ੍ਹਾਂ ਕਿਹਾ ਕਿ ਮਾਲਵੇ ਵਿਚ ਗੁਰੂ ਸਾਹਿਬ ਨਾਲ ਸਬੰਧਿਤ ਅਨੇਕਾਂ ਸਥਾਨ ਹਨ। ਇਨ੍ਹਾਂ ਸਥਾਨਾਂ ਵਿਚੋਂ ਦੀ ਲੰਘਦਿਆਂ ਮਿਤੀ 9 ਨਵੰਬਰ ਨੂੰ ਆਨੰਦਪੁਰ ਸਾਹਿਬ ਤੱਕ ਵਿਸ਼ਾਲ ਚੇਤਨਾ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਵਿਚਾਰ ਕਰਦਿਆਂ ਸ. ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ, ਦਮਦਮਾ ਸਾਹਿਬ ਨੇ ਇਸ ਵਿਸ਼ਾਲ ਚੇਤਨਾ ਮਾਰਚ ਲਈ ਰੂਟ ਸਾਂਝਾ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਜਿਹੜੀਆਂ ਗੁਰੂ ਸਾਹਿਬ ਨਾਲ ਸਬੰਧਿਤ ਥਾਵਾਂ ਹਨ, ਉਨ੍ਹਾਂ ਥਾਵਾਂ ਤੋਂ ਹੁੰਦੇ ਹੋਏ ਸ਼ਾਮ ਤੱਕ ਆਨੰਦਪੁਰ ਸਾਹਿਬ ਪਹੁੰਚਣਾ ਹੈ।
ਇਸ ਸਬੰਧੀ ਸ. ਸੁਖਦੇਵ ਸਿੰਘ ਦਿਆਲਪੁਰਾ, ਸ. ਗੁਰਪ੍ਰੀਤ ਸਿੰਘ, ਸ. ਦਾਰਾ ਸਿੰਘ ਅਕਲੀਆ, ਬਾਬਾ ਬੂਟਾ ਸਿੰਘ ਮਾਖੇਵਾਲ, ਸ. ਭਰਭੂਰ ਸਿੰਘ, ਸ. ਰਘਬੀਰ ਸਿੰਘ, ਭਾਈ ਚਮਕੌਰ ਸਿੰਘ ਅਤੇ ਢਾਡੀ ਭਾਈ ਤਰਸੇਮ ਸਿੰਘ ਖੇਤਲਾ ਨੇ ਵਿਚਾਰ ਸਾਂਝੇ ਕੀਤੇ ਅਤੇ ਇਨ੍ਹਾਂ ਸਮਾਗਮਾਂ ਸਬੰਧੀ ਸੁਝਾਅ ਰੱਖੇ। ਸ੍ਰੀ ਪ੍ਰੇਮ ਅਰੋੜਾ, ਹਲਕਾ ਇੰਚਾਰਜ ਮਾਨਸਾ ਨੇ ਕਿਹਾ ਕਿ ਇਸ ਸਮਾਗਮ ਵਿੱਚ ਪਾਰਟੀਆਂ ਤੋਂ ਉੱਪਰ ਉੱਠ ਕੇ ਸੇਵਾ ਭਾਵਨਾ ਨਾਲ ਹਿੱਸਾ ਲੈਣਾ ਚਾਹੀਦਾ ਹੈ। ਡਾ. ਨਿਸ਼ਾਨ ਸਿੰਘ, ਹਲਕਾ ਇੰਚਾਰਜ ਬੁਢਲਾਡਾ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਇਹ ਸ਼ਤਾਬਦੀਆਂ ਸਾਡੇ ਸਮਿਆਂ ਵਿੱਚ ਆਈਆਂ ਹਨ, ਸਾਨੂੰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਵਿਸ਼ਾਲ ਚੇਤਨਾ ਮਾਰਚ ਕੱਢਿਆ ਜਾ ਸਕੇ। ਸ. ਬਲਵੀਰ ਸਿੰਘ ਬੀਰੋਕੇ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨਸਾ ਨੇ ਵਿਚਾਰ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਲਗਾਵੇਗੀ ਅਸੀਂ ਹਾਜ਼ਰ ਹਾਂ। ਇਸ ਮੌਕੇ ਪੋਸਟਰ ਰਿਲੀਜ਼ ਕੀਤਾ ਗਿਆ। ਅਖੀਰ ਵਿਚ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਰਜਿੰਦਰ ਕੌਰ, ਡਾ. ਰਾਜਨਦੀਪ ਕੌਰ, ਪ੍ਰੋ. ਗੁਰਦੀਪ ਸਿੰਘ, ਸ. ਅਮਨਪ੍ਰੀਤ ਸਿੰਘ, ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਰ੍ਹੇ ਸਾਹਿਬ, ਭੈਣੀ ਬਾਘਾ, ਬੱਛੋਆਣਾ, ਬੁਢਲਾਡਾ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਪ੍ਰਬੰਧਕ, ਇਲਾਕੇ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ, ਗ੍ਰੰਥੀ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਸਨ।