ਮਾਨਸਾ, 28 ਜੁਲਾਈ (ਨਾਨਕ ਸਿੰਘ ਖੁਰਮੀ)
ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿੱਚ ਹਰਿਆਲੀ ਤੀਜ ਦਾ ਤਿਉਹਾਰ ਰਵਾਇਤੀ ਢੰਗ ਨਾਲ, ਉਤਸ਼ਾਹ ਅਤੇ ਭਰਪੂਰ ਸੱਭਿਆਚਾਰਕ ਰੰਗਾਂ ਨਾਲ ਮਨਾਇਆ। ਇਸ ਪਵਿੱਤਰ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀਮਤੀ ਤੇਜਿੰਦਰ ਕੌਰ ਜੀ ਨੇ ਸ਼ਿਰਕਤ ਕੀਤੀ ਅਤੇ ਆਪਣੀ ਹਾਜ਼ਰੀ ਨਾਲ ਸਮਾਰੋਹ ਦੀ ਰੌਣਕ ਵਿੱਚ ਹੋਰ ਵੀ ਚਮਕ ਭਰ ਦਿੱਤੀ। ਉਨ੍ਹਾਂ ਦੇ ਨਾਲ ਸ੍ਰੀਮਤੀ ਗਗਨਦੀਪ ਕੌਰ (ਚੀਫ ਲਾਇਬ੍ਰੇਰੀਅਨ, ਮਾਨਸਾ) ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
ਸਕੂਲ ਦੇ ਵਿਹੜੇ ਨੂੰ ਰਵਾਇਤੀ ਢੰਗ ਨਾਲ ਸਜਾਇਆ ਗਿਆ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਝੂਲੇ, ਪੱਖੀਆਂ, ਰੱਖੜੀਆਂ, ਰੰਗ – ਬਰੰਗੀਆਂ ਝਾਲਰਾਂ ਅਤੇ ਪੁਰਾਣੀ ਲੋਕ – ਸੰਸਕ੍ਰਿਤੀ ਦੀਆਂ ਚੀਜ਼ਾਂ ਨਾਲ ਪੂਰ੍ਹੇ ਸਕੂਲ ਦੇ ਵਿਹੜੇ ਨੂੰ ਸਜਾਇਆ ਗਿਆ। ਰੂਹ ਨੂੰ ਛੂਹਣ ਵਾਲਾ ਦ੍ਰਿਸ਼ ਬਣ ਗਿਆ। ਵਿਦਿਆਰਥੀਆਂ ਵੱਲੋਂ ਲਗਾਈ ਸੱਭਿਆਚਾਰਕ ਪ੍ਰਦਰਸ਼ਨੀ ਨੇ ਵੀ ਸਭ ਦਾ ਮਨ ਮੋਹ ਲਿਆ। ਇਸ ਵਿੱਚ ਪੁਰਾਤਨ ਘਰੇਲੂ ਸਾਜੋ-ਸਾਮਾਨ, ਰੀਤੀ – ਰਿਵਾਜ਼ਾਂ ਅਤੇ ਲੋਕ ਜੀਵਨ ਨਾਲ ਸੰਬੰਧਤ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਬੱਚਿਆਂ ਨੂੰ ਪੰਜਾਬ ਦੀ ਮਿੱਟੀ ਨਾਲ ਡੋਰ ਜੋੜਨ ਦੀ ਕੋਸ਼ਿਸ਼ ਸੀ।
ਪ੍ਰੀ-ਪ੍ਰਾਇਮਰੀ ਦੇ ਨਿੱਕੇ-ਨਿੱਕੇ ਬੱਚਿਆਂ ਨੇ ਰਵਾਇਤੀ ਵਸਤਰ ਪਾ ਕੇ ਤੀਜ ਦੇ ਗੀਤ ਗਾਏ ਅਤੇ ਮਨਮੋਹਕ ਨਾਚ ਪੇਸ਼ ਕੀਤੇ। ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਅਤੇ ਮਾਵਾਂ ਨੇ ਵੱਖ-ਵੱਖ ਰਾਜਸਥਾਨੀ, ਗਿੱਧਾ ਅਤੇ ਭੰਗੜਾ ਵਰਗੇ ਲੋਕ ਨਾਚ ਰਾਹੀਂ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਮਾਵਾਂ ਨੇ ਵੀ ਗੀਤ-ਸੰਗੀਤ ਅਤੇ ਨਾਚ ਰਾਹੀਂ ਆਪਣੀ ਭਾਗੀਦਾਰੀ ਨਿਭਾਈ।
ਸਮਾਗਮ ਦੌਰਾਨ ਸਕੂਲ ਵਿੱਚ ਮਹਿੰਦੀ ਅਤੇ ਸ਼ਿੰਗਾਰ ਸਮਾਨ ਦੇ ਸਟਾਲ ਲਗਾਏ ਗਏ। ਵਿਦਿਆਰਥਣਾਂ ਨੇ ਸਿਰਫ਼ ਮਹਿੰਦੀ ਲਾਉਣ ਦੀ ਹੀ ਕਲਾ ਨਹੀਂ ਦਿਖਾਈ, ਸਗੋਂ ਇਕ ਦੂਜੇ ਨੂੰ ਸਿਖਾਉਣ ਅਤੇ ਸਾਂਝੇ ਤੌਰ ‘ਤੇ ਕੰਮ ਕਰਨ ਦੀ ਭਾਵਨਾ ਵੀ ਉਤਸ਼ਾਹਿਤ ਕੀਤੀ।
ਇਸ ਮੌਕੇ ਖਾਸ ਆਕਰਸ਼ਣ ਰਿਹਾ ਰੈਂਪ ਵਾਕ, ਜੋ ਮਾਵਾਂ ਲਈ ਵਿਸ਼ੇਸ਼ ਤੌਰ ‘ਤੇ ਆਯੋਜਿਤ ਕੀਤਾ ਗਿਆ। ਰਵਾਇਤੀ ਲਿਬਾਸ ਪਹਿਨ ਕੇ ਮਾਵਾਂ ਨੇ ਜਦੋਂ ਸਟੇਜ ‘ਤੇ ਆਪਣੇ ਆਤਮ-ਵਿਸ਼ਵਾਸ, ਅਦਾਕਾਰੀ ਤੇ ਅਭਿਨੈ ਨਾਲ ਕਦਮ ਰੱਖੇ ਤਾਂ ਪੂਰਾ ਦਰਸ਼ਕ ਮੰਡਲ ਤਾਲੀਆਂ ਨਾਲ ਗੂੰਜ ਉਠਿਆ। ਰੈਂਪ ਵਾਕ ਕਿਸੇ ਪੇਸ਼ੇਵਰ ਮਾਡਲਿੰਗ ਸ਼ੋਅ ਤੋਂ ਘੱਟ ਨਹੀਂ ਸੀ।
ਇਸ ਦਿਲਕਸ਼ ਮੁਕਾਬਲੇ ਵਿੱਚ “ਮਿਸ ਤੀਜ” ਦਾ ਖਿਤਾਬ ਮੰਜੂ ਰਾਣੀ ਨੂੰ ਦਿੱਤਾ ਗਿਆ, ਜਦਕਿ ਵੀਰਪਾਲ ਕੌਰ ਰਨਰਅਪ ਰਹੀ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ ਨੇ ਆਪਣੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਹਰਿਆਲੀ ਤੀਜ ਦੇ ਸੱਭਿਆਚਾਰਕ, ਆਧਿਆਤਮਿਕ ਅਤੇ ਵਾਤਾਵਰਣਕ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਮਾਰੋਹ ਵਿੱਚ ਭਾਗ ਲੈਣ ਵਾਲੀਆਂ ਮਾਤਾਵਾਂ, ਵਿਦਿਆਰਥੀਆਂ ਅਤੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਹੋਏ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤਰ੍ਹਾਂ ਦੇ ਤਿਉਹਾਰਾਂ ਰਾਹੀਂ ਸੰਸਕਾਰਾਂ ਜੀਉਂਦਾ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ।