ਮਾਨਸਾ,25 ਜੁਲਾਈ (ਨਾਨਕ ਸਿੰਘ ਖੁਰਮੀ ) ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾ ਰਹੀ ‘ਐਂਟੀ ਡੇਂਗੂ ਮੁਹਿੰਮ’ ਤਹਿਤ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਮਾਨਸਾ ਜ਼ਿਲ੍ਹੇ ਵਿੱਚ ਪੂਰੇ ਜ਼ੋਰਾਂ ‘ਤੇ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਧਾਰਮਿਕ ਸਥਾਨਾਂ, ਇਤਿਹਾਸਕ ਸਥਾਨਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਸਿਹਤ ਬਲਾਕ ਖਿਆਲਾ ਕਲਾਂ ਵਿੱਚ ਐਸ.ਐਮ.ਓ. ਡਾ. ਹਰਮਨਦੀਪ ਸਿੰਘ ਅਤੇ ਡਾ. ਬਲਜਿੰਦਰ ਕੌਰ ਦੀ ਦੇਖ-ਰੇਖ ਹੇਠ ਸਿਹਤ ਟੀਮਾਂ ਵੱਲੋਂ ਖੇਤਰ ਵਿੱਚ ਲਾਰਵਾ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕਤਾ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਇਨ੍ਹਾਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਕੀਤੀ। ਉਨ੍ਹਾਂ ਨੇ ਬਾਬਾ ਜੋਗੀ ਪੀਰ ਜੀ ਦੇ ਸਥਾਨ ਰੱਲਾ ਵਿਖੇ ਜਾਗਰੂਕਤਾ ਗਤੀਵਿਧੀਆਂ ਕਰ ਰਹੀ ਟੀਮ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ, ਉਨ੍ਹਾਂ ਨੇ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ।
ਇਸ ਮੌਕੇ ਜਗਦੀਸ਼ ਸਿੰਘ, ਸਿਹਤ ਸੁਪਰਵਾਈਜ਼ਰ, ਨੇ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਪੈਦਾ ਹੋਣ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਡੇਂਗੂ ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਜਗਦੇਵ ਸਿੰਘ ਆਸ਼ਾ ਕੁਆਡੀਨੇਟਰ, ਸਿਹਤ ਕਰਮਚਾਰੀ ਚਾਨਣ ਦੀਪ ਸਿੰਘ, ਸੁਖਵੀਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਕੌਰ, ਕਮਲਜੀਤ ਰਾਣੀ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ।
ਇਸ ਦੇ ਨਾਲ ਹੀ ਐਸ ਐਮ ਓ ਡਾ ਹਰਮਨਦੀਪ ਸਿੰਘ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ ਐੱਚ ਸੀ ਜੋਗਾ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਸੁਨਿਸ਼ਚਿਤ ਕੀਤਾ ਕਿ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਅਤੇ ਦਵਾਈਆਂ ਮਿਲ ਰਹੀਆਂ ਹਨ। ਇਸ ਮੌਕੇ ਡਾ ਗੌਰਵ, ਹੋਰ ਸਟਾਫ ਅਤੇ ਮਰੀਜ਼ ਹਾਜ਼ਰ ਸਨ।
ਕੈਪਸਨ : ਬਾਬਾ ਜੋਗੀ ਪੀਰ ਜੀ ਰੱਲਾ ਵਿਖੇ ਲਾਰਵਾ ਚੈਕਿੰਗ ਦੌਰਾਨ ਡਾ ਕੰਵਲਪ੍ਰੀਤ ਕੌਰ ਬਰਾੜ, ਡਾ ਹਰਮਨਦੀਪ ਸਿੰਘ ਅਤੇ ਸਿਹਤ ਟੀਮ