*ਹਲਕਾ ਬੁਢਲਾਡਾ ਦੀਆਂ 31 ਸੜ੍ਹਕਾਂ ਦੇ ਨਵੀਨੀਕਰਨ ਲਈ 17 ਕਰੋੜ 05 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ*
ਬੁਢਲਾਡਾ/ਮਾਨਸਾ, 17 ਜੁਲਾਈ:
ਪੰਜਾਬ ਦਾ ਵਿਕਾਸ, ਇੱਥੋਂ ਦੇ ਲੋਕਾਂ ਨੂੰ ਸੁਖ ਸਹੂਲਤਾਂ ਮਿਲਣੀਆਂ ਅਤੇ ਸੜ੍ਹਕਾਂ ਆਦਿ ਦਾ ਨਿਰਮਾਣ ਸਾਡੇ ਲੋਕਾਂ ਦਾ ਹੱਕ ਹੈ ਨਾ ਕਿ ਰਿਆਇਤ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ, ਪਿ੍ੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੀਆਂ ਸੜ੍ਹਕਾਂ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਵਿਸ਼ੇਸ਼ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਕੀਤਾ |
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਕਾਰਜਸ਼ੀਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਲਕਾ ਬੁਢਲਾਡਾ ਦੀਆਂ 31 ਸੜ੍ਹਕਾਂ ਦੇ ਨਵੀਨਕਰਨ ਲਈ 17 ਕਰੋੜ 05 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਹਲਕੇ ਦੀਆਂ ਸੜ੍ਹਕਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਲੋਕਾਂ ਨੂੰ ਆਵਾਜਾਈ ਵਿਚ ਰਾਹਤ ਮਿਲੇਗੀ |
ਵਿਧਾਇਕ ਨੇ ਕਿਹਾ ਕਿ ਇਹ ਸੜ੍ਹਕਾਂ ਸਿਰਫ ਆਵਾਜਾਈ ਹੀ ਨਹੀਂ ਸਗੋਂ ਦੇਸ਼ ਦੀ ਅਰਥ ਵਿਵਸਥਾ ਨੂੰ ਜੋੜਨ ਵਾਲੀਆਂ ਧਮਣੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਤਹਿਤ ਹਲਕੇ ਦੀਆਂ 31 ਸੜ੍ਹਕਾਂ ਨਿਰਮਾਣ ਅਧੀਨ ਆਉਣਗੀਆਂ, ਜਿੰਨ੍ਹਾਂ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ |
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਕੇਂਦਰ ਵੱਲੋਂ ਦਿਹਾਤੀ ਵਿਕਾਸ ਫੰਡ ਰੋਕਣਾ ਪੰਜਾਬ ਨਾਲ ਇਕ ਰਾਜਨੀਤਿਕ ਵਿਤਕਰਾ ਹੈ | ਕੇਂਦਰ ਨੂੰ ਇਹ ਫੰਡ ਪੰਜਾਬ ਲਈ ਜ਼ਰੂਰ ਜਾਰੀ ਕਰਨਾ ਚਾਹੀਦਾ ਹੈ ਤਾਂਜ ਜੋ ਸੂਬੇ ਦੀ ਤਰੱਕੀ ਵਿਚ ਹੋਰ ਸਹਿਯੋਗ ਮਿਲ ਸਕੇ | ਉਨ੍ਹਾਂ ਕਿਹਾ ਕਿ ਫੇਰ ਵੀ ਪੰਜਾਬ ਸਰਕਾਰ ਦੇ ਉਦਮਾਂ ਸਦਕਾ ਸੂਬੇ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ |
ਵਿਧਾਇਕ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹਮੇਸ਼ਾ ਲੋਕ ਪੱਖੀ ਫੈਸਲੇ ਲਏ ਗਏ ਹਨ ਜੋ ਕਿ ਲੋਕਾਂ ‘ਤੇ ਕੋਈ ਅਹਿਸਾਨ ਨਹੀਂ ਬਲਕਿ ਉਨ੍ਹਾਂ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਤੇ ਲੋਕ ਸਮੱਸਿਆਵਾਂ ਨੂੰ ਸਰਕਾਰ ਤੱਕ ਲੈ ਕੇ ਜਾਣਾ ਅਤੇ ਉਨ੍ਹਾਂ ਦਾ ਯੋਗ ਹੱਲ ਕਰਵਾਉਣਾ ਸਾਡਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ | ਹਲਕੇ ਦੇ ਵਿਕਾਸ ਲਈ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਉਪਰਾਲੇ ਜਾਰੀ ਰਹਿਣਗੇ |