“ਓਏ ਜਲਦੇਵ ਔਂਦਾ। ਛੇੜੀਏ?” ਤ੍ਰਵੇਣੀ ਥੱਲੇ ਬੈਠਿਆਂ ਚੋਂ ਛੋਟੇ ਨੇ ਦੂਜੇ ਦੇ ਕੂਹਣੀ ਮਾਰੀ।
ਦੂਜੇ ਨੇ ਬਿਨਾਂ ਬੋਲਿਆਂ ਅੱਖ ਨਾਲ ਈ ਸਹਿਮਤੀ ਦੇ ਦਿਤੀ। ਤੇ ਸਾਰਿਆਂ ਦਾ ਧਿਆਨ ਤੁਰੇ ਆਉਂਦੇ ਬਲਦੇਵ ਸਿੰਘ ਵੱਲ ਹੋ ਗਿਆ।
“ਹੋਰ ਬਈ ਚਾਚੇ… ਗਿਆ ਸੀ ਕਿਸਾਨ ਮੇਲੇ ‘ਤੇ?” ਛੋਟੇ ਨੇ ਬਲਦੇਵ ਸਿੰਘ ਦਾ ਮਨਪਸੰਦ ਵਿਸ਼ਾ ਛੋਹ ਲਿਆ, “…ਕੀ ਕਹਿੰਦੇ ਡਾਕਟਰ? ਨਾਲੇ ਪਾਣੀ ਪੂਣੀ ਬਾਰੇ ਵੀ ਬੋਲਦੇ ਹੋਣੇ! ”
“ਹਾਂ ਗਿਆ ਸੀ ਭਤੀਜ …ਬੜਾ ‘ਕੱਠ ਸੀ ਬੀ ਐਤਕੀਂ ।” ਤੁਰਿਆ ਜਾਂਦਾ ਬਲਦੇਵ ਰੁਕ ਗਿਆ ਤੇ ਇੱਕ ਪੈਰੋਂ ਜੋੜਾ ਲਾਹ ਕੇ ਪੈਰ ਪੱਥਰ ਦੇ ਬੈਂਚ ‘ਤੇ ਟਿਕਾ ਲਿਆ।
“ਅੱਛਿਆ! ” ਸੱਥ ਨੇ ਮਸ਼ਕਰੀ ‘ਚ ਤਕੜਾ ਹੁੰਗਾਰਾ ਭਰਿਆ।
“ਭਾਸ਼ਨ ਤਾਂ ਬਈ ਬੜੇ ਸੁਣੇ ਸੀ ਹੁਣ ਤਕ । ਪਰ ਤੋਕੀਂ ਇਕ ਵੱਡਾ ਡਾਕਟਰ ਆਇਆ ਸੀ । ਉਮਰੋਂ ਤਾਂ ਬਜੁਰਗ ਸੀ, ਪਰ ਚਿਹਰਾ …ਐਨ ਨੂਰੋ -ਨੂਰ…।” ਬੋਲਦਾ ਬੋਲਦਾ ਬਲਦੇਵ ਸਿੰਘ ਰੁਕ ਗਿਆ ਜਿਵੇਂ ਸੱਥ ਤੋਂ ਦੁਬਾਰਾ ਹੁੰਗਾਰੇ ਦੀ ਉਡੀਕ ਕਰਦਾ ਹੋਵੇ।
“ਫੇਰ ਤਾਇਆ, ਕੀ ਕਹਿੰਦਾ ਨੂਰੋ -ਨੂਰ ਡਾਕਟਰ? ” ਇਕ ਨੇ ਸਵਾਲ ਕਰਕੇ ਨਾਲਦੇ ਵੱਲ ਜੀਭ ਕੱਢੀ।
“ਪਾਣੀ ਬਚਾਉਣ ਬਾਰੇ ਬੋਲਦਾ ਡਾਕਟਰ ਜੌਹਲ ਵਾਲੀ ਗੱਲ ਦੁਹਰਾਉਂਦਾ ਸੀ…”
“ਕਿਹੜੀ ਗੱਲ?”
“…ਕਹਿੰਦਾ ਕਿਸਾਨ ਵੀਰੋ ਜੇ ਆਉਣ ਵਾਲੀਆਂ ਨਸਲਾਂ ਤੇ ਪੰਜਾਬ ਨੂੰ ਬਚਾਉਣਾ ਤਾਂ ਝੋਨਾ ਲੌਣੌ ਬੰਦ ਕਰ ਦਿਓ…। ”
“ਹੂੰਅ …ਝੋਨਾ ਲੌਣੌ ਹਟ ਜੀਏ! ਹੋਰ ਕੀ ਬੀਜਾਂਗੇ …ਓਹਦਾ ਸਿਰ?ਨਾਲੇ ਤੇਰਾ! ”
“ਨਾ ਝੋਨਾ ਬੰਦ ਕਰਕੇ ਭੁੱਖੇ ਮਰਨੈ!” ਲਛਮਣ ਨੇ ਵੀ ਪਹਿਲੇ ਦੀ ਗੱਲ ਦੀ ਪ੍ਰੋੜਤਾ ਕੀਤੀ।
“ਆਹੋ, ਸੋਡੇ ਵਰਗੇ ਓਥੇ ਵੀ ਵਥੇਰੇ ਸੀ। ਪੂਰੀ ਗੱਲ ਸੁਣੇ ਬਿਨਾਂ ਉਹ ਵੀ ਐਂਈ ਭੜਕੇ ਸੀ…” ਬਲਦੇਵ ਸਿੰਘ ਦੀ ਗੱਲ ਸੁਣ ਕੇ ਸੱਥ ਚੁੱਪ ਹੋ ਗਈ।
“ਫੇਰ ਚਾਚਾ …ਗਾਹਾਂ ਦੱਸ ਪੂਰੀ ਗੱਲ। ” ਛੋਟੇ ਨੇ ਬਲਦੇਵ ਨੂੰ ਗੱਲ ਅੱਗੇ ਚਲਾਉਣ ਲਈ ਕਿਹਾ ਤੇ ਨਾਲਦਿਆਂ ਨੂੰ ਬੋਲਿਆ, ” ਤੁਸੀਂ ਵੀ ਯਰ ਪਹਿਲਾਂ ਪੂਰੀ ਗੱਲ ਤਾਂ ਸੁਣਲੋ… ਫੇਰ ਭਜਾ ਲਿਓ ਆਵਦਾ ਘੋੜਾ।”
“…ਓਹਨੇ ਜਬਾਵ ਦਿੱਤਾ ਫੇਰ… ਕਹਿੰਦਾ ਮੈਂ ਬੜੇ ਸਾਲਾਂ ਤੋਂ ਕਹਿੰਦਾ ਆ ਰਿਹਾਂ ਤੇ ਅੱਜ ਵੀ ਕਹਿਨਾਂ ਬੀ ਉਹ ਫਸਲਾਂ ਹੁਣੇ ਤੋਂ ਬੀਜਣੀਆਂ ਸ਼ੁਰੂ ਕਰ ਦਿਓ, ਜਿਹੜੀਆਂ ਪਾਣੀ ਮੁੱਕੇ ਮਗਰੋਂ ਮਜਬੂਰੀ ‘ਚ ਬੀਜਣੀਆਂ ਪੈਣੀਆਂ।”
“ਹੂੰਅ …ਡਾਕਟਰਾਂ ਨੂੰ ਕੀ ਪਤਾ…ਖੋਤੜਾ। ਐਂਵੇਂ ਮਾਰੀ ਜਾਂਦੇ ਨੇ ਉੱਘ ਦੀ ਪਤਾਲ…। ” ਲਛਮਣ ਦੀ ਗੱਲ ਦੀ ਹੋਰਾਂ ਨੇ ਵੀ ਹਾਮੀ ਭਰੀ।
“ਨਾਂ ਹੋਰ ਸੋਨੂੰ ਪਤੈ । ਆਹ ਸੱਥ ‘ਚੋਂ ਬਾਹਰ ਗਏ ਓੰ ਕਦੇ? ਨਾ ਅਖਬਾਰ …ਨਾ ਖਬਰਾਂ! ਡਾਕਟਰਾਂ ਦੀ ਪੜ੍ਹਾਈ ਨੂੰ ਟਿੱਚ ਕਹਿੰਨੇ ਓੰ। ਬਣੇ ਫਿਰਦੇ ਆ ਕਿਤੇ…।” ਖੇਤੀਬਾੜੀ ਮਾਹਰਾਂ ਦਾ ਨਿਰਾਦਰ ਸੁਣ ਬਲਦੇਵ ਸਿੰਘ ਥੋੜ੍ਹਾ ਤੈਸ਼ ਵਿਚ ਆ ਗਿਆ।
“ਨਾ ਚਾਚਾ, ਤੂੰ ਦੱਸਿਆ ਨੀਂ ਫੇਰ ਉਹਨੂੰ …ਬਈ ਮੈਂ ਤਾਂ ਨਰਮਾ ਤੇ ਹੋਰ ਬਰਾਨੀ ਫਸਲਾਂ ਬੀਜਦਾਂ । ਤੇਰੇ ਕਹਿਣ ਤੋਂ ਪਹਿਲਾਂ ਈ ਤੇਰੇ ਮਤਾਬਕ ਚਲਦਾਂ…ਕੀ ਪਤੈ ਕੋਈ ‘ਨਾਮ -ਸ਼ਨਾਮ ਈ ਮਿਲ ਜਾਂਦਾ? ” ਛੋਟੇ ਨੇ ਚੱਬ ਕੇ ਬੋਲਦਿਆਂ ਗੱਲ ਬਦਲ ਦਿੱਤੀ।
“ਨਾ ਭਤੀਜ ਮੈਨੂੰ ‘ਨਾਮ -ਨੂਮ ਨੀਂ ਚਾਹੀਦਾ ਕੁਸ਼। ਬਸ ਮੈਂ ਝੋਨਾ ਨੀਂ ਲੌਣਾ ਆਵਦੇ ਖੇਤ। ਜਿੰਨਾ ਮੇਰੇ ਵੱਸ ਐ …ਮੈ ਪਿੱਛੇ ਨੀਂ ਹਟਦਾ…ਭੁੱਖਾ ਮਰਦਾਂ ਭਾਮੇ ਵੀਹ ਆਰੀ ਮਰਜਾਂ।” ਬਲਦੇਵ ਸਿੰਘ ਨੇ ਲਛਮਣ ਵਲ ਝਾਕਦਿਆਂ ਛੋਟੇ ਨੂੰ ਉੱਤਰ ਦਿੱਤਾ, ਬੈਂਚ ਤੋਂ ਪੈਰ ਚੁਕਿਆ ਤੇ ਜੋੜਾ ਪਾਕੇ ਤੁਰ ਗਿਆ।
“ਹੂੰਅ …ਐਂਵੇਂ ਮਾਰਦੈ ਭਕਾਈ…ਨਰਮੇ ਗੁਆਰੇ ਦੀ ਕਮਾਈ ਨਾਲ ਪੰਜ -ਪਾਂਜੇ ਪੂਰੇ ਹੋਏ ਐ ਕਦੇ । ਕਿੰਨਾ ਮਹਿੰਗਾ ਜ਼ਮਾਨੈ! ” ਇੱਕ ਬੋਲਿਆ।
“ਝੋਨਾ ਯਰ ਗਰੰਟੀ ਆਲੀ ਫਸਲ ਐ …ਨਾ ਝਾੜ ਦਾ ਫਿਕਰ …ਨਾ ਰੇਟ ਦਾ। ਐਂ ਈ ਆ ਬੀ ਵਿਕਣ-ਵਕੌਣ ਵੇਲੇ ਦੋ ਦਿਨ ਲੇਟ -ਫੇਟ ਹੋ ਜਾਂਦਾ ।” ਦੂਜੇ ਨੇ ਹਾਮੀ ਭਰ ਦਿੱਤੀ।
“ਤੇ ਓਹ ਦੋ ਚਾਰ ਦਿਨ ਵੀ…ਤੇਰੇ ਜਿਆਂ ਦੇ ਤੀਆਂ ਆਂਗੂ ਲੰਘਦੇ ਨੇ। ਕਿ ਝੂਠ ਐ ਗੱਲ?” ਛੋਟੇ ਦੀ ਝਹੇਡ ਨਾਲ ਸੱਥ ਦਾ ਹਾਸਾ ਛਣਕਿਆ।
” ਤੇ ਏਹੇ ਜਲਦੇਵ! ਦੇਖਲਾ …ਕਹਿੰਦਾ ਭਾਮੇ ਭੁੱਖਾ ਮਰਜਾਂ …ਝੋਨਾ ਨੀਂ ਲੌਣਾ। ਅਖੇ ਪਾਣੀ ਬਰਬਾਦ ਹੁੰਦਾ।” ਹਾਸਾ ਰੁਕਣ ਮਗਰੋਂ ਕੋਈ ਬੋਲਿਆ।
“ਬਾਹਲਾ ਪਾਣੀ -ਪਾਣੀ ਕਰਦੈ …ਮੈਨੂੰ ਤਾਂ ਲਗਦੈ ਭੁੱਖਾ ਨੀਂ …ਤਿਹਾਇਆ ਮਰੂ।” ਲਛਮਣ ਨੇ ਖੰਘੂਰਾ ਮਾਰਿਆ।
“ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਓਂ ਨਾ ਤੇ ਮਜਾਕ ਉਡਾਉਣੇ ਓਂ ਬਲਦੇਵ ਸਿੰਘ ਦਾ…ਇੱਕ ਦਿਨ ਦੇਣੀਆਂ ਪੈਣਗੀਆਂ। ਮੈਨੂੰ ਦਿਸੀ ਜਾਂਦੈ ਸਾਰਾ ਕੁਸ਼। ਆਖਰ ਨੂੰ ਬਲਦੇਵ ਸਿੰਘ ਨੇ ਸਹੀ ਹੋਣੈ।” ਠਾਕਰ ਬਾਬਾ ਜੋ ਹੁਣ ਤੱਕ ਚੁੱਪ ਬੈਠਾ ਰਿਹਾ ਸੀ, ਬੋਲਿਆ। ਓਹਦੇ ਤਲਖੀ ਭਰੇ ਬੋਲਾਂ ਨਾਲ ਸੱਥ ਚੁੱਪ ਕਰ ਗਈ।
* * *
ਬਲਦੇਵ ਸਿੰਘ ਇਸ ਛੋਟੇ ਜਿਹੇ ਪਿੰਡ ਵਿਚ ਲਗਭਗ ਇਕੱਲਾ ਬੰਦਾ ਹੀ ਸੀ, ਜੋ ਵਾਤਾਵਰਣ ਨੂੰ ਪਿਆਰ ਕਰਦਾ ਸੀ…ਕੁਦਰਤ ਪ੍ਰੇਮੀ। ਪਾਣੀ ਦੀ ਸੰਭਾਲ ਬਾਰੇ ਕੁਝ ਤਾਂ ਉਹ ਪਹਿਲਾਂ ਤੋਂ ਹੀ ਚੇਤੰਨ ਸੀ, ਪਰ ਇਕ ਵਾਰ ਆਵਦੀ ਭਾਣਜੀ ਨਾਲ ਹੋਈ ਛੋਟੀ ਜਿਹੀ ਵਾਰਤਾਲਾਪ ਨੇ ਉਸਨੂੰ ਜਨੂੰਨ ਦੀ ਹੱਦ ਤੱਕ ਗੰਭੀਰ ਬਣਾ ਦਿੱਤਾ ਸੀ।
ਗੱਲ ਇੰਜ ਹੋਈ ਕਿ ਦਸਵੀਂ ‘ਚ ਪੜ੍ਹਦੀ ਅਰਸ਼ ਆਪਣੇ ਨਾਨਕੇ ਆਈ ਹੋਈ ਸੀ। ਮਾਮਾ ਬਲਦੇਵ ਸਿੰਘ ਆਥਣੇ ਖੇਤੋਂ ਮੁੜ੍ਹਕੋ ਮੁੜ੍ਹਕੀ ਹੋਇਆ ਘਰ ਆਇਆ।
“ਊਂਅ…ਮਾਮਾ ਜੀ ਕਿੰਨੇ ਗੰਦੇ …। ਕਿੰਨੇ ਲਿੱਬੜੇ ਕੱਪੜੇ …ਇਆ।” ਅਰਸ਼ ਨੇ ਅਲਕਤ ਮੰਨਦਿਆਂ ਨੱਕ ਚੜ੍ਹਾਇਆ ਸੀ।
ਨਹਾਉਣ -ਧੋਣ ਪਿੱਛੋਂ ਮਾਮਾ ਭਾਣਜੀ ਪਿਆਰ ਭਰੀਆਂ ਗੱਲਾਂ ਕਰਨ ਲੱਗ ਪਏ।
“ਮਾਮਾ ਜੀ ਤੁਸੀਂ ਐਨੇ ਗੰਦੇ ਕਿਓਂ ਹੋਏ ਪਏ ਸੀ? ” ਅਰਸ਼ ਦੇ ਬਾਲਮਨ ਤੋਂ ਅਜੇ ਤੱਕ ਲਿਬੜੇ ਹੋਏ ਮਾਮੇ ਦੀ ਤਸਵੀਰ ਹਟੀ ਨਹੀਂ ਸੀ।
“ਖੇਤ ਜੀਰੀ ਲੌਣੇ ਆਂ ਪੁੱਤ। ਕੱਦੂ ਕੀਤੇ ਖੇਤ ‘ਚ …ਗਾਰੇ ‘ਚ ਗਾਰਾ ਹੋਣੈ ਪੈਂਦਾ! ਸਵੇਰੇ ਦਿਖਾ ਕੇ ਲਿਆਊਂ ਮੇਰੀ ਸ਼ਹਿਰਣ ਭਾਣਜੀ ਨੂੰ। ਚੱਲੇਂਗੀ ਨਾ ਮੇਰੇ ਨਾਲ? ” ਮਾਮਾ ਬੱਚਾ ਬਣਨ ਲੱਗ ਪਿਆ ਸੀ।
“ਹਾਏ! ਤੁਸੀਂ ਜੀਰੀ ਲੌਂਦੇ ਓੰ?” ਅਰਸ਼ ਚੀਕੀ ਜਿਵੇਂ ਅਚਾਨਕ ਕੋਈ ਦੈਂਤ ਸਾਹਮਣੇ ਆ ਗਿਆ ਹੋਵੇ। ਉਸਦੇ ਚਿਹਰੇ ਦਾ ਰੰਗ ਬਦਲ ਗਿਆ । ਉਹ ਗੰਭੀਰ ਹੋ ਗਈ।
“ਓ ਕੀ ਹੋ ਗਿਆ ਪੁੱਤ ਮਿੰਟ ‘ਚ…?” ਅਰਸ਼ ਦਾ ਚਿਹਰਾ ਪੜ੍ਹਦਾ ਬਲਦੇਵ ਹੈਰਾਨ ਰਹਿ ਗਿਆ।
“ਤੁਸੀਂ ਜੀਰੀਆਂ ਲਾਈ ਜਾਂਨੇ ਓੰ …ਸਾਡਾ ਕੋਈ ਫਿਕਰ ਨੀਂ ਤਹਾਨੂੰ? ” ਨਿੱਕੜੀ ਅਰਸ਼ ਅੰਮਾ ਬਣ ਬੈਠੀ।
” ਗੱਲ ਕੀ ਹੋਈ …ਤੇਰਾ ਫਿਕਰ ਕਿਓੰ ਨੀ ਸਾਨੂੰ ! ਹੈਂਅ …ਕਮਲੀ ਨਾ ਹੋਵੇ! ” ਬਲਦੇਵ ਸਿੰਘ ਨੇ ਅਰਸ਼ ਨੂੰ ਆਪਣੇ ਨਾਲ ਘੁੱਟ ਲਿਆ।
“ਸਾਡੇ ਸਕੂਲ ‘ਚ ਇੱਕ ਅੰਕਲ ਲੈਕਚਰ ਕਰਨ ਆਏ ਸੀ…ਓਹ ਕਹਿੰਦੇ ਸੀ, ਜੀਰੀ ਲਾਉਣ ਨਾਲ ਧਰਤੀ ਹੇਠੋਂ ਪਾਣੀ ਮੁੱਕ ਜਾਣਾ। ਜੇ ਪਾਣੀ ਹੀ ਨਾ ਰਿਹਾ ਫੇਰ ਅਸੀਂ ਵੀ ਕਿਮੇ ਜਿਉਂਦੇ ਰਹਿ ਸਕਾਂਗੇ? ” ਗੱਲ ਕਰਦਿਆਂ ਅਰਸ਼ ਰੋਣਹਾਕੀ ਹੋ ਗਈ।
*
ਅਗਲੇ ਸਾਲ ਬਲਦੇਵ ਸਿੰਘ ਨੇ ਅੱਧੇ ਖੇਤ ਵਿੱਚ ਝੋਨਾ ਛੱਡ ਕੇ ਨਰਮਾ ਬੀਜਣ ਦਾ ਫੈਸਲਾ ਕਰ ਲਿਆ। ਪਰ ਨਰਮਾ ਬੀਜਣ ਲਈ ਉਸਦੀ ਪਤਨੀ ਸਹਿਮਤ ਨਹੀਂ ਸੀ।
” ਦੇਖੋ ਬਾਈ ਜੀ…ਜਿਹੜਾ ਤੁਸੀਂ ਫੈਸਲਾ ਲਿਆ, ‘ਕੇਰਾਂ ਦੁਬਾਰੇ ਨਿਗ੍ਹਾ ਮਾਰੋ ਏਸ ‘ਤੇ।” ਆਪਣੀ ਭੈਣ ਦੀ ਹਮਾਇਤ ਵਿੱਚ ਆਇਆ ਬਲਦੇਵ ਸਿੰਘ ਦਾ ਸਾਲਾ ਬੋਲ ਰਿਹਾ ਸੀ।
“ਕੇਹੜਾ ਫੈਸਲਾ?”
“ਆਹੀ ਜਿਹੜਾ ਤੁਸੀਂ ਐਤਕੀਂ ਝੋਨਾ ਨਾ ਲਾਉਣ ਦਾ ਕੀਤਾ। ਮਹਿੰਗਾਈ ਦਾ ਜ਼ਮਾਨਾ…ਜੀਰੀ ਤੋਂ ਬਿਨਾਂ ਕਿਸੇ ਹੋਰ ਫਸਲ ਨੇ ਖਰਚਾ ਪੂਰਾ ਈ ਨੀਂ ਕਰਨਾ…”
” ਨਾਲੇ ਵੀਰੇ…ਲੋਕ ਬੋਰਾਂ ‘ਤੇ ਵੀ ਜੀਰੀ ਪਾਲ ਜਾਂਦੇ ਨੇ। ਤੇ ਏਹ ਚੰਗੀ ਭਲੀ ਮੋਟਰ ਦੇ ਹੁੰਦੇ ਹੋਏ ਨਰਮਾ ਬੀਜਣ ਨੂੰ ਫਿਰਦਾ। ਕਿਸੇ ਨੂੰ ਵੀ ਪੁੱਛ ਕੇ ਦੇਖ ‘ਲੋ…ਕਿੰਨੇ ਸਾਲ ਹੋ ‘ਗੇ ਨਰਮਾ ਹੋਏ ਨੂੰ। ਕਦੇ ਮਿੱਲੀ ਬੱਗ, ਕਦੇ ਚਿੱਟਾ ਮੱਛਰ ਤੇ ਜਾਂ ਕਦੇ…। ਅਜੇ ਤਾਂ ਕਹਿੰਦਾ ਬਾਕੀ ਖੇਤ ‘ਚ ਗੁਆਰਾ ਬੀਜਣਾ।” ਭਰਾ ਦੇ ਹੌਂਸਲੇ ‘ਚ ਉਸਦੀ ਪਤਨੀ ਨੇ ਵੀ ਆਪਣਾ ਪੱਖ ਸੁਣਾ ਦਿੱਤਾ।
“ਸੋਡੀ ਨਾਸਮਝੀ ਬੋਲਦੀ ਐ। ਸੋਨੂੰ ਭਵਿੱਖ ਦੇ ਖਤਰਿਆਂ ਦਾ ਨੀਂ ਪਤਾ। ਆਪਣਾ ਸੋਹਣਾ ਡੰਗ ਸਰਦਾ ਸੁੱਖ ਨਾਲ …ਕਿਹੜੀ ਚੀਜ਼ ਦਾ ਘਾਟਾ? ਅੱਧੇ ਪਿੰਡ ਨਾਲੋਂ ਸੌਖੇ ਆਂ। ਅੱਜ ਵਾਸਤੇ ਏਦੂੰ ਵੱਧ ਪ੍ਰਾਪਤ ਕਰਨ ਲਈ ਮੈਂ ਆਉਣ ਵਾਲੀਆਂ ਨਸਲਾਂ ਦਾ ਹੱਕ ਨਹੀਂ ਖੋਹਣਾ ਚਾਹੁੰਦਾ…” ਕੋਲ ਬੈਠੇ ਆਵਦੇ ਮੁੰਡੇ ਵੱਲ ਝਾਕਦਿਆਂ ਉਸ ਨੇ ਆਪਣੀ ਗੱਲ ਜਾਰੀ ਰੱਖੀ, “…ਚਾਨਣਾਂ ਤੈਨੂੰ ਤਾਂ ਨੀਂ ਹੋਸਟਲ ‘ਚ ਕੋਈ ਤੋਟ…ਜੇ ਕੋਈ ਘਾਟ ਐ ਤਾਂ ਦੱਸ?”
“ਨਾ ਜੀ …ਹਾਲੇ ਤੱਕ ਤਾਂ ਕੋਈ ਨੀਂ…”
” ਨਾਲੇ ਵਿਦੇਸ਼ਾਂ ‘ਚ ਜਾ ਕੇ ਵੀ ਤਾਂ ਤੇਰੇ ਹਾਣੀ ਲੇਬਰ ਕਰਦੇ ਈ ਆ। ਜੇ ਮਾੜਾ ਮੋਟਾ ਹੱਥ-ਪੱਲਾ ਪੜ੍ਹਾਈ ਦੇ ਨਾਲ ਨਾਲ ਏਧਰ ਹਿਲਾ ‘ਲੋਂਗੇ…ਮੈਨੂੰ ਤਾਂ ਏਹਦੇ ‘ਚ ਵੀ ਕੋਈ ਹਰਜ਼ ਨਹੀਂ ਲਗਦਾ। ਕਿ ਨਈਂ?”
“…ਪਾਪਾ ਮੈਂ ਸਮਝਦਾਂ ਸੋਡੀ ਗੱਲ। ਮੈਂ ਤਾਂ ਸਗੋਂ ਡਿਗਰੀ ਕਰਕੇ ਖੇਤੀ ਕਰਨ ਬਾਰੇ ਈ ਸੋਚਦਾਂ। ਸੋਡਾ ਤਜਰਬਾ ਤੇ ਮੇਰੀ ਪੜ੍ਹਾਈ… ਮਿਲਟ ਦਾ ਬੜਾ ਕਰੇਜ਼ ਵਧਣਾ ਆਉਣ ਆਲੇ ਸਮੇਂ ‘ਚ…ਆਪਾਂ ਮੋਟੇ ਅਨਾਜ਼ ਪੈਦਾ ਕਰਾਂਗੇ।” ਮੁੰਡੇ ਨੇ ਹੁੰਗਾਰਾ ਭਰਿਆ।
” ਮੈਂ ਤਾਂ ਇਹ ਕਹਿੰਦਾ ਸੀ ਬਾਈ ਜੀ, ਕਿ…” ਚਾਣਨ ਦੇ ਮਾਮੇ ਨੇ ਬੋਲਣਾ ਚਾਹਿਆ।
” ਹੋਰ ਤਾਂ ਯਰ ਕੋਈ ਮਸਲਾ ਈ ਨੀਂ ਰਹਿ ਗਿਆ…” ਕਹਿੰਦਾ ਬਲਦੇਵ ਸਿੰਘ ਕੁਰਸੀ ਤੋਂ ਖੜ੍ਹਾ ਹੋ ਗਿਆ।
“ਚਲ ਭਰਾਵਾ…ਓਹ ਜਾਣੇ। ਏਹਨੇ ਤਾਂ ਜੇਹੜਾ ਮੂੰਹੋਂ ਕਹਿਤਾ…ਬੱਸ ਕਹਿਤਾ। ਦੇਖੀ ਜਾਊ… ਹੈਗਾ ਲੀਲੀ ਛਤਰੀ ਆਲਾ, ਭਲੀ ਕਰੂ। ” ਆਪਣੇ ਪਤੀ ਦੇ ਸੁਭਾਅ ਨੂੰ ਸਮਝਦੀ ਪਤਨੀ ਨੇ ਉਪਰ ਵੱਲ ਹੱਥ ਕਰ ਦਿੱਤੇ।
ਇਸ ਤਰਾਂ ਉਹਦੇ ਖੇਤਾਂ ਦੀ ਸਾਉਣੀ ਦੀ ਫਸਲ ਨਰਮਾ, ਗੁਆਰਾ, ਬਾਜਰਾ, ਹਰਹਰ ਹੋ ਗਈ। ਇਹਨਾਂ ਫਸਲਾਂ ਦੀ ਬੱਚਤ ਨਾਲ ਉਸਦੀ ਕਮਾਈ ਨੂੰ ਭਾਵੇਂ ਸੱਟ ਵੱਜੀ ਸੀ ਪਰ ਉਹ ਅਰਸ਼ ਤੇ ਚਾਨਣ ਹੁਰਾਂ ਦੇ ਭਵਿੱਖ ਲਈ ਪਾਣੀ ਜਰੂਰ ਬਚਾਉਣ ਲੱਗ ਪਿਆ ਸੀ। ਉਸਨੇ ਹਿੱਕ ਥਾਪੜੀ ਸੀ, ‘ ਮੇਰੀ ਮੋਟਰ ਕਦੇ ਵੀ ਜੀਰੀ ਲਈ ਪਾਣੀ ਨਹੀਂ ਕੱਢੇਗੀ!’
ਹਰ ਜਗ੍ਹਾ ਪਾਣੀ ਬਚਾਉਣ ਜਾਂ ਪਾਣੀ ਦੀ ਸੰਭਾਲ ਉਸਦੀ ਗੱਲਬਾਤ ਦਾ ਮੁੱਖ ਵਿਸ਼ਾ ਹੁੰਦਾ। ਤਾਂ ਹੀ ਤ੍ਰਿਵੇਣੀ ਵਾਲੀ ਸੱਥ ਨੇ ਉਸਦੇ ਨਾਂ ‘ਬਲਦੇਵ ‘ ਨੂੰ ਵਿਗਾੜ ਕੇ ‘ਜਲ ਦੇਵ ‘ ਬਣਾ ਦਿੱਤਾ ਸੀ, ਜਲ ਦੇਵ -ਪਾਣੀ ਦਾ ਦੇਵਤਾ।
* * *
“ਤਪਾੜ ਤਪਦੈ ਬਾਈ। ਵਰਨੋਂ ਉੱਡਦੀ ਆ। ਸੌਣ ਮ੍ਹੀਨਾ ਪਹਿਲੀ ਵਾਰ ਦੇਖਿਆ…ਏਨਾ ਸੁੱਕਾ। ਇੰਦਰ ਦੇਵ ਜਿਆਦਾ ਈ ਕਰੋਪ ਆ ‘ਤੋਕੀਂ …” ਬਲਦੇਵ ਨੂੰ ਆਉਂਦਾ ਦੇਖ ਛੋਟਾ ਬੋਲ ਰਿਹਾ ਸੀ।
ਖੇਤ ਵੱਲ ਜਾਂਦੇ ਬਲਦੇਵ ਸਿੰਘ ਨੇ ਗੱਲ ਸੁਣਕੇ ਪੈਰ ਮਲ ਲਿਆ।
” ਪਿਛਲੇ ਸਾਲ ਕਿਹੜਾ ਵੱਟਾਂ ਤੋੜਤੀਆਂ ਸੀ? ਕਿਆਰੇ ਭਰਮਾਂ ਮੀਂਹ ਤਾਂ ਕਿੰਨੇ ਸਾਲ ਹੋਗੇ …ਮੈਨੂੰ ਲਗਦੈ ਪਿਆ ਈ ਨੀਂ? ” ਲਛਮਣ ਨੇ ਛੋਟੇ ਦੀ ਗੱਲ ਦੀ ਤਾਈਦ ਕਰ ਦਿੱਤੀ।
ਬਲਦੇਵ ਸਿੰਘ ਤੋਂ ਚੁੱਪ ਨਾ ਰਿਹਾ ਗਿਆ, “ਅਜੇ ਤਾਂ ਕੀ ਹੋਇਆ … ਗਾਹਾਂ ਦੇਖਦੇ ਜਾਇਓ। ਖੇਤਾਂ ‘ਚੋਂ ਦਰੱਖਤ ਤਾਂ ‘ਕੱਲਾ -‘ਕੱਲਾ ਕਰਕੇ ਸਾਰੇ ਪੱਟ ‘ਤੇ…ਅਖੇ : ਵ੍ਹੌਣ, ਬੀਜਣ ਤੇ ਵੱਢਣ ਵੇਲੇ ‘ੜਿੱਕਾ ਲੌਂਦੇ ਨੇ। ਨਾਂ ਘਰਾਂ ‘ਚ ਛੱਡੇ ਨੇ, ਅਖੇ : ਗੰਦ ਪੈਂਦਾ। ਸੜਕਾਂ ਕਿਨਾਰੇ …ਵਿਕਾਸ ਨੇ ਆਰੇ ਚਲਵਾਤੇ। ਭਾਲਦੇ ਆਂ ਇੰਦਰ ਮੇਹਰ ਕਰੂ! ” ਉਸਨੇ ਲਛਮਣ ਵੱਲ ਵੇਖਦਿਆਂ ਤੋੜਾ ਝਾੜਿਆ ਤੇ ਖੇਤ ਵੱਲ ਤੁਰ ਪਿਆ।
ਪਰ ਕੁਝ ਕਦਮ ਜਾ ਕੇ ਫੇਰ ਮੁੜ ਆਇਆ, ” ਬਾਬੇ ਦੀ ਬਾਣੀ ਨੇ ਪਾਣੀ ਨੂੰ ਪਿਤਾ ਕਿਹਾ । ਤੇ ਜਿਹੜਾ ਆਵਦੇ ਪਿਓ ਦੀ ਕਦਰ ਨੀਂ ਕਰਦਾ …ਉਹਨੂੰ ਦੇਖਲੋ ਆਪਾਂ ਕੀ ਕਹਿਂਨੇ ਹੁੰਨੇ ਆਂ! ”
ਬਲਦੇਵ ਸਿੰਘ ਦੇ ਤੁਰਦਿਆਂ ਹੀ ਸੱਥ ਜਾਣ ਵਾਲੇ ਦੀ ਮੈਲ ਧੋਣ ਵਾਲੇ ਆਪਣੇ ਰੰਗ ‘ਚ ਆ ਗਈ।
” ਇਹਨੇ ਬੜਾ ਤਪਾਏ ਆਂ ਯਰ । ਕੋਈ ਮਰਜ਼ੀ ਗੱਲ ਕਰਲੋ, ਓਸੇ ਨੂੰ ਦਰਖਤਾਂ ਤੇ ਪਾਣੀ ਨਾਲ ਜੋੜ ਲੈਂਦਾ।” ਇੱਕ ਬੋਲਿਆ।
“ਨਾਂ ਭਲਾਂ ਦਰਖਤਾਂ ਦਾ ਮੀੰਹ ਨਾਲ ਕੀ ਸੰਬੰਧ…ਕਿੱਧਰ ਬੁੜ੍ਹੀ ਦਾ ਮਰਨਾ, ਕਿੱਧਰ ਹਲ ਓਕੜੂ। ” ਛੋਟੇ ਦੇ ‘ਗਿਆਨ’ ਨਾਲ ਸੱਥ ਤਾਂ ਨਿਹਾਲ ਹੋ ਗਈ ਪਰ ਬਾਬੇ ਠਾਕਰ ਨੂੰ ਨਮੋਸ਼ੀ ਮਾਰ ਗਈ। ਉਹ ਬੋਲਿਆ, “ਨਾਂ ਸੋਨੂ ਸਮਝ ਆ ‘ਗੀ ਏਹਦੀ ਗੱਲ? ਦੂਰ ਦੀਆਂ ਸੋਚਦਾ ਏਹੇ। ਸੋਡੀ ਅਕਲੋਂ ਪਰ੍ਹੇ ਦੀਆਂ…”
“ਮੈਨੂੰ ਰੜਕਦਾ ਬਹੁਤ ਆ ਏਹੇ…” ਲਛਮਣ ਨੇ ਠਾਕਰ ਦੀ ਗੱਲ ਅਣਸੁਣੀ ਕਰਦਿਆਂ ਖੰਘੂਰਾ ਮਾਰਿਆ, “…ਖੇਤ ਫਿਰਦਾ ਐਮੇ ਅੱਖਾਂ ਚੁੰਭਲੀ ਜਾਂਦਾ ਸਾਰਾ ਦਿਨ। ਕਦੇ ਕਸੀਆ ਚੱਕ ਲਿਆ…ਕਦੇ ਖੁਰਪਾ। ਜੀਰੀ ਲਾਈ ਹੋਵੇ …’ਰਾਮਦਾਰੀ ਤਾਂ ਰਹਿੰਦੀ ਆ ਬੰਦੇ ਨੂੰ। ਇਹਤੋਂ ਉਹ ‘ਰਾਮ ਵੀ ਨੀ ਕਰਿਆ ਜਾਂਦਾ। ”
“ਐਮੇ ਉੱਘ ਦੀ ਪਤਾਲ ਮਾਰੀ ਜਾਨੈਂ, ਚਾਚਾ। ਜਿਹੜੀ ਵਿਚਲੀ ਗੱਲ ਆ, ਉਹ ਘੁੰਢੀ ਖੋਲ੍ਹ…।” ਭਾਵੇਂ ਛੋਟੇ ਨੂੰ ਪਤਾ ਸੀ ਪਰ ਉਹ ਦੁਬਾਰਾ ਲਛਮਣ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ।
“ਸਾਨੂੰ ਵੀ ਪਤਾ ਲੱਗੇ…।” ਸੱਥ ਬੋਲੀ।
“ਘੁੰਢੀ ਤਾਂ ਕੀ ਆ …” ਖੰਗੂਰਾ ਮਾਰ ਕੇ ਗਲਾ ਸਾਫ਼ ਕਰਦਾ ਉਹ ਸ਼ੁਰੂ ਹੋ ਗਿਆ, “…ਜਿੱਦੇਂ ਸਾਡੇ ਜੀਰੀ ਲਗਦੀ ਸੀ, ਓਦਣ ਦੀ ਗੱਲ ਆ। ਸਾਡੀ ‘ਕੱਲੀ ਮੋਟਰ ਤੋਂ ਪਾਣੀ ਪੂਰਾ ਨੀਂ ਹੋਇਆ ਤੇ ਲੇਬਰ ਪਾਣੀ ਤੋੜੇ ਵਿਹਲੀ ਬੈਠੀ ਸੀ। ਨਾਲ ਲੱਗਮੀਂ ਇਹਦੀ ਮੋਟਰ ਬੰਦ ਪਈ ਸੀ। ਮੈਂ ਜਾ ਕੇ ਓਹਦਾ ਸਟਾਟਰ ਦੱਬ ‘ਤਾ।”
“ਫੇਰ ਬਈ…” ਸੱਥ ਦੀ ਉਤਸੁਕਤਾ ਵਧ ਗਈ।
” ਮੋਟਰ ਹਾਲੇ ਵੀਹ ਕੁ ਮਿੰਟ ਈ ਚੱਲੀ ਸੀ, ਏਹ ਆ ਗਿਆ। ਤੇ ਏਹਨੇ ਆਉਣ ਸਾਰ ਸਟਾਟਰ ਕੱਟ ‘ਤਾ।”
“ਕਿਉਂ ਬੰਦ ਪਈ ਕੀ ਦੁੱਧ ਦਿੰਦੀ ਸੀ…ਮੁਖਤ ਦੀ ਲੈਟ ਆ। ” ਸੱਥ ਵਾਸਤੇ ਇਹ ਅਲੋਕਾਰੀ ਗੱਲ ਸੀ।
“ਹੋਰ ਸੁਣ …ਮੈਨੂੁੰ ਬਣਾ ਸਮਾਰਕੇ ਕੈਂਹਦਾ, ਮੇਰੀ ਮੋਟਰ ਜੀਰੀ ਵਾਸਤੇ ਨਾ ਚਲਾਂਈਂ। ਜੇ ਨਰਮਾ, ਬਾਜਰਾ ਬੀਜਣ ਲੱਗਪੇਂ …ਫੇਰ ਜਿਮੇ ਮਰਜ਼ੀ ਵਰਤੀ ਜਾਂਈ।”
” ਹੂੰਅ …ਨਰਮਾ, ਬਾਜਰਾ …!”
” ਚਲ ਅਗਲਾ ਮਾਲਕ ਸੀ…ਆਪਣੀ ਕਾਹਦੀ ਜ਼ਿੱਦ! ਜੀਰੀ ਦੋ ਦਿਨ ਮਗਰੋਂ ਲਾ ‘ਗੀ…ਹੋਰ ਕੀ! ” ਖੰਗੂਰਾ ਮਾਰ ਕੇ ਗਲ਼ ਸਾਫ਼ ਕਰਦਾ ਲਛਮਣ ਆਪਣੀ ਗੱਲ ਕਹਿ ਤਾਂ ਗਿਆ ਪਰ ਆਵਦੀ ਮਾਨਸਿਕ ਪੀੜ ਨੂੰ ਉਸ ਨੇ ਗਲ਼ ‘ਚ ਭਰ ਆਈ ਕੌੜੀ ਘੁੱਟ ਦੇ ਨਾਲ ਅੰਦਰ ਈ ਨਿਗਲ ਲਿਆ।
“ਭਾਵੇਂ ਮੈਂ ਸੋਡੇ ਸਾਰਿਆਂ ਨਾਲੋਂ ਵੱਡਾਂ…ਨਵੇਂ ਜਮਾਨੇ ਬਾਰੇ ਘੱਟ ਪਤਾ ਹੋਊ। ਪਰ ਜਦੋਂ ਬਲਦੇਵ ਸਿੰਘ ਦੀਆਂ ਗੱਲਾਂ ਸੁਣਦਾਂ ਨਾਂ…ਤੁਸੀਂ ਸਾਰੇ ਮੈਨੂੰ ਓਹਦੇ ਸਾਹਮਣੇ ਬੂਝੜ ਲਗਦੇ ਓਂ।” ਸੱਥ ਨੂੰ ਮੁਖਾਤਿਬ ਹੁੰਦਾ ਬਾਬਾ ਠਾਕਰ ਸੱਚ ਬੋਲਿਆ।
* * *
” ਚਾਨਣ ਵੀ ਆਜੂ ਕੱਲ ਨੂੰ…” ਇੱਕ ਰਾਤ ਬਲਦੇਵ ਸਿੰਘ ਨੇ ਆਪਣੀ ਪਤਨੀ ਨਾਲ ਗੱਲ ਤੋਰੀ।
“ਹਾਂ, ਮੇਰੀ ਵੀ ਹੋਈ ਸੀ ਗੱਲ। ਤਿੰਨ ਛੁੱਟੀਆਂ ਨੇ ਲਗਾਤਾਰ।” ਉਸਨੇ ਹੁੰਗਾਰਾ ਭਰਿਆ।
“ਪੜ੍ਹਦਾ ਤਾਂ ਵਧੀਆ…ਡਟਿਆ ਰਿਹਾ ਤਾਂ ਏ ਡੀ ਓ ਬਣ ਸਕਦਾ।”
“ਓਹ ਕੀ ਹੁੰਦਾ?”
“ਖੇਤੀਬਾੜੀ ਅਫ਼ਸਰ ਨੂੰ ਅੰਗਰੇਜ਼ੀ ‘ਚ ਕਹਿੰਦੇ ਨੇ।”
” ਨਾਲੇ ‘ਕੇਰਾਂ ਕੋਈ ਮਿਲਟ-ਮੁਲਟ ਦੀ ਗੱਲ ਕਰਦਾ ਸੀ। ਫੇਰ ਆਖੇਂਗਾ…ਕੁਸ਼ ਵੀ ਨੀਂ ਪਤਾ! ਭਲਾਂ ਓਹ ਵੀ ਕੀ ਹੁੰਦਾ?”
“ਜਦੋਂ ਪਤਾ ਈ ਨੀਂ…ਆਖੂੰਗਾ ਤਾਂ ਹੈਗਾ।” ਪਤੀ ਪਤਨੀ ਨੋਕ-ਝੋਕ ਦੇ ਮੂਡ ਵਿੱਚ ਆ ਗਏ।
“ਨਾ ਫੇਰ ਵੀ…?”
” ਜਵਾਰ, ਰਾਗੀ, ਕੋਧਰੇ, ਕੰਗਨੀ ਵਰਗੇ ਮੋਟੇ ‘ਨਾਜਾਂ ਨੂੰ ਕਹਿੰਦੇ ਆ।”
” ਅਛਿਆ। ਊਂ ਤਾਂ ਰੇਹ-ਸਪਰੇਹ ਆਲੀਆਂ ਕੰਪਨੀਆਂ ਵੀ ਬਥੇਰੀ ਤਨਖਾਹ ਦੇ ਦਿੰਦੀਆਂ। ਇੱਕ ਦਿਨ ਗੱਲਾਂ ਕਰਦਾ ਸੀ ਮੇਰੇ ਨਾਲ।”
” ਪ੍ਰਾਈਵੇਟ ਕੰਪਨੀਆਂ ਦੀ ਨੌਕਰੀ ਤਾਂ ਨਖਿੱਧ ਚਾਕਰੀ ਆਲੀ ਗੱਲ ਈ ਹੁੰਦੀ ਐ। ਖੇਤੀ ਵਧੀਐ…ਉੱਤਮ। ਬਾਕੀ ਜਿਮੇ ਓਹਦਾ ਜੀਅ ਕਰੂ…ਕਰਲੂ।”
ਉਹ ਹੋਰ ਵੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਛੇਤੀ ਹੀ ਬਲਦੇਵ ਸਿੰਘ ਹੁੰਗਾਰਾ ਭਰਨੋਂ ਹਟ ਗਿਆ।
“ਬੋਲਦੇ ਨੀਂ…”
“…………”
” ਲੈ ਵਧੀਆ ਈ ਐ ਏਹ ਵੀ…ਸੌਣ ਲੱਗਿਆ ਤਾਂ ਮਿੰਟ ਲਾਉਂਦਾ…” ਕਹਿੰਦੀ ਉਸ ਦੀ ਪਤਨੀ ਵੀ ਪਾਸਾ ਮਾਰ ਕੇ ਪੈ ਗਈ, “… ਦਿਨੇ ਵੀ ਕੇਹੜਾ ਟਿਕਦਾ, ਕੋਈ ਨਾ ਕੋਈ ਕੰਮ ਭਾਲੀ ਰੱਖਦਾ। ਕੰਮ ਨਾ ਮਿਲੇ ਘੜ੍ਹਮ ਸਹੀ!” ਉਸ ਨੇ ਆਪਣੇ ਆਪ ਨੂੰ ਕਿਹਾ।
‘ ਸਾਉਣ ਦਾ ਮਹੀਨਾ ਸੁੱਕਾ ਲੰਘ ਗਿਆ – ਬਿਨਾਂ ਵਰ੍ਹੇ। ਅੰਤਾਂ ਦੀ ਗਰਮੀ। ਜੇਠ -ਹਾੜ ਦੇ ਦਿਨਾਂ ਵਾਂਗ ਕਾਂ ਅੱਖ ਨਿਕਲੇ। ਛੱਪੜ ਬਣੇ ਖੇਤਾਂ ਦੀ ਭੜਦਾਹ ਮਾਰੇ। ਬਾਜਰੇ ਦੀ ਗੁਡਾਈ ਕਰਦਿਆਂ ਬਲਦੇਵ ਸਿੰਘ ਨੂੰ ਦੁਪਿਹਰ ਹੋਣ ਲਗ ਪਈ। ਬਾਕੀ ਰਹਿੰਦੇ ਕੰਮ ਦਾ ਹਿਸਾਬ ਲਾਉਂਦਾ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ, “ਜੇ ਝੁੱਟੀ ਲਾ ਕੇੇ ਨਬੇੜਾਂ ਤਾਂ ਅੱਧੇ ਘੰਟੇ ‘ਚ ਨਿੱਬੜੂ ਸਾਰਾ ਕੰਮ…ਤੇਹ ਵੀ ਵਾਹਵਾ ਚਮਕੀ ਪਈ ਆ …ਤੇ ਪਾਣੀ ਵੀ ਮਿੱਤਰਾ ਬਾਟੀ ਕੁ ਬਚਿਆ ਕੈੰਪਰ ‘ਚ …ਹੁਣੇ ਪੀਵਾਂ ਕਿ…?” ਉਹ ਮੱਥੇ ‘ਤੇ ਚਾਰ ਉਂਗਲਾਂ ਦਾ ਓਟਾ ਕਰਕੇ ਸੂਰਜ ਵੱਲ ਝਾਕਿਆ, ” ਓਏ ਕੇਹੜੇ ਜਨਮਾਂ ਦਾ ਵੈਰ ਕੱਢਦਾਂ, ਵੈਰੀਆ…” ਉਸਦੀ ਸੋਚ ਅਜੇ ਕੁਦਰਤ ਦੇ ਕਰੋੋਪ ਵੱਲ ਮੁੜੀ ਹੀ ਸੀ ਕਿ ਮੋਟਰ ਵਾਲੇ ਕੋਠੇ ਕੋਲੋਂ ਲਛਮਣ ਬੋਲ ਪਿਆ, ” ਓਏ ਆ ਜਾ ਵੱਡੇ ਭਾਈ …ਪਾਣੀ ਧਾਣੀ ਪੀ ਲੈ…ਜਾਨ ਤਾਂ ਨੀਂ ਦੇਣੀ!”
ਬਲਦੇਵ ਕੋਠੇ ਵੱਲ ਝਾਕਿਆ। ਪਰ ਲਛਮਣ ਦੀ ਗੱਲ ਅਣਸੁਣੀ ਕਰ ਗਿਆ। ਉਸਨੇ ਮਨ ‘ਚ ਪਕਾ ਲਿਆ, “ਰਹਿੰਦਾ ਕੰਮ ਨਬੇੜ ਕੇ ਈ ਤੇਹ ਬੁਝਾਵਾਂਗਾ।” ਤੇ ਕਸੀਏ ਨੂੰ ਪਏ ਉਸਦੇ ਹੱਥ ਕਰੜੇ ਹੋ ਗਏ।
ਲਛਮਣ ਕੋਠੇ ਅੰਦਰ ਗੇੜਾ ਦੇ ਕੇ ਚੱਕਵੇਂ ਪੈਰੀਂ ਵਾਪਸ ਆਵਦੀ ਮੋਟਰ ਵੱਲ ਤੁਰ ਗਿਆ।
ਕਿਹੜਾ ਅੱਧਾ ਘੰਟਾ! ਇੱਕ ਘੰਟੇ ਦੇ ਲਗਭਗ ਸਮਾਂ ਹੋ ਗਿਆ। ਬਲਦੇਵ ਸਿੰਘ ਕੰਮ ਨੂੰ ਡਟਿਆ ਰਿਹਾ। ਉਸਦੀ ਤੇਹ ਝੱਲਣ ਦੀ ਸੀਮਾ ਖਤਮ ਹੋ ਰਹੀ ਸੀ।
‘ਤੇਹ ਲੱਗੀ ਤੋਂ ਪਾਣੀ ਨਾ ਪੀਤਾ ਜਾਵੇ, ਨਿਗ੍ਹਾ ਵਗ ਜਾਂਦੀ ਐ। ਜੇ ਯਕੀਨ ਨੀਂ ਆਉਂਦਾ ਅੰਨ੍ਹਾ ਮਾਘੀ ਸੋਡੇ ਸਾਹਮਣੇ ਐ। ਹਾੜੀ ਵੱਢਦਾ ਅੱਧੀ ਅੱਧੀ ਦਿਹਾੜੀ ਪਾਣੀ ਨੀ ਸੀ ਪੀਂਦਾ। ਭਾਵੇਂ ਪੁੱਛ ਕੇ ਦੇਖ ਲਿਓ।’ ਉਸ ਨੂੰ ਇੱਕ ਵਾਰ ਠਾਕਰ ਬਾਬੇ ਦੀ ਸੱਥ ਵਿੱਚ ਕਹੀ ਗੱਲ ਯਾਦ ਆਈ।
‘ ਬਾਬਾ ਤਾਂ ਕੱਲੀ ਨਿਗ੍ਹਾ ਜਾਣ ਦੀ ਗੱਲ ਕਰਦਾ…ਜਿਵੇਂ ਮੇਰੀ ਹਾਲਤ ਆ …ਮੈਨੂੰ ਲਗਦਾ ਜੇ ਤੇਹ ਲੱਗੀ ਤੋਂ ਪਾਣੀ ਨਾ ਪੀਤਾ ਜਾਏ, ਬੰਦੇ ਦੀ ਜਾਨ ਈ ਵਗ ‘ਜੇ! ਚਲ ਕੋਈ ਨਾ ਦੇਖੀ ਜਾਊ…ਬੱਸ ਹੁਣ ਤਾਂ ਦੰਦਾਂ ‘ਚ ਜੀਭ ਆਲੀ ਗੱਲ ਐ। ਆਹ ਨਬੇੜ ਕੇ ਪਾਣੀ ਪੀਣ ‘ਤੇ ਈ ਆਂ।’
ਬਾਕੀ ਰਹਿੰਦਾ ਕੰਮ ਦੇਖ ਕੇ ਬਲਦੇਵ ਸਿੰਘ ਨੇ ਆਪਣੇ ਆਪ ਨੂੰ ਹੌਂਸਲਾ ਦੇ ਲਿਆ।
‘ਧੰਨ ਗੁਰੂ ਨਾਨਕ’ ਕਹਿੰਦਿਆਂ ਉਸ ਨੇ ਕਸੀਏ ਦਾ ਆਖਰੀ ਟੱਕ ਮਾਰਿਆ। ‘ਜੀਭ ਤਾਲੂਏ ਲੱਗਣ ਆਲੀ ਗੱਲ ਐਮੀ ਨੀਂ ਬਣੀ ਹੋਈ, ਓਹੀ ਹਾਲ ਹੋ ਚੱਲਿਆ!’ ਆਪਣੇ ਆਪ ਨੂੰ ਕਹਿੰਦਾ ਉਹ ਕੋਠੇ ਕੋਲ ਆ ਗਿਆ।
ਕੋਠੇ ਵਿੱਚ ਉਸ ਨੇ ਦੇਖਿਆ ਕਿ ਕੈਂਪਰ ਦਾ ਢੱਕਣ ਪਾਸੇ ਰੱਖਿਆ ਪਿਆ ਸੀ ਤੇ ਉਸ ਵਿੱਚ ਪਾਣੀ ਦੀ ਇੱਕ ਵੀ ਬੂੰਦ ਨਹੀਂ ਸੀ।
‘ਓਏ ਤੇਰਾ ਕੱਖ ਨਾ ਰਹੇ…ਮੇਰੇ ਹਿੱਸੇ ਦਾ ਪਾਣੀ ਪੀਣ ਆਲਿਆ ਲੱਛੂਆ!’ ਬਿਨਾਂ ਬੋਲੇ ਆਪਣੇ ਮਨ ਵਿੱਚ ਹੀ ਲਾਹਨਤ ਪਾਉਂਦਾ ਬਲਦੇਵ ਸਿੰਘ ਧੜੱਮ ਕਰਕੇ ਡਿੱਗ ਪਿਆ। ਤੇ ਨਾਲ ਦੀ ਨਾਲ ਉਸ ਦੀ ਅੱਖ ਖੁੱਲ ਗਈ।
‘ਵਾਹਿਗੁਰੂ…ਵਾਹਿਗੁਰੂ’ ਮੰਜੇ ਦੀ ਬਾਹੀ ‘ਤੇ ਲੱਤਾਂ ਲਮਕਾ ਕੇ ਬਹਿੰਦਾ ਉਹ ਜਾਪ ਕਰਨ ਲੱਗਿਆ।
” ਕੀ ਹੋ ਗਿਆ…?” ਨਾਲ ਦੇ ਮੰਜੇ ਉੱਤੇ ਪਈ ਉਸਦੀ ਪਤਨੀ ਦੀ ਵੀ ਨੀਂਦ ਟੁੱਟ ਗਈ।
” ਬਹੁਤ ਡਰਾਉਣਾ ਸੁਪਨਾ ਸੀ…ਓ ਹੋ ਹੋ…! ਪਾਣੀ ਦਾ ਗਲਾਸ ਭਰੀਂ ਹੈਥੋਂ। ਵਾਹਿਗੁਰੂ…ਵਾਹਿਗੁਰੂ!” ਉਸ ਨੇ ਇੱਕ ਲੰਬਾ ਸਾਹ ਲਿਆ ਤੇ ਖੱਬਾ ਹੱਥ ਚਿਹਰੇ ਉੱਤੋਂ ਦੀ ਫੇਰਿਆ।
“ਐਂ ਤਿਹਾਏ ਰਹਿ ਕੇ ਤਾਂ ਨੀਂ ਪਾਣੀ ਬਚਦੇ…ਮੇਰੇ ‘ਕੱਲੇ ਦੇ ਵੀ ਕੀ ਵੱਸ ਐ? ਕੁਸ਼ ਵੱਡਾ ਸੋਚਣਾ ਪਊ!” ਪਤਾ ਨਹੀਂ ਉਸ ਨੇ ਆਪਣੇ ਆਪ ਨੂੰ ਕਿਹਾ ਜਾਂ ਆਵਦੀ ਘਰਵਾਲੀ ਨੂੰ।
“ਕੀ ਬੋਲੀ ਜਾਨੈਂ?” ਉਹਦੀ ਘਰਵਾਲੀ ਨੇ ਪੁਛਿਆ।
“ਹੈਂਅ!” ਉਸ ਨੂੰ ਕੋਈ ਜਬਾਵ ਨਾ ਆਇਆ।
” ਕੋਈ ਨਾ ਪੈ ਜਾ ਹੁਣ…ਕੱਲ ਨੂੰ ਚਾਨਣ ਆਊਗਾ। ਓਹਦੇ ਨਾਲ ਕਰ ‘ਲੀਂ ਗੱਲ।”
” ਹਾਂਅ…ਸਹੀ ਐ ਤੇਰੀ ਗੱਲ। ਆਊਗਾ ਚਾਨਣ!” ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਨਾਲ ਦੀ ਨਾਲ ਮਾੜਾ ਸੁਪਨਾ ਮਨ ‘ਚੋਂ ਜਾਂਦਾ ਲੱਗਿਆ।