ਮਾਨਸਾ, 15 ਜੁਲਾਈ (ਨਾਨਕ ਸਿੰਘ ਖੁਰਮੀ)- ਮੈਂ ਕਵਿਤਾ ਨੂੰ ਬਹੁਤ ਸਹਿਜ ਰੂਪ ’ਚ ਲੈਂਦਾ ਹਾਂ ਅਤੇ ਕਦੇ ਵੀ ਆਪਣੀ ਸ਼ਾਇਰੀ ਦੇ ਸਨਮੁੱਖ ਹੁੰਦਿਆਂ ਅਸਹਿਜ ਨਹੀਂ ਹੁੰਦਾ। ਇਹ ਵਿਚਾਰ ਪੰਜਾਬੀ ਦੇ ਉੱਘੇ ਕਵੀ ਗੁਰਪ੍ਰੀਤ ਨੇ ਇੱਥੇ ਸਰ ਜੈਫਰੀ ਇੰਸਟੀਚਿਊਟ ਵਿਖੇ ਅਦਬ ਲੋਕ ਮਾਨਸਾ ਵਲੋਂ ਕਰਵਾਏ ਰੂ-ਬਰੂ ਸਮਾਗਮ ਮੌਕੇ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਕਵਿਤਾ ਰਚਨ ਵੇਲੇ ਸ਼ਬਦਾਂ ਦੀ ਚੋਣ ਕਦੇ ਵੀ ਸੁਚੇਤ ਰੂਪ ’ਚ ਨਹੀਂ ਕਰਦਾ ਬਲਕਿ ਸ਼ਬਦ ਇਕ-ਦੂਜੇ ਨਾਲ ਅਰਾਮਦਾਇਕ ਸਥਿਤੀ ’ਚ ਆ ਮਿਲਦੇ ਹਨ। ਗੁਰਪ੍ਰੀਤ ਨੇ ਆਪਣੀਆਂ ਅਣਛਪੀਆਂ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਉੱਘੇ ਆਲੋਚਕ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਗੁਰਪ੍ਰੀਤ ਦੀ ਕਵਿਤਾ ਘਰ ਦੇ ਆਸ-ਪਾਸ ਰਹਿੰਦੀ ਹੈ ਅਤੇ ਉਸ ਵਿਚਲਾ ਵਿਵਰਣ ਘਰ ਦਾ ਨਾ ਹੋ ਕੇ ਦੂਰ ਤੱਕ ਫੈਲਦਾ ਹੈ। ਸੰਸਥਾ ਦੇ ਪ੍ਰਧਾਨ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਗੁਰਪ੍ਰੀਤ ਸੁਖਮ ਤੇ ਸੀਮਤ ਸ਼ਬਦਾਂ ਦਾ ਸ਼ਾਇਰ ਹੈ, ਜਿਸ ਨੇ ਪੰਜਾਬੀ ਕਵਿਤਾ ਖੇਤਰ ’ਚ ਦੇਸ਼-ਵਿਦੇਸ਼ ’ਚ ਵੱਡਾ ਨਾਮਣਾ ਖੱਟਿਆ ਹੈ। ਅਦਬ ਲੋਕ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਗੁਰਚੇਤ ਸਿੰਘ ਫੱਤੇਵਾਲੀਆ, ਦਫ਼ਤਰ ਇੰਚਾਰਜ ਲਖਵਿੰਦਰ ਸਿੰਘ ਮੂਸਾ, ਪ੍ਰੈੱਸ ਸਕੱਤਰ ਡਾ. ਬੱਲਮ ਲੀਂਬਾ ਨੇ ਵੀ ਵਿਚਾਰ ਚਰਚਾ ’ਚ ਭਾਗ ਲਿਆ।
ਤਸਵੀਰ : ਉੱਘੇ ਸ਼ਾਇਰ ਗੁਰਪ੍ਰੀਤ ਦਾ ਸਨਮਾਨ ਕਰਦੇ ਹੋਏ ਅਦਬ ਲੋਕ ਮਾਨਸਾ ਦੇ ਅਹੁਦੇਦਾਰ।