ਮਹਿਲ ਕਲਾਂ, 11 ਜੁਲਾਈ (ਡਾਕਟਰ ਮਿੱਠੂ ਮੁਹੰਮਦ) ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵੱਲੋਂ ਡੇਂਗੂ ਅਤੇ ਮਲੇਰੀਆ ਬੁਖਾਰ ਦੀ ਰੋਕਥਾਮ ਲਈ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਗਹਿਲ ਵਿਖੇ ਇੰਟਰਸੈਕਟ੍ਰਲ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਡਾ. ਜੈਸਮੀਨ, ਡਾ. ਸੀਮਾ ਬਾਂਸਲ ਅਤੇ ਹੈਲਥ ਸੁਪਰਵਾਈਜ਼ਰ ਮਦਨ ਲਾਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਡੇਂਗੂ ਦੇ ਮੱਛਰ ਸਾਫ਼ ਅਤੇ ਖੜੇ ਪਾਣੀ ‘ਚ ਪੈਦਾ ਹੁੰਦੇ ਹਨ। ਉਨ੍ਹਾਂ ਨੇ ਮੱਛਰ ਦੇ ਲਾਰਵੇ ਦੀ ਪਛਾਣ ਅਤੇ ਉਨ੍ਹਾਂ ਦੀ ਨਸ਼ਟ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਸਮਝਾਇਆ।
ਡਾ. ਜੈਸਮੀਨ ਨੇ ਮਾਂ-ਬੱਚੇ ਦੀ ਸਿਹਤ, ਟੀਕਾਕਰਨ, ਡੋਗ ਵਾਈਟ ਅਤੇ ਡੇਂਗੂ ਦੌਰਾਨ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋਣ ਤੋਂ ਰੋਕੋ। ਟੋਇਆਂ ਨੂੰ ਮਿੱਟੀ ਨਾਲ ਭਰੋ, ਕੂਲਰਾਂ ਅਤੇ ਫਰਿਜ ਦੀ ਟਰੇ, ਟੈਂਕੀਆਂ, ਟੁੱਟੇ ਭੱਜੇ ਬਰਤਨ, ਟਾਇਰ, ਪੰਛੀਆਂ ਦੇ ਪਾਣੀ ਵਾਲੇ ਭਾਂਡਿਆਂ ਵਿੱਚ ਹਫ਼ਤੇ ਵਿੱਚ ਇੱਕ ਵਾਰੀ ਪਾਣੀ ਖਾਲੀ ਕਰਕੇ ਚੰਗੀ ਤਰ੍ਹਾਂ ਸੁੱਕਾਓ।
ਉਨ੍ਹਾਂ ਨੇ ਸੂਝਵਾਇਆ ਕਿ ਮੱਛਰਦਾਨੀ, ਮੱਛਰ ਭਜਾਉਣ ਵਾਲੀ ਕਰੀਮ ਅਤੇ ਪੂਰੀ ਤਰਾ ਸਰੀਰ ਢੱਕਣ ਵਾਲੇ ਕੱਪੜੇ ਵਰਤੇ ਜਾਣ।
ਡੇਂਗੂ ਬੁਖਾਰ ਦੇ ਲੱਛਣ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਦੀ ਪੀੜ, ਜੀ ਘਬਰਾਉਣਾ, ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਆਉਣਾ ਸ਼ਾਮਲ ਹਨ। ਐਸੀਆਂ ਲੱਛਣਾਂ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਹੈਲਥ ਸੈਂਟਰ ਸੰਪਰਕ ਕਰੋ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਮੁਫ਼ਤ ਉਪਲੱਬਧ ਹੈ।
ਇਸ ਮੀਟਿੰਗ ਵਿੱਚ ਸਿਹਤ ਵਿਭਾਗ ਤੋਂ ਰਾਜ ਸਿੰਘ, ਐਲ.ਐਚ.ਵੀ. ਪਰਮਜੀਤ ਕੌਰ, ਸੁਖਵਿੰਦਰ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ (ਪ੍ਰਾਇਮਰੀ ਸਕੂਲ), ਪ੍ਰਿਆ ਬਾਂਸਲ, ਸੰਦੀਪ ਕੌਰ (ਹਾਈ ਸਕੂਲ) ਅਤੇ ਲਵਪ੍ਰੀਤ ਸਿੰਘ ਵੈਟਰਨਰੀ ਵਿਭਾਗ ਗਹਿਲ ਹਾਜ਼ਰ ਰਹੇ।