ਤੁਸੀਂ ਕਹਿੰਦੇ ਓ ਨਾ ਬਈ ਤੇਰੀ ਤਾਂ ਐਸ਼ ਆ ਐਸ਼! ਕਾਹਦੀ ਐਸ਼ ਬਾਈ…? ਬਸ ਏਥੋਂ ਦੀਆਂ ਫੋਟੋਆਂ ਤੇ ਫੀਲਿੰਗਾਂ ਈ ਘੈਂਟ ਆ…। ਉਂਝ ਹੈ ਕੱਖ ਨੀ…। ਮੈਂ ਸੱਚ ਆਹਨਾਂ। ਤੁਸੀਂ ਯਕੀਨ ਕਰੋ ਜਾਂ ਨਾ ਕਰੋ । ਏਥੇ ਤਾਂ ਇੱਕ ਭਵਜਲ ਗੇੜ ਆ। ਉਹਦੇ ‘ਚ ਬੰਦਾ ਚਾਈਂ-ਚਾਈਂ ਵੜ ਜਾਂਦਾ. ਫਿਰ ਸਾਰੀ ਉਮਰ ਨਹੀਂ ਨਿਕਲ ਸਕਦਾ। ਜਿਵੇਂ ਸੜਕਾਂ ‘ਤੇ ਬੋਰਡ ਲੱਗੇ ਹੁੰਦੇ, ਲਿਖਿਆ ਹੁੰਦਾ, “ਓਨਲੀ ਵਨ-ਵੇ।” ਬਸ ਏਦਾਂ ਹੀ ਜਾਣ ਦਾ ਰਸਤਾ ਹੈ ਪਰ ਵਾਪਸ ਮੁੜਨ ਦਾ ਕੋਈ ਨਹੀਂ।
ਬੀਬੀ ਆਂਹਦੀ ਹੁੰਦੀ, “ਉੱਠ ਜਾ ਬਰਮਾ ਨੂੰ, ਲੇਖ ਜਾਣਗੇ ਨਾਲੇ।” ਜਮ੍ਹਾ ਸੱਚੀ ਗੱਲ ਆ।
ਸੱਚ ਆਖਾਂ, ਮੇਰੀ ਤਾਂ ਦੁਨੀਆ ਬਸ ਆਹ ਟਰੱਕ ਈ ਆ। ਰੋਜ਼ੀ-ਰੋਟੀ…ਮੇਰਾ ਘਰ…ਤੇ ਸਭ ਤੋਂ ਸਕੂਨ ਵਾਲੀ ਜਗ੍ਹਾ। ਪੰਜ-ਛੇ ਦਿਨ ਵੀਕ ‘ਚੋਂ ਟਰੱਕ ‘ਤੇ ਹੀ ਲੰਘਦੇ…ਪਰ ਸੋਹਣੇ ਲੰਘਦੇ…ਆਜ਼ਾਦੀ ਦੇ ਲੰਘਦੇ। ਪਿੰਡ ਬੀਬੀ ਨਾਲ ਡੇਲੀ ਗੱਲ ਕਰ ਲੈਨਾਂ… ਯਾਰਾਂ ਬੇਲੀਆਂ ਨੂੰ ਫ਼ੋਨ ਕਰ ਲੈਨਾਂ ਸੋਹਣਾ ਟਾਇਮ ਪਾਸ ਹੋ ਜਾਂਦਾ। ਉਂਝ ਘਰੇ ਵੜਦਿਆਂ ਹੀ ਟਰੰਪ ਦੇ ਸਾਰੇ ਕਾਇਦੇ-ਕਾਨੂੰਨ ਸਾਡੇ ‘ਤੇ ਈ ਲਾਗੂ ਹੋ ਜਾਂਦੇ।
ਟਰੱਕ ਤੋਂ ਉੱਤਰਿਆ ਤਾਂ ਹੱਡ-ਚੀਰਵੀਂ ਬਰਫ਼ੀਲੀ ਹਵਾ ਮੇਰੇ ਆਰ-ਪਾਰ ਹੋਣ ਲੱਗੀ। ਬਰਫ਼ਾਏ ਮੌਸਮ ਦੇ ਸਿਖਰਲੇ ਦਿਨ ਹੋਣ ਕਾਰਨ ਦੰਦ-ਖੜੱਕਾ ਵੱਜਣ ਲੱਗਾ।
ਕਾਂਬਾ ਕਿ ਧਰਤੀ ‘ਤੇ ਪੈਰ ਹੀ ਨਾ ਲੱਗਣ ਦੇਵੇ । ਆਲੇ-ਦੁਆਲੇ ਦੀ ਖੂਬਸੂਰਤੀ ਦੇਖ ਮਨ ਕੁਝ ਪਲ਼ ਹੋਰ ਥਾਂਏਂ ਰੁਕਣਾ ਚਾਹੁੰਦਾ। ਪਹਾੜੀਆਂ ‘ਤੇ ਜੰਮੀ ਚਿੱਟੀ ਬਰਫ਼ ਜਿਵੇਂ ਕਿਸੇ ਸਚਿਆਰੀ ਸੁਆਣੀ ਨੇ ਮੰਜੇ ਡਾਹ ਕੇ ਚਿੱਟੀਆਂ ਚਾਦਰਾਂ ਵਿਛਾਈਆਂ ਹੋਣ। ਤੇਜ ਹਵਾ ਨਾਲ ਝੂਮਦੇ ਰੁੱਖ ਜਿਵੇਂ ਗੀਤ ਸੁਣਾ ਰਹੇ ਹੋਣ। ਜਿਵੇਂ ਪਿੰਡਾਂ ਦੀਆਂ ਬੁੜ੍ਹੀਆਂ ਸੁਰ ਨਾਲ ਸੁਰ ਮਿਲਾ ਕੇ ਸੁਹਾਗ, ਘੋੜੀਆਂ ਗਾਉਂਦੀਆਂ ਹੋਣ। ਇਸ ਮੌਸਮ ਵਰਗਾ ਖੂਬਸੂਰਤ ਹੋਣਾ ਲੋਚਦਾ ਮੇਰਾ ਮਨ ਵੀ। ਕੀ ਕਰਾਂ ਅੱਜ-ਕੱਲ੍ਹ ਬੜਾ ਉਦਾਸ ਰਹਿੰਦਾ ਮਨ ਦਾ ਮੌਸਮ…ਗਾਉਣਾ ਚਾਹੁੰਨਾ…ਇਨ੍ਹਾਂ ਰੁੱਖਾਂ ਸੰਗ ਹੱਸਣਾ ਚਾਹੁੰਨਾ ਮੈਂ…।
ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁੰਮ ਹੈ…ਗੁੰਮ ਹੈ…ਕਮਲ ਦਾ ਨਾਮ ਬੁੱਲ੍ਹਾਂ ’ਤੇ ਆਉਂਦੇ ਹੀ ਜਿਵੇਂ ਮੁਸਕਰਾਹਟ ਬਰਾਛਾਂ ਨੂੰ ਚੀਰ ਚਿਹਰੇ ‘ਤੇ ਫੈਲ ਗਈ…ਨਾਲ ਹੀ ਅੱਖਾਂ ‘ਚੋਂ ਮੋਟੇ ਹੰਝੂ ਡਿੱਗ ਮੇਰੀ ਭਰਵੀਂ ਦਾੜ੍ਹੀ ‘ਚ ਗੁਆਚ ਗਏ। ਕਿਸੇ ਬੱਚੇ ਵਾਂਗ ਮੈਂ ਅਣਭੋਲ ਜਿਹਾ ਸਿਰ ਟਰੱਕ ਦੇ ਬੰਪਰ ਨਾਲ ਲਾ ਕੇ ਅੱਖਾਂ ਬੰਦ ਕਰ ਝੱਟ ਦੀ ਝੱਟ ਢਾਸਣਾ ਲਾ ਖੜੋ ਗਿਆ… ਮਾਂ ਦਾ ਮੋਢਾ ਸਮਝ ਕੇ। ਕਿੰਨਾ ਇਕੱਲਾ ਹਾਂ ਮੈਂ…ਐਨੀ ਵੱਡੀ ਦੁਨੀਆਂ ।
ਮਾਂ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝ ਹਿੱਕ ਨਾਲ ਲਾ ਲਿਆ, “ਨਾ ਮੇਰਾ ਪੁੱਤ ਤੂੰ ਉਦਾਸ ਨਾ ਹੋਇਆ ਕਰ, ਮੈਂ ਤਾਂ ਚੱਤੋ ਪਹਿਰ ਤੇਰੇ ਨਾਲ ਆਂ। ਸਾਰਾ ਦਿਨ ਤੇਰੀਆਂ ਸੁੱਖਾਂ ਮੰਗਦੀ ਆਂ…ਸਵੇਰੇ ਪੰਜਾਂ ਬਾਣੀਆਂ ਦਾ ਪਾਠ, ਆਥਣੇ ਰਹਿਰਾਸ ਕਰਦੀ ਆਂ ਤੇਰੀ ਲੰਮੀ ਉਮਰ ਲਈ, ਤੇਰੀ ਤੰਦਰੁਸਤੀ ਲਈ। ਵੇਖ ਕਿੰਨੀ ਠੰਡ ਆ…ਚੱਲ ਮੇਰਾ ਸ਼ੇਰ ਪੁੱਤ…ਆ।”
ਮਾਂ ਨੇ ਬਾਹੋਂ ਫੜ ਟਰੱਕ ‘ਚ ਬਿਠਾ ਲਿਆ। ਬਾਹਰਲੀ ਹਵਾ ਦਾ ਬੁੱਲਾ ਅੰਦਰ ਆਇਆ ਤਾਂ ਮਾਂ ਦੀ ਟਰੱਕ ‘ਚ ਲਾਈ ਬੈੱਡ ਦੇ ਸਿਰਹਾਣੇ ਵਾਲੇ ਪਾਸੇ ਫੋਟੋ ਹਿੱਲਣ ਲੱਗੀ ਤਾਂ ਝੱਟ ਦੇਣੀ ਬਾਰੀ ਬੰਦ ਕਰ ਦਿੱਤੀ। ਮੇਰੇ ਹੌਲ ਜਿਹਾ ਪਿਆ। ਜੀਅ ਕੀਤਾ ਇੰਡੀਆ ਫ਼ੋਨ ਕਰਕੇ ਮਾਂ ਦਾ ਹਾਲ ਪੁੱਛਾਂ ਸੇਮਾ ਦੱਸਦਾ, “ਤਾਈ ਹੁਣ ਵਾਹਵਾ ਢਿੱਲੀ ਰਹਿੰਦੀ ਯਾਰ ਹੈਪੀ । ਤੂੰ ਆ ਕੇ ਉਹਨੂੰ ਮਿਲ ਜਾ…ਯਾਰ ਇਹ ਨਾ ਹੋਵੇ ਸਾਰੀ ਉਮਰ ਦਾ ਪਛਤਾਵਾ ਤੇਰੇ ਪੱਲੇ ਰਹਿਜੇ।”
ਪਰ ਇਸ ਵੇਲੇ ਤਾਂ ਇੰਡੀਆ ਅੱਧੀ ਰਾਤ ਆ। ਸਵੇਰੇ ਕਰਦਾਂ ਗੱਲ।
ਖ਼ਿਆਲ ਆਇਆ ਰੋਟੀ ਤਾਂ ਅੱਜ ਖਾਧੀ ਹੀ ਨਹੀਂ। ਠੰਡ ਨਾਲ ਸਰੀਰ ਆਕੜਿਆ ਪਿਆ। ਨਾਲੇ ਚਾਹ ਬਣਾਉਨੇ ਆਂ ਕੱਪ, ਨਾਲੇ ਰੋਟੀ ਗਰਮ ਕਰਾਂ। ਛੋਟੀ ਜਿਹੀ ਫਰਿੱਜ਼ ਜੋ ਟਰੱਕ ਦੇ ਸਿਰਹਾਣੇ ਵਾਲੇ ਪਾਸੇ ਸਾਈਡ ‘ਤੇ ਫਿੱਟ ਆ ਉਹਦੇ ‘ਚੋਂ ਦੋ ਕੱਚ ਦੇ ਡੱਬੇ ਕੱਢਦਾਂ. ਇੱਕ ‘ਚ ਸਬਜ਼ੀ ਤੇ ਇੱਕ ‘ਚ ਦਾਲ। ਦੋਵਾਂ ‘ਚ ਹੁਣ ਦੇ ਡੰਗ ਦੀ ਕੱਠੀ ਕਰ ਡਿਸਪੋਜਲ ਕੋਲੀ ‘ਚ ਪਾ ਮਾਈਕਰੋ ‘ਚ ਗਰਮ ਕਰਨ ਨੂੰ ਰੱਖ ਦਿੱਤੀ…ਉੱਤੋਂ ਦੋ ਰੋਟੀਆਂ ਧਰ ਦਿੱਤੀਆਂ। ਆਹ ਹੈਪੀ ਸਿਹਾਂ ਅਮਰੀਕਾ ਚੌਹੁੰ ਦਿਨਾਂ ਦੀਆਂ ਰੋਟੀਆਂ ਦਾਲਾਂ ਖਾ ਰਹੇ ਹਾਂ, ਗਧਿਆਂ ਵਾਂਗ ਕਮਾ ਰਹੇ ਹਾਂ। ਨਾ ਕੋਈ ਕਦਰ…ਨਾ ਕਿਸੇ ਨੂੰ ਕਿਸੇ ਨਾਲ ਪਿਆਰ…। ਕੋਹਲੂ ਦਾ ਬੈਲ ਬਣਿਆ ਹਰ ਬੰਦਾ ਏਥੇ ਬੱਸ। ਵੱਡੇ ਘਰ, ਵੱਡੀਆਂ ਕਾਰਾਂ ਦੀਆਂ ਕਿਸ਼ਤਾਂ ਲਾਹੁਣ ਲਈ ਬੰਦਾ ਇੱਕ-ਦੂਜੇ ਤੋਂ ਅੱਗੇ ਭੱਜਦਾ ਏਥੇ ਸਭ ਕੁਝ ਹਾਸਿਲ ਕਰ ਲੈਂਦਾ ਪਰ ਇੱਕ ਚੀਜ਼ ਨਹੀਂ ਮਿਲਦੀ… ਸਕੂਨ।
ਉਹ ਰਹਿ ਗਿਆ ਪਿੰਡ…ਜਿੱਥੇ ਜੰਮੇ-ਪਲ਼ੇ…ਜੁਆਨ ਹੋਏ, ਮੁਹੱਬਤ ਕੀਤੀ…ਇਸ਼ਕ ਹੰਢਾਇਆ। ਫ਼ੋਨ ‘ਤੇ ਟਾਇਮ ਚੈੱਕ ਕੀਤਾ…ਅਜੇ ਤਾਂ ਲੱਗਦਾ ਲੋਡ ਦੋ ਘੰਟੇ ਨਹੀਂ ਲਹਿਣਾ.. ਪਹਿਲਾਂ ਈ ਆ ਗਿਆ ਸੀ । ਮੈਂ ਰੁਕਣਾ ਤਾਂ ਲਵ ਆਲੇ ਟਰੱਕ ਸਟਾਪ ‘ਤੇ ਸੀ। ਸ਼ਾਵਰ ਵੀ ਲੈਣਾ ਸੀ…ਪਤਾ ਈ ਨੀ ਲੱਗਾ ਕਿਹੜੀ ਬੇਧਿਆਨੀ ‘ਚ ਹੀ ਨੱਪੀ ਆਇਆ ਰੇਸ…ਉਦੋਂ ਪਤਾ ਲੱਗਾ ਜਦੋਂ ਨੈਵੀਗੇਸ਼ਨ ਦੀ ਆਵਾਜ਼ ਕੰਨੀਂ ਪਈ ਕਿ ਤੁਸੀਂ ਆਪਣੇ ਐਡਰੇਸ ‘ਤੇ ਪਹੁੰਚ ਗਏ ਹੋ…ਤੇ ਕੁਝ ਪਲ਼ਾਂ ‘ਚ ਟਰੱਕ ਰੀਨੋ ਸ਼ਹਿਰ ਦੇ ਵੱਡੇ ਵੇਅਰ ਹਾਊਸ ਦੇ ਗੇਟ ‘ਤੇ ਖੜ੍ਹਾ ਸੀ।
ਰੋਟੀ ਵਾਲੀ ਪਲੇਟ ਬੈੱਡ ‘ਤੇ ਪੇਪਰ ਵਿਛਾ ਕੇ ਅੱਗੇ ਰੱਖ ਲਈ ਤੇ ਚੌਂਕੜੀ ਮਾਰ ਹਮੇਸ਼ ਦੀ ਤਰ੍ਹਾਂ ਹੱਥ ਜੋੜ ਅਰਦਾਸ ਕੀਤੀ, “ਤੇਰਾ ਸ਼ੁਕਰ ਆ ਦਾਤਿਆ! ਸਭ ਨੂੰ ਦੇਈਂ।”
ਇਹ ਅਰਦਾਸ ਬਾਪੂ ਨੇ ਸਿਖਾਈ ਸੀ। ਮੈਂ ਜਦੋਂ ਉਹਦੇ ਨਾਲ ਰੋਟੀ ਖਾਂਦਾ ਬਾਪੂ ਨੇ ਪਹਿਲਾਂ ਮੇਰੇ ਨਿੱਕੇ-ਨਿੱਕੇ ਹੱਥ ਧੋਣੇ ਫਿਰ ਆਖਣਾ ਹੱਥ ਜੋੜ ਕੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ ਜੋ ਸਾਨੂੰ ਢਿੱਡ ਭਰਨ ਲਈ ਰੋਟੀ ਦਿੰਦਾ। ਮੈਂ ਤੋਤਲੀ ਆਵਾਜ਼ ਵਿੱਚ ਬਾਪੂ ਦੇ ਮਗਰ-ਮਗਰ ਬੋਲਦਾ..।
ਟਰੱਕ ਦੀ ਵਿੰਡੋ ਖੜਕੀ। ਸ਼ਾਇਦ ਵੇਅਰਹਾਉਸ ਵਰਕਰ ਸੀ, “ਮਿਸਟਰ ਸਿੰਘ ਇਫ ਯੂ ਆਰ ਰੈਡੀ ਦੈਨ ਯੂ ਕੈਨ ਰਿਮੂਵ ਦਾ ਲੋਡ ਫਸਟ।”
ਮੈਂ ਥੈਂਕਯੂ ਆਖ ਰੋਟੀ ਖਾ, ਚਾਹ ਥਰਮਸ ਕੱਪ ਵਿੱਚ ਪਾਈ ਤੇ ਡਰਾਇਵਿੰਗ ਸੀਟ ‘ਤੇ ਆ ਬੈਠਾ। ਟਰੱਕ ਬੈਕ ਕਰ ਵਿੰਡੋ ‘ਤੇ ਲੋਡ ਖਾਲੀ ਕਰਨ ਲਾ ਦਿੱਤਾ।
ਜਿਸ ਦਿਨ ਦਾ ਪਿੰਡੋਂ ਸੇਮੇ ਦਾ ਫ਼ੋਨ ਆਇਆ ਮੈਨੂੰ ਬੀਬੀ ਦੇ ਨਾਲ ਕਮਲ ਦੀ ਵੀ ਚਿੰਤਾ ਵੱਢ-ਵੱਢ ਖਾਈ ਜਾਂਦੀ ਏ। ਸੇਮੇ ਨੇ ਦੱਸਿਆ ਕਮਲ ਦੇ ਘਰਵਾਲੇ ਦੀ ਮੌਤ ਹੋ ਗਈ…ਉਹ ਅਮਰੀਕਾ ਈ ਕਿਤੇ ਰਹਿੰਦੀ ਏ ਕੈਲੇਫੋਰਨੀਆ ‘ਚ। ਹੁਣ ਪਿੰਡ ਆਈ ਹੋਈ ਘਰਵਾਲੇ ਦੇ ਫੁੱਲ ਪਾਉਣ। ਅੱਜਕੱਲ ਦਿਨ ‘ਚ ਕਈ ਵਾਰ ਮੈਂ ਕਮਲ ਦੇ ਖ਼ਿਆਲਾਂ ‘ਚ ਡੂੰਘਾ ਉਤਰ ਜਾਨਾਂ। ਮੈਂ ਮਹਿਸੂਸ ਕਰਦਾ, ਜਿਵੇਂ ਕਮਲ ਮੇਰੇ ਆਸ-ਪਾਸ ਹੀ ਹੈ…ਕਿਤੇ ਨੇੜੇ-ਤੇੜੇ ਈ। ਕਿੰਨੀ ਵਾਰ ਉਸ ਦਾ ਨਾਮ ਭਰ ਕੇ ਕਦੇ ਫੇਸਬੁੱਕ ਤੇ ਕਦੇ ਗੂਗਲ ‘ਤੇ ਸਰਚ ਕਰਦਾਂ ਹੋਰ ਈ ਪਤਾ ਨਹੀਂ ਕਿੰਨੇ ਸੌ ਕਮਲ ਨਿਕਲ ਆਉਂਦੀਆਂ ਪਰ ਉਹਦਾ ਥਹੁ-ਪਤਾ ਨਹੀਂ ਲੱਗਦਾ। ਕਿਤੇ ਉਹ ਵੀ ਮੇਰੇ ਵਾਂਗ ਭਟਕਦੀ ਹੋਵੇਗੀ…ਕਿ ਖੁਸ਼ ਹੋਏਗੀ…ਉਹ ਉਨੀ ਹੀ ਸੋਹਣੀ ਹੋਵੇਗੀ ਕਿ ਉਸ ਤੋਂ ਵੀ ਸੋਹਣੀ ਹੋ ਗਈ ਹੋਵੇਗੀ…ਉਹ ਖੁਸ਼ ਕਿਵੇਂ ਹੋ ਸਕਦੀ ਜੀਹਦਾ ਚੜ੍ਹਦੀ ਜਵਾਨੀ ਹੀ ਕਿਸੇ ਬੁੱਢੇ ਨਾਲ ਨਿਰੜ ਕਰ ਦਿੱਤਾ ਸੀ। ਉਸ ਦੇ ਪਿਉ ਤੇ ਭੂਆ ਨੇ ਉਹਦੀ ਇੱਕ ਨੀ ਸੀ ਸੁਣੀ। ਅਖੇ, “ਧੀਏ ਕਦੀ ਮਰਦ ਤੇ ਘੋੜੇ ਵੀ ਬੁੱਢੇ ਹੋਏ… ਲੈ ਬਾਹਰ ਦੇ ਮੁਲਕ ਉਠਜੇਂਗੀ। ਸਾਰੇ ਧੋਣੇ ਧੋਤੇ ਜਾਣਗੇ…ਤੇਰੇ ਮਗਰ ਛੋਟੇ ਭੈਣ-ਭਰਾਵਾਂ ਦੀ ਜ਼ਿੰਦਗੀ ਬਣ ਜੂ। ਮੌਜਾਂ ਕਰੇਂਗੀ…ਮੌਜਾਂ। ਭੂਆ ਨੂੰ ਏਸੇ ਮੂੰਹ ਨਾਲ ਅਸੀਸਾਂ ਦੇਵੇਂਗੀ।” ਕਮਲ ਨੇ ਬਹੁਤ ਵਿਰੋਧ ਕੀਤਾ। ਰੋਈ-ਪਿੱਟੀ ਨਾਲ ਸੀਸਾਂ ਦਿੰਦੀ ਪਰ ਉਸ ਦੀ ਕਿਸੇ ਨੇ ਨੀ ਸੁਣੀ… “
ਮੈਂ ਵੀ ਤਾਂ ਨਹੀਂ ਸੁਣੀ ਉਹਦੀ.. ਮੈਂ ਸਭ ਤੋਂ ਵੱਡਾ ਗੁਨਾਹਗਾਰ ਹਾਂ ਉਸ ਦਾ। ਮੇਰੇ ਗਲ਼ ਲੱਗ ਕੇ ਕਿੰਨਾ ਰੋਈ ਸੀ, “ਹੈਪੀ! ਮੈਂ ਮਰ ਜਾਊਂ ਪਰ ਵਿਆਹ ਕਿਸੇ ਹੋਰ ਨਾਲ ਨੀ ਕਰਾਉਣਾ। ਮੈਨੂੰ ਏਥੋਂ ਲੈ ਜਾ…ਤੂੰ ਕੁਝ ਵੀ ਕਰ ਹਿੰਮਤ ਕਰਕੇ ਆਪਣੇ ਬੇਬੇ-ਬਾਪੂ ਨੂੰ ਮਨਾ ਲੈ। ਸਾਡੇ ਘਰ ਭੇਜ ਜਾਂ ਭਜਾ ਕੇ ਲੈ ਜਾ ਮੈਨੂੰ… ਬਸ ਏਥੋਂ ਲੈ ਜਾ…ਹਰ ਮੁਸੀਬਤ ਦਾ ਸਾਹਮਣਾ ਕਰਨ ਨੂੰ ਤਿਆਰ ਆਂ.ਮੇਰਾ ਸਾਥ ਦੇ। ਜੇ ਪਿਆਰ ਕੀਤਾ ਤਾਂ ਹਿੰਮਤ ਦਿਖਾ। ਹੈਪੀ ਜੇ ਲਾਈਆਂ ਤੇ ਨਿਭਾਅ ਕੇ ਵੀ ਦਿਖਾ। ਅਜੇ ਵੀ ਵੇਲਾ ਏ ਪੰਦਰਾਂ ਦਿਨ ਪਏ…ਕੁਝ ਵੀ ਕਰ, ਮੈਂ ਉਸ ਬੁੱਢੇ ਨਾਲ ਵਿਆਹ ਕਰਾ ਕੇ ਕਿਤੇ ਬਾਹਰਲੇ ਦੇਸ ਨੀ ਜਾਣਾ। ਤੇਰੇ ਨਾਲ ਈ ਮੈਂ ਜ਼ਿੰਦਗੀ ਜਿਉਣੀ…।” ਉਹ ਫੁੱਟ-ਫੁੱਟ ਕੇ ਰੋ ਰਹੀ ਸੀ।
ਮੈਂ ਉਸ ਨੂੰ ਕਿੰਨਾ ਚਿਰ ਵਰਾਉਂਦਾ ਰਿਹਾ ਦਿਲਾਸੇ ਦਿੰਦਾ ਰਿਹਾ…ਵਾਅਦੇ ਕਰਦਾ ਰਿਹਾ… “ਤੂੰ ਫ਼ਿਕਰ ਨਾ ਕਰ ਕਮਲ, ਮੈਂ ਤੇਰੇ ਨਾਲ ਆਂ…ਮੈਂ ਈ ਤੈਨੂੰ ਵਿਆਹ ਕੇ ਲਜਾਊਂ।”
ਤੇ ਉਹਨੂੰ ਮੋਟਰ-ਸਾਇਕਲ ਮਗਰ ਬਿਠਾ ਉਹਦੇ ਪਿੰਡ ਵਾਲੀ ਬਸ ਚੜ੍ਹਾ ਆਇਆ। ਅਸੀਂ ਦੋਵੇਂ ਗੁਰੂ ਨਾਨਕ ਕਾਲਜ ਮੋਗੇ ਪੜ੍ਹਦੇ ਸੀ ਤੇ ਨਾਲੋ-ਨਾਲ ਦੋਹਾਂ ਦੇ ਪਿੰਡ ਸੀ। ਸ਼ਾਇਦ ਉਹ ਆਖ਼ਰੀ ਦਿਨ ਸੀ। ਸਾਡੇ ਮਿਲਾਪ ਦਾ ਵੀ ਤੇ ਵਿਛੋੜੇ ਦਾ ਵੀ… । ਫੇਰ ਕਦੇ ਮੈਂ ਕਮਲ ਦੀ ਸ਼ਕਲ ਨਹੀਂ ਦੇਖੀ..ਸੱਤ-ਅੱਠ ਸਾਲ ਹੋ ਗਏ। ਸੇਮਾ ਉਹਦਾ ਗੁਆਂਢੀ ਸੀ। ਉਹ ਵੀ ਸਾਡੇ ਨਾਲ ਈ ਪੜ੍ਹਦਾ ਸੀ…ਮੇਰੀ ਹਰ ਗੱਲ ਉਹਦੇ ਨਾਲ ਤਸਾਂਝੀ ਸੀ। ਮੈਂ ਕਮਲ ਦੇ ਵਿਆਹ ਤੋਂ ਪਹਿਲਾਂ ਬੇਨਾਗਾ ਪੰਦਰਾਂ ਦਿਨ ਸੇਮੇ ਦੇ ਘਰ ਜਾਂਦਾ ਰਿਹਾ। ਵਿਉਂਤਾਂ ਬਣਾਉਂਦਾ ਰਿਹਾ… ਘਾੜਤਾਂ-ਘੜਦੇ ਰਹੇ… ਜਦੋਂ ਵੀ ਉਹਦੇ ਪਿਉ ਨੂੰ ਦੇਖਦਾ ਤਾਂ ਲੱਗਦਾ ਜਿਵੇਂ ਉਹਦੀ ਪੱਗ ਲਾਹ ਕੇ ਮੈਂ ਸਾਰੇ ਪਿੰਡ ਵਿੱਚ ਦੁਰੇ-ਦੁਰੇ ਕਰਵਾ ਰਿਹਾ ਹੋਵਾਂ। ਉਹ ਜ਼ੋਰ-ਸ਼ੋਰ ਨਾਲ ਵਿਆਹ ਦੀਆਂ ਤਿਆਰੀਆਂ ‘ਚ ਖੁਸ਼ ਸੀ। ਉਹਦੇ ਵਿਆਹ ਦੇ ਸੁਹਾਗ ਗਾਉਣ ਦੀਆਂ ਆਵਾਜ਼ਾਂ ਸੇਮੇ ਦੇ ਘਰੇ ਸਾਫ਼ ਸੁਣਦੀਆਂ। ਕਮਲ ਨੇ ਇੱਕ-ਦੋ ਵਾਰ ਸੇਮੇ ਨੂੰ ਬਹਾਨੇ ਨਾਲ ਆਪਣੇ ਘਰੇ ਵੀ ਬੁਲਾ ਕੇ ਮੇਰੇ ਬਾਰੇ ਪੁੱਛਿਆ।
ਮੈਂ ਮਾਫ਼ੀ ਮੰਗਣ ਲਈ…ਇੱਕ ਵਾਰ ਸਫ਼ਾਈ ਦੇਣ ਲਈ ਮਿਲਣਾ ਚਾਹਿਆ। ਫ਼ੋਨ ਕੀਤੇ। ਉਹ ਬਲੌਕ ‘ਚ ਪਾ ਦਿੰਦੀ…ਕਦੇ ਮੱਥੇ ਨਾ ਲੱਗੀ…ਨਾ ਗੱਲ ਕੀਤੀ। ਕੁਝ ਮਹੀਨਿਆਂ ਬਾਅਦ ਹੀ ਉਹ ਬਾਹਰ ਚਲੀ ਗਈ। ਬਸ ਇੱਕ ਵਾਰ ਮੈਂ ਕਮਲ ਤੋਂ ਮਾਫ਼ੀ ਮੰਗਣਾ ਚਾਹੁੰਨਾਂ। ਇਹਨਾ ਸੱਤਾਂ ਵਰ੍ਹਿਆਂ ਦੌਰਾਨ ਮੇਰੇ ਦੋ ਵਿਆਹ ਹੋ ਗਏ। ਪਹਿਲਾ ਰਮਨ ਨਾਲ ਤੇ ਦੂਜਾ ਪੈਵੀ ਨਾਲ ਪਰ ਕਮਲ ਕਿਸੇ ‘ਚੋਂ ਨਹੀਂ ਮਿਲੀ। ਸ਼ਾਇਦ ਉਸ ਦਾ ਦਿੱਤਾ ਸਰਾਪ ਹੰਢਾ ਰਿਹਾਂ ਮੈਂ ਜੋ ਭਟਕਦਾ ਫਿਰਦਾਂ..ਇਕੱਲਤਾ ਨਾਲ ਘੁਲਦਾ । ਨਾ ਕਿਤੇ ਚੈਨ… ਨਾ ਸਕੂਨ… ਨਾ ਉਹਦੇ ਵਰਗਾ ਪਿਆਰ।
ਦੋ ਸਾਲ ਆਸਟਰੇਲੀਆ ਭਟਕਦਾ ਰਿਹਾ ਰਮਨ ਨਾਲ.. ਵੈਸੇ ਇਹ ਕੋਈ ਵਿਆਹ ਥੋੜ੍ਹੇ ਹੁੰਦੇ ਜਿੱਥੋਂ ਅਸੀਂ ਪਿਆਰ ਭਾਲਦੇ ਇਹ ਤਾਂ ਸੌਦੇ ਹੁੰਦੇ.. ਦੋਹਾਂ ਧਿਰਾਂ ਨੇ ਬੈਠ ਕੇ ਆਪਣਾ-ਆਪਣਾ ਫ਼ਾਇਦਾ ਦੇਖਿਆ, ਫਿਰ ਸੰਯੋਗ ਮਿਲਾ ਦਿੱਤੇ। ਫਿਰ ਆਖਦੇ ਪਿਆਰ ਕਰਲੋ.. ਬਾਕੀ ਸਭ ਕੁਝ ਠੀਕ ਚੱਲਦੈ ਪਰ ਪਿਆਰ ਕਿੱਥੇ ਮਿਲਦੈ…।
ਰਮਨ ਨੇ ਆਈਲੈਟ ਕੀਤੀ ਸੀ ਤੇ ਉਹਦੇ ਕੋਲ ਆਸਟਰੇਲੀਆ ਦਾ ਵੀਜ਼ਾ ਸੀ। ਮੇਰੇ ਘਰਦਿਆਂ ਉਸ ਦੇ ਬਾਪੂ ਨੂੰ ਸਾਰੀਆਂ ਫ਼ੀਸਾਂ ਤੇ ਹੋਰ ਖ਼ਰਚੇ ਦਿੱਤੇ ਤੇ ਜਲਦੀ ਅਸੀਂ ਆਸਟਰੇਲੀਆ ਚਲੇ ਗਏ। ਪਰ ਉੱਥੇ ਪਹੁੰਚ ਰਮਨ ਨੇ ਸਾਫ਼ ਕਹਿ ਦਿੱਤਾ, “ਸੌਰੀ ਹੈਪੀ ਮੈਂ ਤੇਰੇ ਤੋਂ ਹੋਰ ਬਹੁਤੀ ਦੇਰ ਇਹ ਗੱਲ ਲੁਕਾ ਕੇ ਨਹੀਂ ਰੱਖ ਸਕਦੀ ਕਿ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਆਂ.. ਮੈਂ ਤੇਰੇ ਲਾਏ ਪੈਸਿਆਂ ਦਾ ਮੁੱਲ ਮੋੜਤਾ ਤੈਨੂੰ ਏਥੇ ਪਹੁੰਚਾ ਕੇ…ਹੁਣ ਤੂੰ ਜਾਣ ਤੇਰਾ ਕੰਮ…ਏਥੇ ਕਿਵੇਂ ਰਹਿਣਾ..ਕਿਵੇਂ ਸੈੱਟ ਹੋਣਾ ਪੱਕਾ ਹੋਣਾ ਤੇਰੀ ਮਰਜ਼ੀ ਜਿਵੇਂ ਜੋ ਕਰਨਾ ਕਰ। ਇਸ ਪੇਪਰ ‘ਤੇ ਪਲੀਜ਼ ਸਾਇਨ ਕਰਦੋ ।”
ਡਾਇਵੋਰਸ ਦੇ ਪੇਪਰ ਵੇਖ ਮੇਰੀ ਜਿਵੇਂ ਧੜਕਣ ਰੁਕ ਗਈ। ਮੈਂ ਸੁੰਨ ਹੋ ਗਿਆ। ਲੱਗਾ ਜਿਵੇਂ ਅਸਮਾਨੀ ਬਿਜਲੀ ਮੇਰੇ ‘ਤੇ ਆ ਡਿੱਗੀ.. ਆਪਣੇ-ਆਪ ਨੂੰ ਮਸਾਂ ਸੰਭਾਲਿਆ, “ਯਾਰ ਰਮਨ! ਐਨਾ ਭੈੜਾ ਮਜ਼ਾਕ ਨਾ ਕਰ ਮਾਰ ਦੇਣਾ ਸੀ ਮੈਨੂੰ…ਚੱਲ ਝੱਲੀ ਜਿਹੀ…ਕਿੱਥੋਂ ਚੱਕ ਲਿਆਈ ਇਹ…।” ਮੈਂ ਪੇਪਰ ਫੜ ਕੇ ਪਾੜਨ ਲੱਗਾ ਤਾਂ ਉਸ ਝਟਕੇ ਨਾਲ ਖੋਹ ਲਏ… ।
“ਹੈਪੀ ਇਹ ਸੱਚ ਹੈ…ਸੌਰੀ ਤੈਨੂੰ ਬਰਦਾਸ਼ਤ ਕਰਨਾ ਪੈਣਾ…ਮੇਰੇ ਕੋਲ ਕੋਈ ਰਸਤਾ ਨਹੀਂ ਸੀ ਹੋਰ…ਏਥੋਂ ਤੱਕ ਪਹੁੰਚਣ ਲਈ…ਮੇਰਾ ਪਿਆਰ ਪਹਿਲਾਂ ਈ ਏਥੇ ਸੀ ਤੇ ਉਹ ਮੇਰੇ ਪਿੰਡ ਦਾ ਈ ਮੁੰਡਾ ਹੈ…ਉਹਦੇ ਨਾਲ ਵਿਆਹ ਕਰਨ ਲਈ ਕਦੇ ਮੇਰੇ ਮਾਪਿਆਂ ਨੇ ਰਾਜ਼ੀ ਨਹੀਂ ਸੀ ਹੋਣਾ..।”
ਮੈਂ ਛੇ-ਸੱਤ ਮਹੀਨਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਰੋਂਦਾ-ਧੋਂਦਾ ਪਿੰਡ ਮੁੜ ਆਇਆ। ਮੇਰੀ ਵਾਪਸੀ ਨਾਲ ਜਿਵੇਂ ਘਰ ਸੱਥਰ ਵਿੱਛ ਗਿਆ ਬਾਪੂ ਨੇ ਮੰਜਾ ਮੱਲ ਲਿਆ। ਦੋ ਕੁ ਮਹੀਨਿਆਂ ਅੰਦਰ ਬਾਪੂ ਦੀ ਮੌਤ ਹੋ ਗਈ।
ਮੈਂ ਤੇ ਬੀਬੀ…ਉਦਾਸ ਘਰ ਦੀਆਂ ਕੰਧਾਂ ਅੰਦਰ, ਚੁੱਪ-ਗਰੁੱਪ ਕਦੇ ਅਤੀਤ ਤੇ ਕਦੇ ਭਵਿੱਖ ਦੀਆਂ ਸੋਚਾਂ ਦੇ ਗਹਿਰੇ ਪਾਣੀਆਂ ‘ਚ ਗੋਤੇ ਖਾਂਦੇ ਰਹਿੰਦੇ। ਰੌਸ਼ਨੀ ਦੀ ਕੋਈ ਕਿਰਨ ਨਾ ਦਿਸਦੀ। ਉਸ ਦਿਨ ਚਾਚੀ ਜਿਵੇਂ ਜਗਦੀ ਮਸ਼ਾਲ ਫੜ ਬੀਬੀ ਕੋਲ ਆ ਬੈਠੀ।
“ਹੈਂ ਨੀ ਭੈਣੇਂ! ਇੱਕ ਗੱਲ ਮੇਰੇ ਤੇ ਕਈ ਦਿਨਾਂ ਦੀ ਡਮਾਕ ‘ਚ ਘੁੰਮਦੀ…ਊਂ ਤਾਂ ਤੇਰੀ ਮਰਜ਼ੀ ਆ…ਪਰ ਮਾੜਾ ਨੀਂ ਇਹ ਰਿਸ਼ਤਾ ਹੈਪੀ ਆਸਤੇ…।”
ਕਹਿੰਦੇ ਹੁੰਦੇ, ਡੁੱਬਦੇ ਨੂੰ ਤਿਨਕੇ ਦਾ ਸਹਾਰਾ।
ਸਾਗ ਘੋਟਦੀ ਬੀਬੀ ਦੀਆਂ ਡੂੰਘੀਆਂ ਨਿਰਾਸ਼ਾਜਨਕ ਅੱਖਾਂ ‘ਚ ਜਿਵੇਂ ਕੋਈ ਉਮੀਦ ਦੀ ਲੋ ਉਤਰ ਆਈ? ਸਾਗ ਘੋਟਣਾ ਵਿੱਚੇ ਛੱਡ ਪੀੜ੍ਹੀ ਘੁਮਾ ਚਾਚੀ ਦੇ ਹੋਰ ਨੇੜੇ ਹੋ ਗਈ।
“ਸੀਬੋ ਕੀ ਆਹਨੀ ਭੈਣੇਂ। ਬੁਝਾਰਤਾਂ ਜਿਹੀਆਂ ਕਾਹਨੂੰ ਪਾਉਨੀਂ…।”
“ਤੈਨੂੰ ਤਾਂ ਪਤਾ ਈ ਆ ਆਪਣੀ ਪਵਨੀ ਮੇਰੀ ਭਤੀਜੀ ਵੱਡੇ ਭਾਈ ਗੁਰੇ ਦੀ ਛੋਟੀ ਕੁੜੀ… ਬਾਰੇ ਸੋਚਦੀ ਸੀ ਮੈਂ ਤਾਂ। ਭੈਣ ਜੀ ਘਰ ਦਾ ਘਰੇ… ਨਾਲੇ ਉਹਨਾਂ ਨੂੰ ਕਿਹੜਾ ਭੁੱਲ ਆ ਆਪਣੇ ਹੈਪੀ ਦੀ… ਤੇ ਨਾ ਕੋਈ ਆਪਾਂ ਨੂੰ ਭੁੱਲ ਆ ਉਹਨਾਂ ਬਾਰੇ…।”
ਬੜੇ ਹੀ ਉਤਾਵਲੇਪਣ ਤੇ ਜੋਸ਼ ਨਾਲ ਭਰੀ ਚਾਚੀ ਨੇ… ਜਿਵੇਂ ਸਾਡੇ ਸਾਰੇ ਦੁੱਖਾਂ ਦੀ ਦਾਰੂ ਲੱਭ ਲਈ ਪਰ ਬੀਬੀ ਚੁੱਪ-ਗਰੁੱਪ ਜਿਹੀ ਹੋ ਗਈ।
“ਦੋ ਨਿਆਣੇ…ਉਮਰ ਵੀ ਤੇਰੇ ਤੋਂ ਛੇ-ਸੱਤ ਵਰ੍ਹੇ ਵੱਡੀ…ਰੁੱਖਾ ਜਿਹਾ ਸੁਭਾਅ ਪਵਨੀ ਦਾ। ਤਾਂ ਈ ਤਾਂ ਤਲਾਕ ਹੋਇਆ ਸੀ…ਤੇ ਬਾਕੀ… ਹੁਣ ਮੇਰਾ ਮਨ ਨਹੀਂ ਮੰਨਦਾ ਤੂੰ ਬਾਹਰ ਜਾਵੇਂ…ਏਥੇ ਈ ਕੋਈ ਕੰਮ-ਧੰਧਾ ਕਰਲਾ ਗੁਜ਼ਾਰੇ ਜੋਗਾ । ਹੁਣ ਪੁੱਤ ਮੈਂ ਤੈਨੂੰ ਅੱਖੋਂ ਪਰ੍ਹੇ ਨੀ ਕਰਨਾ।”
ਬੀਬੀ ਨੇ ਮੇਰੇ ਅੱਗੇ ਆਪਣੀ ਦਲੀਲ ਰੱਖੀ।
ਪਵਨੀ ਨੂੰ ਮੈਂ ਬਚਪਨ ਤੋਂ ਜਾਣਦਾ ਸੀ… ਸਕੂਲੀ ਛੁੱਟੀਆਂ ‘ਚ ਅਕਸਰ ਏਥੇ ਆਉਂਦੀ ਸੀ… ਵਿਆਹ ਤੋਂ ਬਾਅਦ ਵੀ ਕਈ ਵਾਰ ਆਪਣੇ ਬੱਚਿਆਂ ਤੇ ਘਰਵਾਲੇ ਨਾਲ ਆਈ। ਜਦੋਂ ਇੰਡੀਆ ਆਉਂਦੀ ਚਾਚੇ ਦਾ ਤੇ ਸਾਡਾ ਵਿਹੜਾ ਇੱਕ ਈ ਸੀ…ਉਂਝ ਸਾਰਾ ਕੁੱਝ ਅੱਡੋ-ਅੱਡ ਸੀ ਪਰ ਵਿਹੜੇ ‘ਚ ਕੰਧ ਨਹੀਂ ਸੀ ਕੱਢੀ।
ਬੀਬੀ ਤਾਂ ਪਹਿਲਾਂ ਵੀ ਨਹੀਂ ਸੀ ਮੰਨਦੀ ਕਿ ਮੈਂ ਆਸਟਰੇਲੀਆ ਜਾਵਾਂ, “ਪੁੱਤ ਕਾਹਨੂੰ ਪਾੜ ਪੁੱਟਣੇ… ਐਵੇਂ ਈ ਰੀਸੋ-ਰੀਸ ਬਾਹਰ ਭੱਜੀ ਜਾਂਦੀ ਦੁਨੀਆ… ਉੱਥੇ ਜਾ ਕੇ ਮਜ਼ਦੂਰੀ ਕਰ ਲੈਂਦੇ ਪਰ ਆਪਣੇ ਪਿਉ-ਦਾਦੇ ਦੇ ਚਾਰ ਸਿਆੜ ਨੀ ਵਗਦੇ। ਉਹਦੇ ਆਸਤੇ ਸੀਰੀ ਰੱਖ ਲੈਨੇ… ਏਨੇ ‘ਚ ਤੇਰੇ ਪਿਉ ਨੇ ਸਾਰੀ ਉਮਰ ਕਮਾਈ ਕਰਕੇ ਆਪਣੇ ਢਿੱਡ ਭਰੇ… ਸੋਹਣਾ ਗੁਜ਼ਾਰਾ ਹੋਈ ਗਿਆ। ਕਿਸੇ ਦੇ ਉੱਚੇ ਮਹਿਲ ਵੇਖ ਅਸੀਂ ਕੱਚੇ ਨਹੀਂ ਢਾਏ…।”
ਬੀਬੀ ਪਰ ਗੁਜ਼ਾਰਾ ਈ ਤਾਂ ਹੋਇਆ…ਕੋਈ ਸੁਪਨਾ ਤਾਂ ਪੂਰਾ ਨਹੀਂ ਹੋਇਆ…ਐਵੇਂ ਮਰੂੰ-ਮਰੂੰ ਕਰਕੇ ਕੀ ਜੀਉਣਾ?”
ਮੈਂ ਬੀਬੀ ਨੂੰ ਉਦੋਂ ਪਿੰਡ ਦੇ ਕਈ ਮੁੰਡਿਆਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਸੀ।
ਬਾਪੂ ਸ਼ੁਰੂ ਤੋਂ ਈ ਚਾਹੁੰਦਾ ਸੀ ਮੈਂ ਕਿਵੇਂ ਵੀ ਹੋਵੇ ਬਾਹਰ ਜਾਵਾਂ… । ਉਹ ਉੱਠਦੇ-ਬਹਿੰਦੇ ਇੱਕੋ ਗੱਲ ਕਹਿੰਦਾ,
“ਏਥੇ ਕੁੱਝ ਨੀ ਰੱਖਿਆ। ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਇਆਂ..ਨਾ ਚੰਗਾ ਖਾਧਾ ਨਾ ਚੰਗਾ ਹੰਢਾਇਆ ਚਾਦਰ ਛੋਟੀ ਸੀ ਕਿਤੇ ਪੈਰ ਬਾਹਰ ਨਾ ਨਿਕਲ ਜਾਣ… ਏਸੇ ਚਿੰਤਾ ‘ਚ ਜ਼ਿੰਦਗੀ ਕੱਟੀ। ਜਿਹੜੇ ਦੋ ਸਿਆੜ ਆ ਕਿਤੇ ਉਹਨਾਂ ਨੂੰ ਵੀ ਗੂਠਾ ਨਾ ਲਾਉਣਾ ਪੈਜੇ… ਇਹੀ ਝੋਰਾ ਖਾਂਦਾ ਰਿਹਾ ਸਾਰੀ ਉਮਰ.. ਤੂੰ ਹੁਣ ਹਿੰਮਤ ਕਰ, ਭਾਵੇਂ ਨਿੱਕੇ-ਮੋਟੇ ਦੇਸ ਈ ਨਿਕਲਜਾ…ਏਥੋਂ ਨਾਲੋਂ ਤਾਂ ਸੌਖਾ ਈ ਰਹੇਂਗਾ…ਅਸੀਂ ਤਾਂ ਖੇਤੀ ਕਰਲੀ ਥੋਡੇ ਤੋਂ ਉਹ ਵੀ ਨੀ ਹੋਣੀ…।” ਮੈਨੂੰ ਜਾਪਦਾ ਬਾਪੂ ਜਮ੍ਹਾ ਸਹੀ ਆਖਦਾ ਸੀ।
ਪਵਨੀ ਬਾਰੇ ਲੋਕ ਕੀ ਕਹਿਣਗੇ। ਉਹਦੇ ਦੋ ਨਿਆਣੇ..ਮੇਰਾ ਕੀ ਮੇਲ ਉਹਦੇ ਨਾਲ… ਬਹੁਤਾ ਸੋਚਣ ਨਾਲੋਂ ਮੇਰਾ ਮਨ ਇੱਕੋ ਹੀ ਗੱਲ ਦੁਹਰਾ ਰਿਹਾ ਸੀ…ਇਹੀ ਸੋਚ ਰਿਹਾ ਸੀ। ਅਮਰੀਕਾ…ਅਮਰੀਕਾ…ਅਮਰੀਕਾ ਜਾਣ ਬਾਰੇ। ਇਸ ਤੋਂ ਬਿਨ੍ਹਾਂ ਹੋਰ ਮੈਂ ਸੋਚ ਵੀ ਨਹੀਂ ਸੀ ਸਕਦਾ. ਮੈਂ ਇਹ ਮੌਕਾ ਹਰਗਿਜ਼ ਨਹੀਂ ਸੀ ਗੁਆਉਣਾ ਚਾਹੁੰਦਾ। ਮੈਂ ਬੀਬੀ ਨੂੰ ਮਨਾ ਹੀ ਲਿਆ।
ਅੱਜ ਚੌਥੇ ਦਿਨ ਬਾਅਦ ਪੈਵੀ ਦੀ ਕਾਲ ਆਈ। ਪੈਵੀ ਪਵਨੀ ਦਾ ਨਿਕ ਨੇਮ ਹੈ। ਜੋ ਏਥੇ ਉਸ ਦੇ ਫਰੈਂਡ ਸਰਕਲ ਨੇ ਦਿੱਤਾ ਸੀ।
ਕਾਲ ਆਨ ਨਹੀਂ ਕੀਤੀ… ਮੇਰਾ ਦਿਲ ਨਹੀਂ ਕੀਤਾ… ਕਰੇ ਵੀ ਕਿਵੇਂ? ਕਦੇ ਕੋਈ ਚੱਜ ਦੀ ਗੱਲ ਤਾਂ ਕਰਨੀ ਹੀ ਨਹੀਂ ਪਿਆਰ ਤਾਂ ਇਸ ਨੂੰ ਪਤਾ ਹੀ ਨਹੀਂ ਕਿਸ ਬਲਾ ਦਾ ਨਾਮ । ਬਸ ਦੋ ਈ ਗੱਲਾਂ… ਪੈਸਾ ਤੇ ਮੇਰੇ ਬੱਚੇ… ਮੇਰੇ ਬੱਚੇ… ਮੈਂ ਤਾਂ ਜਿਵੇਂ ਕੁਝ ਹੈ ਹੀ ਨਹੀਂ..ਮੇਰੇ ਨਾਲ ਵੀ ਕੋਈ ਰਿਸ਼ਤਾ ਹੈ… ਕੀ ਰਿਸ਼ਤਾ ਹੈ… ਉਹਨੇ ਸ਼ਾਇਦ ਇਹ ਕਦੇ ਸੋਚਿਆ ਹੀ ਨਹੀਂ… ਉਹਨੂੰ ਤਾਂ ਕੀ…? ਕਦੇ ਮੈਨੂੰ ਵੀ ਸਮਝ ਨਹੀਂ ਆਈ ਕਿ ਕੀ ਕਮਾ ਕੇ ਦੇਣ ਲਈ ਹੀ ਹਾਂ? ਮੇਰੀ ਕੋਈ ਹੈਸੀਅਤ ਨਹੀਂ ਉਹਨਾਂ ਤਿੰਨਾਂ ਦੀ ਜ਼ਿੰਦਗੀ ‘ਚ ਕਈ ਵਾਰੀ ਮੇਰਾ ਮਨ ਬਹੁਤ ਘੁੱਟਣ ਮਹਿਸੂਸ ਕਰਦਾ..।
ਗੱਲ ਇਹ ਹੋਈ, ਉਸ ਦਿਨ ਡਿਸਪੈਚਰ ਨੇ ਦੋ ਮਹੀਨੇ ਦੇ ਲੋਡਾਂ ਦਾ ਹਿਸਾਬ ਕਰ… ਪੀ.ਡੀ.ਐੱਫ. ਮੈਨੂੰ ਈਮੇਲ ਕਰ ਦਿੱਤੀ ਤੇ ਚੈੱਕ ਮੇਰੇ ਬਿਜ਼ਨਸ ਅਕਾਊਂਟ ‘ਚ ਹੀ ਪਾ ਦਿੱਤਾ ਜੋ ਅਕਸਰ ਹੀ ਏਦਾਂ ਕਰਦਾ ਮੇਰਾ ਬਿਜ਼ਨਸ ਅਕਾਊਂਟ ਤਾਂ ਨਾਮ ਦਾ ਹੀ ਹੈ ਪਰ ਉਹ ਆਨਲਾਇਨ ਪੈਵੀ ਦੇ ਫ਼ੋਨ ‘ਤੇ ਹੀ ਚੱਲਦਾ ਸਭ ਬੈਂਕ ਅਕਾਊਂਟ ਇਸੇ ਦੇ ਫ਼ੋਨ ‘ਤੇ ਹੀ ਚੱਲਦੇ ਕਿਤੇ ਦੋ ਡਾਲਰ ਵੀ ਵਰਤਦਾ ਮੈਸੇਜ ਪੈਵੀ ਦੇ ਫ਼ੋਨ ‘ਤੇ ਜਾਣਾ।
ਗੱਲ ਇਹ ਸੀ ਕਿ ਬੀਬੀ ਨੂੰ ਪੈਸੇ ਚਾਹੀਦੇ ਸਨ। ਮੈਂ ਉਹ ਸੇਮੇ ਦੇ ਅਕਾਊਂਟ ‘ਚ ਪੁਆ ਦਿੱਤੇ ਦੋ ਹਜ਼ਾਰ ਡਾਲਰ । ਇਹ ਪੈਵੀ ਨੂੰ ਨਾ ਦੱਸਿਆ । ਕਿਉਂਕਿ ਮੈਨੂੰ ਪਤਾ ਸੀ ਇਹਨੇ ਪਤਾ ਨਹੀਂ ਕੀ-ਕੀ ਸ਼ਲੋਕ ਸੁਣਾਉਣੇ ਤੇ ਖਰਚੇ ਗਿਣਾਉਣੇ… ਪਰ ਇਹਨੇ ਮੇਰੇ ਫ਼ੋਨ ‘ਤੇ ਆਈ ਈਮੇਲ ਚੈੱਕ ਕਰ ਲਈ… ਬਸ ਫਿਰ ਤਾਂ ਪੁੱਛੋ ਨਾ ਜੋ ਕੁੱਤੇਖਾਣੀ ਮੇਰੇ ਨਾਲ ਹੋਈ…।
“ਹੈਪੀ ਮੈਂ ਤੈਨੂੰ ਕਦੇ ਪੁੱਛਿਆ ਕਿ ਆਪਣੀ ਇੰਡੀਆ ਜੋ ਜ਼ਮੀਨ ਉਹਦੇ ‘ਚੋਂ ਕਿੰਨਾ ਠੇਕਾ ਆਉਂਦਾ? ਕਦੇ ਪੁੱਛਿਆ ਕਿ ਸਾਰੇ ਪੈਸੇ ਮੰਮ ਕਿੱਥੇ ਖਰਚਦੇ…? ਕੀਹਨੂੰ ਦਿੰਦੇ…? ਜੇ ਤੂੰ ਉੱਥੇ ਵਾਲੇ ਪੈਸਿਆਂ ਦਾ ਹਿਸਾਬ ਨਹੀਂ ਦੇਣਾ ਮੈਨੂੰ ਤਾਂ ਘੱਟੋ-ਘੱਟ ਏਥੋਂ ਤਾਂ ਨਾ ਭੇਜ… ਯੂ ਨੋ ਕਿੰਨੇ ਖ਼ਰਚੇ ਏਥੇ ਕਿੰਨੀਆਂ ਪੇਮੈਂਟਾਂ… ਮੇਰੇ ਬੇਟੇ ਵੱਡੇ ਹੋ ਰਹੇ… ਉਹਨਾਂ ਕਾਲਜ, ਯੂਨੀਵਰਸਿਟੀ ਜਾਣਾ। ਦੋਹਾਂ ਨੂੰ ਅਲੱਗ-ਅਲੱਗ ਕਾਰਾਂ ਚਾਹੀਦੀਆਂ। ਅਜੇ ਉਹ ਇੱਕ ਕਾਰ ਨਾਲ ਟਾਇਮ ਪਾਸ ਕਰ ਰਹੇ। ਜੇ ਏਦਾਂ ਈ ਇੰਡੀਆ ਚੋਰੀ ਪੈਸੇ ਜਾਂਦੇ ਰਹੇ ਤਾਂ ਸਾਡਾ ਕੀ ਬਣੂੰ ਮਾਂ-ਪੁੱਤਾਂ ਦਾ? ਤੈਨੂੰ ਸਾਡਾ ਤਾਂ ਹੈ ਈ ਨਹੀਂ, ਆਪਣੀ ਮੌਮ ਦਾ ਈ ਫ਼ਿਕਰ ਆ ਬਸ ਫਿਰ ਤੂੰ ਮੈਨੂੰ ਪੁੱਛਣਾ-ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ… ਚੋਰੀ ਭੇਜੇ… ਚੀਟਿੰਗ.. ਵੈਰੀ ਬੈਡ… ਯੂ ਚੀਟਰ…।”
ਮੇਰੀ ਇੱਕ ਨਾ ਸੁਣੀ ਪੈਵੀ ਨੇ,
“ਬੀਬੀ ਦੇ ਲੁਧਿਆਣੇ ਟੈਸਟ ਹੋਣੇ ਸੀ। ਉਹ ਬਹੁਤ ਬੀਮਾਰ ਰਹਿੰਦੀ ਅੱਜ-ਕੱਲ੍ਹ… ਤੂੰ ਕਦੇ ਉਹਦਾ ਹਾਲ ਪੁੱਛੇਂ ਤਾਂ ਪਤਾ ਲੱਗੇ । ਤੂੰ ਤਾਂ ਉਹਦੇ ਨਾਲ ਗੱਲ ਵੀ ਨੀਂ ਕਰਦੀ। ਪੈਵੀ ਮੈਂ ਵੀ ਕੰਮ ਕਰਦਾਂ ਦਿਨ-ਰਾਤ ਤੇ ਮੇਰੀ ਮਾਂ ਪ੍ਰਤੀ ਮੇਰੇ ਫ਼ਰਜ਼ ਆ… ਇਹਦੇ ਵਿੱਚ ਕੋਈ ਚੀਟਿੰਗ ਵਾਲੀ ਗੱਲ ਨਹੀਂ।”
ਮੈਂ ਭਰੇ ਮਨ ਨਾਲ ਆਪਣੇ ਕੱਪੜਿਆਂ ਵਾਲੀ ਕਿੱਟ ਤੇ ਲੰਚ ਚੁੱਕ ਯਾੜ ਨੂੰ ਚੱਲ ਪਿਆ ਜਿੱਥੇ ਮੇਰਾ ਲੋਡਡ ਟਰੱਕ ਖੜ੍ਹਾ ਹੁੰਦਾ।
ਬੀਬੀ ਦੋ ਸਾਲ ਪਹਿਲਾਂ ਮੈਂ ਪੱਕੇ ਤੌਰ ‘ਤੇ ਅਮਰੀਕਾ ਬੁਲਾ ਤਾਂ ਲਈ ਸੀ ਪਰ ਪੈਵੀ ਨੇ ਦੋ ਮਹੀਨੇ ਵੀ ਟਿਕਣ ਨਾ ਦਿੱਤੀ। ਉਹ ਇੱਕ ਦਿਨ ਸਰਸਰੀ ਆਖ ਬੈਠੀ,
“ਨੀ ਧੀਏ ਮੇਰਾ ਮਨ ਬਹੁਤ ਖੁਸ਼ ਆ ਥੋਡਾ ਘਰ-ਬਾਰ ਦੇਖ ਕੇ ਦੇਸ ਕਾਹਦਾ ਸੱਚੀਂ ਸਵਰਗ ਆ, ਵਾਗਰੂ ਥੋਨੂੰ ਬਾਹਲਾ ਸੁੱਖ ਦੇਵੇ…ਮੇਰੀ ਤਾਂ ਹੁਣ ਵਾਗਰੂ ਅੱਗੇ ਇੱਕੋ ਈ ਅਰਦਾਸ ਦਾਤਿਆ… ਕੋਈ ਹੈਪੀ ਦਾ ਜੀਅ ਵੀ ਇਸ ਘਰ ‘ਚ ਖੇਡੇ…ਸਾਡੀ ਵੀ ਕੁੱਲ ਅੱਗੇ ਵਧੇ…।’”
“ਕੀ ਮਤਲਬ ਤੇਰਾ… ਇਹ ਜੋ ਮੇਰੇ ਬੇਟੇ ਇਹ ਤੁਹਾਡੇ ਕੁਝ ਨਹੀਂ ਲੱਗਦੇ… ਤੁਹਾਨੂੰ ਹੈਪੀ ਦਾ ਬੇਬੀ ਚਾਹੀਦਾ.. ਅੱਛਾ ਤੁਹਾਡੇ ਲਈ ਮੈਂ ਫਿਰ ਬੇਬੀ ਲਵਾਂ…ਮੈਂ ਇਹ ਗੱਲਾਂ … ਸਭ ਭੂਆ ਨੂੰ ਪਹਿਲਾਂ ਕਹਿ ਦਿੱਤੀਆਂ ਸੀ… ਅੱਜ ਤੋਂ ਬਾਅਦ ਦੁਬਾਰਾ ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੀ…ਮੇਰੇ ਬੇਟੇ ਯੰਗ ਨੇ ਤੇ ਤੁਸੀਂ ਮੈਨੂੰ ਹੋਰ ਬੇਬੀ ਲੈਣ ਨੂੰ ਕਹਿ ਰਹੇ… ਇੰਪੋਸੀਬਲ…।”
“ਨੀ ਧੀਏ ਏਹਦੇ ਵਿੱਚ ਮਾੜਾ ਵੀ ਕੀ ਕਿਹਾ ਮੈਂ… ਤੂੰ ਵਿਆਹ ਕਰਾਇਆ ਤਾਂ ਉਹ ਵੀ ਜਵਾਕਾਂ ਨੂੰ ਪਤਾ ਈ ਆ… ਜੇ ਇੱਕ ਨਿਆਣਾ ਲੈ ਲਵੇਂਗੀ ਕੀ ਅਨਰਥ ਹੋ ਜੂ। ਏਹਨਾਂ ਦੇ ਨਾਂ ਨਾਲ ਏਹਨਾ ਦੇ ਪਿਉ ਦਾ ਨਾਂ ਈ ਵੱਜਣਾ… ਹੈਪੀ ਤਾਂ ਨਾਂ ਦਾ ਈ ਪਿਓ ਆ ਭਾਈ…।”
ਇਸ ਗੱਲ ਦਾ ਬਹੁਤ ਵੱਡਾ ਮੁੱਦਾ ਬਣ ਗਿਆ। ਉਸ ਦਿਨ ਤੋਂ ਬੀਬੀ ਦਾ ਜਿਵੇਂ ਅਮਰੀਕਾ ਤੋਂ ਦਾਣਾ-ਪਾਣੀ ਮੁੱਕ ਗਿਆ। ਕੰਨ ਵਲ੍ਹੇਟ ਉਹ ਵਾਪਸ ਪਿੰਡ ਮੁੜ ਗਈ ਤੇ ਉੱਥੇ ਜਾ ਕੇ ਮੰਜਾ ਫੜ ਲਿਆ।
ਮੈਂ ਸੋਚਦਾ ਜੇ ਬੀਬੀ ਨੂੰ ਏਥੇ ਨਾ ਮੰਗਾਉਦਾ ਤਾਂ ਚੰਗਾ ਸੀ। ਦੂਰ ਦੇ ਫੁੱਲ ਸੁਹਾਵਣੇ ਰਹਿੰਦੇ। ਬੀਬੀ ਐਰੀ ਤੇ ਗੈਰੀ ਨੂੰ ਬਹੁਤ ਪਿਆਰ ਕਰਦੀ ਉਹ ਵੀ ਬੀਬੀ ਨਾਲ ਘੁਲ਼-ਮਿਲ਼ ਗਏ ਸੀ ਪਰ ਕੁਝ ਕੁ ਗੱਲਾਂ ਨੇ ਬੀਬੀ ਨੂੰ ਤੇ ਮੈਨੂੰ ਵੀ ਤੋੜ ਕੇ ਰੱਖ ਦਿੱਤਾ।
ਵੱਡਾ ਐਰੀ ਇੱਕ ਦਿਨ ਸਾਰੀ ਰਾਤ ਘਰ ਨਾ ਆਇਆ। ਫ਼ੋਨ ਸਵਿੱਚ ਆਫ਼ ਕਰ ਲਿਆ ਤੇ ਪੈਵੀ ਸਾਰੀ ਰਾਤ ਰੋਂਦੀ ਰਹੀ। ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਕਿ ਪਤਾ ਲੱਗੇ ਕਿੱਥੇ ਹੈ… ਮੌਰਨਿੰਗ ਛੋਟੇ ਗੈਰੀ ਨੇ ਲੋਕੇਸ਼ਨ ਚੈੱਕ ਕਰਕੇ ਦੱਸਿਆ ਕਿ ਉਹ ਆਪਣੇ ਕਿਸੇ ਮੈਕਸੀਕਨ ਫਰੈਂਡ ਦੀ ਅਪਾਰਮੈਂਟ ‘ਚ ਹੈ। ਅਸੀਂ ਲੋਕੇਸ਼ਨ ਵਾਲੀ ਜਗ੍ਹਾ ਗਏ ਤਾਂ ਕਾਫ਼ੀ ਵਾਰ ਬੈੱਲ ਮਾਰਨ ਤੋਂ ਬਾਅਦ ਇੱਕ ਐਰੀ ਦੀ ਉਮਰ ਦਾ ਕਾਲਾ ਮੁੰਡਾ ਬਾਹਰ ਆਇਆ ਤਾਂ ਉਸ ਤੋਂ ਐਰੀ ਬਾਰੇ ਪੁੱਛਿਆ। ਉਹਨੇ ਕਿਹਾ, “ਉਹ ਅਜੇ ਸੌਂ ਰਿਹਾ… ਰਾਤ ਬਹੁਤ ਜ਼ਿਆਦਾ ਪੀ ਲਈ ਤਾਂ ਉਹ ਏਥੇ ਈ ਸੌਂ ਗਿਆ ਸੀ ਜਦੋਂ ਉੱਠੇਗਾ ਮੈਂ ਭੇਜ ਦੇਵਾਂਗਾ।”
“ਮੈਂ ਉਸ ਦੀ ਮੌਮ ਹਾਂ।” ਪੈਵੀ ਨੇ ਕਿਹਾ, “ਮੈਂ ਅੰਦਰ ਜਾ ਕੇ ਉਠਾ ਲਵਾਂਗੀ।”
ਉਸ ਇਹ ਆਖ ਮਨ੍ਹਾ ਕਰ ਦਿੱਤਾ, “ਤੁਸੀਂ ਮੇਰੇ ਘਰ ਅੰਦਰ ਐਂਟਰ ਨਹੀਂ ਹੋ ਸਕਦੇ।”
ਅਸੀਂ ਪਰੇਸ਼ਾਨ ਵਾਪਸ ਆ ਗਏ। ਐਰੀ ਦੀ ਇਸ ਹਰਕਤ ‘ਤੇ ਸਾਰੇ ਬਹੁਤ ਪਰੇਸ਼ਾਨ ਹੋਏ। ਸ਼ਾਮ ਤੱਕ ਐਰੀ ਘਰੇ ਆਇਆ ਤਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ … ਪਰ ਉਸ ਨੇ ਫਟਾਕ ਦੇਣੀ ਕਹਿ ਦਿੱਤਾ,
“ਤੁਸੀਂ ਮੇਰੇ ਫਾਦਰ ਨਹੀਂ ਜੋ ਮੈਨੂੰ ਰੋਕਣ-ਟੋਕਣ ਦਾ ਹੱਕ ਰੱਖੋ… ਤੁਸੀਂ ਸਿਰਫ਼ ਸਟੈੱਪ ਫਾਦਰ ਤੇ ਮੇਰੀ ਮੌਮ ਦੇ ਹਸਬੈਂਡ ਹੋ ਮੈਂ ਅਠਾਰਾਂ ਤੋਂ ਵੱਡਾ ਹੋ ਗਿਆਂ… ਮੈਂ ਆਪਣੀ ਮਰਜ਼ੀ ਨਾਲ ਲਾਈਫ਼ ਇੰਜੌਏ ਕਰ ਸਕਦਾ ਹਾਂ… ਜੇ ਫਿਰ ਵੀ ਤੁਹਾਨੂੰ ਕੋਈ ਪ੍ਰਾਬਲਮ ਹੈ ਤਾਂ ਮੈਂ ਘਰ ਛੱਡ ਕੇ ਚਲਾ ਜਾਵਾਂਗਾ।”
ਮੈਂ ਹੱਕਾ-ਬੱਕਾ ਰਹਿ ਗਿਆ ਐਰੀ ਦੀਆਂ ਗੱਲਾਂ ਸੁਣ ਕੇ… ਜਿਵੇਂ ਸੁੰਨ ਹੀ ਹੋ ਗਿਆ… ਉਸ ਦਿਨ ਤੋਂ ਮਨ ਜਿਵੇਂ ਪੱਥਰ ਹੀ ਹੋ ਗਿਆ। ਅਣਜਾਣਾ ਜਿਹਾ ਖੌਫ਼ ਮੈਨੂੰ ਅੰਦਰੋਂ-ਅੰਦਰ ਖਾ ਰਿਹਾ। ਕੁਝ ਸੋਚਦਾ ਮੈਂ ਬਹੁਤ ਕੁੱਝ ਇਕੱਠਾ ਕਰਨ ਦੀ ਲਾਲਸਾ ‘ਚ… ਜੋ ਪੱਲੇ ਸੀ ਉਹ ਵੀ ਗੁਆ ਲਿਆ। ਮੇਰੇ ਪੱਲੇ ਹੋਰ ਤਾਂ ਕੀ… ਸਵੈਮਾਣ ਸੀ ਉਹ ਵੀ ਗੁਆ ਲਿਆ।
“ਪੈਵੀ ਬੱਚਿਆਂ ਨੂੰ ਇੰਡੀਆ ਲੈ ਕੇ ਚੱਲਦੇ ਇਸ ਵਾਰ। ਇਹਨਾ ਨੂੰ ਆਪਣੇ ਕਲਚਰ… ਪਿੰਡ ਬਾਰੇ… ਰਿਸ਼ਤੇਦਾਰਾਂ ਬਾਰੇ ਪਤਾ ਲੱਗੂ।” ਕਦੇ ਇੰਡੀਆ ਜਾਣ ਦਾ ਪਲੈਨ ਕਰਦਾ ਤਾਂ ਪੈਵੀ ਨੂੰ ਜਿਵੇਂ ਘੇਰ ਪੈਣ ਲੱਗਦੇ।
“ਹੈਪੀ ਯਾਰ ਕਮਾਲ ਆ…ਇੰਡੀਆ ਅਜੇ ਕਿਵੇਂ ਜਾ ਸਕਦੇ ਕਿੰਨੇ ਖ਼ਰਚੇ ਆਪਣੇ…ਉੱਤੋਂ ਟਰੱਕਾਂ ਦਾ ਮੰਦਾ ਚੱਲ ਰਿਹਾ ਅਜੇ ਵੇਟ ਕਰਨੀ ਪੈਣੀ।”
ਖੌਰੇ ਕਾਹਦੀ ਵੇਟ ਕਰਨੀ ਪੈਣੀ ਮੈਨੂੰ ਤਾਂ ਇਹੀ ਸਮਝ ਨਹੀਂ ਆਉਂਦਾ। ਦਿਲ ਤਾਂ ਕਰਦਾ ਪੁੱਛਾਂ, ਮੇਰਾ ਏਥੇ ਹੈ ਕੀ। ਜੀਹਦੇ ਲਈ ਰੁਕਾਂ ਪਰ ਚੁੱਪ ਈ ਭਲੀ।
ਫ਼ੋਨ ‘ਤੇ ਰਿੰਗ ਦੁਬਾਰਾ ਹੋਣ ਲੱਗੀ। ਮੈਂ ਕਾਲ ਔਨ ਕਰ ਲਈ,
“ਹੈਪੀ ਕਿਵੇਂ ਹੋ…?” ਪੈਵੀ ਦੀ ਆਵਾਜ਼ ਸੀ।
“ਠੀਕ ਆਂ… ਕਿਵੇਂ ਯਾਦ ਆ ਗਈ… ਐਨੇ ਦਿਨਾਂ ਬਾਅਦ।” ਮੈਂ ਰੁੱਖੇ ਜਿਹੇ ਲਹਿਜੇ ‘ਚ ਬੋਲਿਆ।
“ਤੁਸੀਂ ਵਾਪਸ ਕਿਸ ਦਿਨ ਆ ਰਹੇ ਹੋ..?”
“ਕੀ ਪਤਾ ਲੋਡ ਮਿਲਣ ‘ਤੇ ਆ…।”
“ਐਰੀ ਤੇ ਗੈਰੀ ਨੂੰ ਅਗਲੇ ਵੀਕ ਸਮਰ ਬ੍ਰੇਕ ਹੋ ਰਹੀ। ਅਸੀਂ ਕਰੂਜ਼ ‘ਤੇ ਜਾਣ ਦਾ ਪਲੈਨ ਬਣਾ ਰਹੇ। ਇਸ ਵਾਰ…।”
ਮੈਂ ਬਿਨ੍ਹਾਂ ਕੁਝ ਬੋਲੇ ਸੁਣਦਾ ਰਿਹਾ। ਪੈਵੀ ਖੁਸ਼ੀ ਨਾਲ ਚਾਂਭਲੀ ਆਪਣੀ ਪਲੈਨਿੰਗ ਮੈਨੂੰ ਦੱਸ ਰਹੀ ਸੀ। ਇਹ ਉਹੀ ਪੈਵੀ ਜੋ ਚਾਰ ਦਿਨ ਪਹਿਲਾਂ ਐਨਾ ਕਲੇਸ਼ ਕਰ ਰਹੀ ਸੀ। ਰੋ-ਪਿੱਟ ਰਹੀ ਸੀ ਕਿ ਬੀਬੀ ਨੂੰ ਇੰਡੀਆ ਪੈਸੇ ਕਿਉਂ ਪਾਏ।
“ਪਿਛਲੀ ਵਾਰ ਜਦੋਂ ਮੈਕਸੀਕੋ ਘੁੰਮਣ ਗਏ ਤਾਂ ..ਪੰਜ-ਛੇ ਹਜ਼ਾਰ ਡਾਲਰ ਖ਼ਰਚੇ ਗਏ ਸੀ। ਪੈਵੀ ਕਰੂਜ਼ ‘ਤੇ ਦੋ ਵੀਕ ਜਾਣ ਦਾ ਖ਼ਰਚਾ ਬਹੁਤ ਜ਼ਿਆਦਾ ਨਹੀਂ ਹੋਵੇਗਾ?” ਮੈਂ ਵੀ ਤਿੱਖਾ ਸਵਾਲ ਕੀਤਾ।
“ਖ਼ਰਚਾ ਤਾਂ ਹੋਣਾ ਈ ਆ… ਮੇ ਬੀ ਏਟ-ਟਿੰਨ ਨਾਲੇ ਤੁਸੀਂ ਖਰਚੇ ਕਿਉਂ ਗਿਣਦੇ… ਬੱਚਿਆਂ ਲਈ ਤਾਂ ਕਮਾਉਨੇ ਆਂ।”
“ਉਹ…ਇਹ ਤਾਂ ਹੈ… ਠੀਕ ਆ ਤੁਹਾਡੀ ਮਰਜ਼ੀ… ਤੁਸੀਂ ਆਪਣੀਆਂ ਟਿਕਟਾਂ ਲੈ ਲਵੋ.. ਪਰ ਮੈਂ ਤੁਹਾਡੇ ਨਾਲ ਨਹੀਂ ਜਾ ਰਿਹਾ।”
ਪੈਵੀ ਅੱਜ ਪਤਾ ਨਹੀਂ ਕਿਵੇਂ ਮੇਰੀਆਂ ਗੱਲਾਂ ਸੁਣ ਚੁੱਪ ਰਹਿ ਗਈ। ਮੈਂ ਆਪਣੀ ਗੱਲ ਆਖ ਕਾਲ ਕੱਟ ਦਿੱਤੀ।
ਵਿੰਡੋ ‘ਤੇ ਲੋਡ ਡੰਨ ਹੋਣ ਦੇ ਪੇਪਰ ਲਈ ਵਰਕਰ ਖੜ੍ਹਾ ਸੀ । ਮੈਂ ਮੁਸਕਰਾ ਕੇ ਥੈਂਕਯੂ ਆਖਿਆ ਤੇ ਪੇਪਰ ਫੜ ਟਰੱਕ ਸਟਾਰਟ ਕਰ ਲਿਆ। ਟਰੱਕ ਵਨ-ਵੇ ਤੋਂ ਮੋੜ ਬ੍ਰੇਕ ਲਗਾਈ ਤੇ ਵਟਸਐਪ ਖੋਲ੍ਹ ਸੇਮੇ ਨੂੰ ਮੈਸੇਜ ਕਰ ਦਿੱਤਾ,
“ਯਾਰ ਸੇਮੇ ਕਮਲ ਦਾ ਪਤਾ ਕਰ ਉਹ ਇੰਡੀਆ ਹੋਰ ਕਿੰਨੇ ਦਿਨ ਰੁਕੇਗੀ। ਮੈਂ ਵੀ ਜਲਦੀ ਟਿਕਟ ਲੈ ਕੇ ਆ ਰਿਹਾਂ ਤੇ ਹਾਂ, ਬੀਬੀ ਨੂੰ ਕਹਿ ਦੇ ਇਸ ਵਾਰ ਪੈਲ਼ੀ ਠੇਕੇ ‘ਤੇ ਨਹੀਂ ਦੇਣੀ।” ਮੋਬਾਇਲ ਬੰਦ ਕਰਕੇ ਬੀਬੀ ਦੀ ਫ਼ੋਟੋ ਅੱਗੇ ਰੱਖ ਲੰਬਾ ਸਾਹ ਭਰਿਆ… ਸ਼ੀਸ਼ੇ ਵਿੱਚੋਂ ਬਾਹਰ ਵੇਖਿਆ… ਮੇਰੇ ਅੰਦਰ ਕੋਈ ਅੱਥਰੀ ਜਿਹੀ ਖੁਸ਼ੀ ਚਾਂਭੜਾਂ ਮਾਰਨ ਲੱਗੀ।