ਭੀਖੀ, 21 ਜੂਨ ਕਰਨ ਭੀਖੀ
ਪਤੰਜਲੀ ਯੋਗ ਪੀਠ ਹਰਿਦੁਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ *ਅੰਤਰਰਾਸ਼ਟਰੀ ਯੋਗ ਦਿਵਸ* ਭੀਖੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਯੋਗ ਗੁਰੂ ਸੁਆਮੀ ਰਾਮਦੇਵ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਪਤੰਜਲੀ ਯੋਗ ਪੀਠ ਹਰਿਦੁਆਰ ਵੱਲੋਂ ਯੁਵਾ ਭਾਰਤ ਸੰਗਠਨ ਪੰਜਾਬ ਦੇ ਸਹਿ-ਪ੍ਰਭਾਰੀ ਜੋਗਿੰਦਰ ਸਿੰਘ ਕਮਲ, ਯੋਗ ਟੀਚਰ ਪ੍ਰਗਟ ਸਿੰਘ ਜੀ, ਦੋ ਸਾਲਾਂ ਤੋਂ ਰੈਗੂਲਰ ਚੱਲ ਰਹੀ ਯੋਗ ਕਲਾਸ ਦੇ ਸੰਚਾਲਕ ਸ੍ਰੀ ਅਸ਼ੋਕ ਜੈਨ ਜੀ ਅਤੇ ਯੋਗ ਸਾਧਕਾਂ ਦੇ ਸਹਿਯੋਗ ਨਾਲ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਧੂਮਧਾਮ ਨਾਲ ਮਿਉਂਸਪਲ ਲਾਲਾ ਦੌਲਤ ਮੱਲ ਪਾਰਕ, ਭੀਖੀ, ਜ਼ਿਲ੍ਹਾ ਮਾਨਸਾ, ਪੰਜਾਬ ਵਿਖੇ ਮਨਾਇਆ ਗਿਆ।
ਇਸ ਵਿੱਚ ਲਗਭਗ 500 ਤੋਂ ਵੱਧ ਯੋਗ ਸਾਧਕਾਂ ਨੇ ਉਤਸ਼ਾਹ ਨਾਲ ਯੋਗ ਕੀਤਾ ਅਤੇ ਸਭ ਨੂੰ ਯੋਗ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਸਹਿ-ਪ੍ਰਭਾਰੀ, ਯੁਵਾ ਭਾਰਤ ਪੰਜਾਬ, ਜੋਗਿੰਦਰ ਸਿੰਘ ਕਮਲ ਨੇ ਕਿਹਾ ਕਿ ਯੋਗ ਗੁਰੂ ਸੁਆਮੀ ਰਾਮਦੇਵ ਜੀ ਦਾ ਮਿਸ਼ਨ ਹੈ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ, ਪੂਰੇ ਭਾਰਤ ਵਿੱਚ ਯੋਗ ਦੀਆਂ ਕਲਾਸਾਂ ਚੱਲਣ ਤੇ ਲੋਕ ਯੋਗ ਕਰਨ, ਬਿਮਾਰੀਆਂ, ਨਸ਼ਿਆਂ ਅਤੇ ਬੁਰਾਈਆਂ ਤੋਂ ਬਚਣ। ਪਤੰਜਲੀ ਇੱਕ ਬਹੁਤ ਵੱਡਾ ਰਾਸ਼ਟਰ ਸੇਵਾ ਦਾ ਅਭਿਆਨ ਹੈ ਜੋ ਪੂਰੇ ਭਾਰਤਵਰਸ਼ ਵਿੱਚ ਨਿਸਵਾਰਥ ਅਤੇ ਨਿਸ਼ੁਲਕ ਯੋਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਪੂਰੇ ਭਾਰਤ ਵਿੱਚ ਲੱਖਾਂ ਯੋਗ ਦੀਆਂ ਮੁਫਤ ਕਲਾਸਾਂ ਚੱਲ ਰਹੀਆਂ ਹਨ।
ਭੀਖੀ ਵਿਖੇ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਯੋਗ ਦੀ ਮੁਫਤ ਕਲਾਸ ਯੋਗ ਟੀਚਰ ਪ੍ਰਗਟ ਸਿੰਘ ਜੀ ਚਲਾ ਰਹੇ ਹਨ। ਇਸ ਕਲਾਸ ਵਿੱਚ ਅਨੇਕਾਂ ਯੋਗ ਸਾਧਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਲਾਭ ਮਿਲੇ ਹਨ। ਅੱਜ ਦੇ ਇਸ ਯੋਗ ਮਹਾਉਤਸਵ ਵਿੱਚ ਬ੍ਰਹਮ ਕੁਮਾਰੀ ਆਸ਼ਰਮ ਦੇ ਮੁਖੀ ਦੀਦੀ ਰੁਪਿੰਦਰ ਜੀ ਅਤੇ ਯੋਗਾ ਟ੍ਰੇਨਰ ਦੀਦੀ ਸੁਮਨ ਜੀ ਨੇ ਯੋਗ ਸਾਧਕਾਂ ਨੂੰ ਯੋਗ ਦੇ ਅਭਿਆਸ ਕਰਵਾਏ। ਸ੍ਰੀ ਅਸ਼ੋਕ ਜੈਨ ਜੀ ਨੇ ਅੱਜ ਦੇ ਇਸ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਫਲ ਬਣਾਉਣ ਲਈ ਸਹਿਯੋਗੀ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਸਮੇਂ ਮਨਜੀਤ ਕੁਮਾਰ ਸ਼ਰਮਾ ਬਿੱਟੂ, ਡਾਕਟਰ ਗੁਰਤੇਜ ਚਹਿਲ, ਜੈਪਾਲ ਬਾਲੀ, ਮੇਸ਼ੀ ਜੀ ਚੱਕੀ ਵਾਲੇ, ਸਤਪਾਲ ਮੱਤੀ, ਬਬੀਤਾ ਰਾਣੀ, ਮਾਧਵੀ ਮੈਡਮ, ਸਰੋਜ ਰਾਣੀ ਮੈਡਮ, ਗੁਣਵੰਤ ਕੌਰ ਅਤੇ ਵੱਡੀ ਗਿਣਤੀ ਵਿੱਚ ਯੋਗ ਸਾਧਕਾਂ (ਵੀਰਾਂ-ਭੈਣਾਂ) ਨੇ ਯੋਗਦਾਨ ਪਾਇਆ। ਸ੍ਰੀ ਸਰਬ ਹਿੱਤਕਾਰੀ ਵਿੱਦਿਆ ਮੰਦਰ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਕਰਕੇ ਇਸ ਯੋਗ ਦਿਵਸ ਦੀ ਰੌਣਕ ਵਧਾਈ। ਸ੍ਰੀ ਨਰਿੰਦਰ ਕੁਮਾਰ ਡੀ.ਸੀ. ਜੀ ਦਾ ਇਸ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।