ਮਾਨਸਾ 19 ਜੂਨ (ਨਾਨਕ ਸਿੰਘ ਖੁਰਮੀ)-ਅੱਜ ਪਿੰਡ ਠੂਠਿਆਂਵਾਲੀ ਵਿਖੇ 11 ਮੈਂਬਰੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਕਰਨ ਉਪਰੰਤ ਸੰਘਰਸ਼ ਨੂੰ ਤਿੱਖਾ ਕਰਦਿਆਂ 26 ਜੂਨ ਨੂੰ ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ ਧਰਨਾ ਲਾ ਕੇ ਵਿਧਾਇਕ ਨੂੰ ਜ਼ਮੀਨ ਜਬਰੀ ਖੋਹਣ ਦੇ ਖਿਲਾਫ ਮੰਗ ਪੱਤਰ ਦਿੱਤਾ ਜਾਵੇਗਾ। ਕਮੇਟੀ ਮੈਂਬਰਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੀ ਮਰਜੀ ਤੋਂ ਵਗੈਰ ਜ਼ਮੀਨਾਂ ਅਕਵਾਇਰ ਨਹੀਂ ਕੀਤੀਆਂ ਜਾਣਗੀਆਂ ਦੂਸਰੇ ਪਾਸੇ ਠੂਠਿਆਂਵਾਲੀ ਪਿੰਡ ਦੀ 212 ਏਕੜ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਮੀਨ ਵਿੱਚ 50 ਦੇ ਕਰੀਬ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਵਿੱਚ ਪੱਕੇ ਘਰ ਪਾਏ ਹੋਏ ਹਨ ਜ਼ਮੀਨ ਅਕਵਾਇਰ ਹੋਣ ਤੋਂ ਬਾਅਦ ਉਨਾਂ ਘਰਾਂ ਦਾ ਕੀ ਬਣੇਗਾ। ਕਿਸਾਨਾਂ ਕਿਹਾ ਕਿ ਉਹ ਆਪਣੀਆਂ ਉਪਜਾਊ ਜ਼ਮੀਨਾਂ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਨਹੀਂ ਦੇਣਗੇ। ਕਮੇਟੀ ਮੈਂਬਰਾਂ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੂੰ 26 ਜੂਨ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਕਿ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।
