ਬੁਢਲਾਡਾ/ ਮਾਨਸਾ: 6 ਜੂਨ (ਨਾਨਕ ਸਿੰਘ ਖੁਰਮੀ) ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖਤਿਆਰ (ਆਟੋਨੌਮਸ) ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਅਕਾਦਮਿਕ ਕੌਂਸਲ ਦੀ ਪਲੇਠੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ. ਦਿਲਰਾਜ ਸਿੰਘ ਭੂੰਦੜ, ਮੈਂਬਰ ਗਵਰਨਿੰਗ ਬਾਡੀ, ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੁਮਾਇੰਦੇ, ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਸਿੱਖਿਆ ਸ਼ਾਸਤਰੀ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਵਿਚ ਸੰਸਥਾ ਆਟੋਨੌਮਸ ਵਜੋਂ ਕਾਰਜ ਕਰ ਰਹੀ ਹੈ ਅਤੇ ਇਸ ਦੀ ਮਾਨਤਾ ਪੰਜਾਬੀ ਯੂਨੀਵਰਸਿਟੀ ਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕਿੱਤਾਮੁਖੀ ਸਿੱਖਿਆ ਨੂੰ ਕੇਂਦਰਿਤ ਕਰਕੇ ਨਵੇਂ ਕੋਰਸ ਸ਼ੁਰੂ ਕੀਤੇ ਹਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਪਾਠਕ੍ਰਮ ਵਿਚ ਬਦਲਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਬੀ. ਵਾਕ ਡਾਟਾ ਸਾਇੰਸ, ਬੀ.ਐੱਸਸੀ ਮੈਡੀਕਲ ਲੈਬ ਟੈਕਨਾਲੌਜੀ, ਬੀ. ਵਾਕ ਹੌਸਪੈਟਿਲਟੀ ਅਤੇ ਟੂਰਿਜ਼ਮ, ਅਡਵਾਂਸ ਡਿਪਲੋਮਾ ਇਨ ਲਾਇਬਰੇਰੀ ਆਟੋਮੇਸ਼ਨ ਐਂਡ ਨੈਟਵਰਕਿੰਗ, ਬੀ. ਵਾਕ ਮਿਊਜ਼ਿਕ ਪ੍ਰੋਡਕਸ਼ਨ ਐਂਡ ਸਾਊਂਡ ਇੰਜਨੀਅਰਿੰਗ, ਐੱਮ. ਏ. ਫਾਈਨ ਆਰਟ, ਐੱਮ.ਏ. ਐਜੂਕੇਸ਼ਨ ਅਤੇ ਐੱਮ. ਵਾਕ. ਫੂਡ ਪ੍ਰੋਸੈਸਿੰਗ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿਦਿਆਰਥੀਆਂ ਦੀ ਰੁਚੀ ਅਤੇ ਲੋੜ ਨੂੰ ਧਿਆਨ ਵਿਚ ਰੱਖਦਿਆਂ ਬੈਚੂਲਰ ਆਫ ਆਰਟਸ ਵਿਚ ਮਨੋਵਿਗਿਆਨ, ਜਿਓਗ੍ਰਾਫੀ, ਜਰਨਲਿਜ਼ਮ ਐਂਡ ਮਾਸ ਕੌਮਨੀਕੇਸ਼ਨ, ਥੀਏਟਰ ਅਤੇ ਐਜੂਕੇਸ਼ਨ ਦੇ ਵਿਸ਼ੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਤਹਿਤ ਜਿਹੜੇ ਕੋਰਸ ਹਨ ਉਨ੍ਹਾਂ ਵਿਚ ਤਿੰਨ ਸਾਲ ਪੂਰੇ ਕਰਨ ਤੋਂ ਬਾਅਦ ਡਿਗਰੀ ਮਿਲੇਗੀ ਅਤੇ ਚਾਰ ਸਾਲ ਬਾਅਦ ਆਨਰਜ਼ ਡਿਗਰੀ ਮਿਲੇਗੀ। ਚਾਰ ਸਾਲਾਂ ਆਨਰਜ਼ ਡਿਗਰੀ ਤੋਂ ਬਾਅਦ ਐੱਮ. ਏ. ਦੀ ਸਮਾਂ ਅਵਧੀ ਇਕ ਸਾਲ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਿਗਰੀਆਂ ਦੇ ਨਾਲ ਨਾਲ ਸੰਸਥਾ ਵਿੱਚ ਕੰਪਿਊਟਰ ਸਾਇੰਸ, ਖੇਤੀਬਾੜੀ, ਕਾਮਰਸ, ਅੰਗਰੇਜ਼ੀ, ਫੈਸ਼ਨ ਤਕਨਾਲੋਜੀ, ਇਤਿਹਾਸ, ਲਾਇਬ੍ਰੇਰੀ, ਗਣਿਤ, ਪੰਜਾਬੀ, ਸਾਇੰਸ ਅਤੇ ਰਾਜਨੀਤੀ ਸ਼ਾਸਤਰ ਦੇ ਐਡ ਆਨ ਅਤੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਹਨ, ਜੋ ਵਿਦਿਆਰਥੀਆਂ ਆਪਣੀ ਡਿਗਰੀ ਦੇ ਨਾਲ ਨਾਲ ਹੀ ਕਰ ਸਕਦੇ ਹਨ।
ਇਸ ਤੋਂ ਇਲਾਵਾ ਬੀ.ਐੱਸਸੀ ਬੀਐੱਡ., ਬੀ.ਏ. ਬੀਐੱਡ., ਬੀ. ਕਾਮ ਬੀਐੱਡ. ਦੇ ਕੋਰਸ ਪਾਸ ਹੋਏ ਹਨ।
ਸਾਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਇਲਾਕੇ ਦੀਆਂ ਲੋੜਾਂ ਅਤੇ ਨਵੇਂ ਯੁਗ ਦੇ ਰੁਜ਼ਗਾਰ ਨੂੰ ਧਿਆਨ ਵਿਚ ਰੱਖਦਿਆਂ ਸੰਸਥਾ ਵੱਲੋਂ ਨਵੇਂ ਕੋਰਸ ਅਤੇ ਚੱਲ ਰਹੇ ਕੋਰਸਾਂ ਵਿਚ ਨਵੇਂ ਵਿਸ਼ੇ ਸ਼ੁਰੂ ਕੀਤੇ ਗਏ ਹਨ, ਜਿੰਨਾਂ ਨਾਲ ਇਲਾਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਗੁਆਂਢੀ ਰਾਜਾਂ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪਿਛਲਿਆਂ ਸਾਲਾਂ ਵਿਚ ਵਿਦਿਆਰਥੀ ਸੀਟਾਂ ਦੀ ਗਿਣਤੀ ਸੀਮਤ ਹੋਣ ਕਰਕੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਸਨ, ਇਸ ਵਾਰ ਆਟੋਨੌਮਸ ਹੋਣ ਕਰਕੇ ਸਾਰਿਆਂ ਕੋਰਸਾਂ ਦੀਆਂ ਸੀਟਾਂ ਵਿੱਚ ਲੋੜ ਅਨੁਸਾਰ ਵਾਧਾ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਡਾ. ਨਿਸ਼ਾਨ ਸਿੰਘ ਅਤੇ ਐਡਵੋਕੇਟ ਸ. ਮਹਿਲ ਸਿੰਘ ਸ਼ਾਮਲ ਸਨ।