ਮਾਨਸਾ:6 ਜੂਨ( ਨਾਨਕ ਸਿੰਘ ਖੁਰਮੀ)
ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਵਿਸ਼ੇਸ਼ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਸੰਗਰੂਰ ਦੀ ਟੀਮ ਵੱਲੋਂ ਕੁੱਲ 41 ਔਰਤਾਂ ਦੀ ਕੈਂਸਰ ਦੀ ਜਾਂਚ ਕੀਤੀ ਗਈ।
ਸਿਵਲ ਸਰਜਨ ਡਾਕਟਰ ਅਰਵਿੰਦਪਾਲ ਸਿੰਘ ਵੱਲੋਂ ਵਿਸ਼ੇਸ਼ ਜਾਂਚ ਕੈਂਪ ਮੌਕੇ ਸਮੀਖਿਆ ਕਰਦਿਆਂ ਕਿਹਾ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਅਗਾਊਂ ਜਾਂਚ ਕਰਵਾਉਣ ਨਾਲ ਇਸ ਭਿਆਨਕ ਬੀਮਾਰੀ ਤੋਂ ਬਚਾਅ ਅਤੇ ਸਫ਼ਲ ਇਲਾਜ਼ ਦੀ ਉਮੀਦ ਸੌ ਫੀਸਦੀ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਲਗਾਏ ਗਏ ਸਕਰੀਨਿੰਗ ਅਤੇ ਜਾਗਰੂਕਤਾ ਕੈਂਪ ਵਿੱਚ ਤਿੰਨ ਕਿਸਮਾਂ ਦੇ ਕੈਂਸਰ ਜਿਵੇਂ ਮੂੰਹ ਦੀ ਜਾਂਚ,ਔਰਤਾਂ ਦੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ 5 ਸ਼ੱਕੀ ਮਰੀਜ਼ਾਂ ਨੂੰ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਅਗਲੇਰੀ ਜਾਂਚ ਲਈ ਭੇਜਿਆ ਜਾਵੇਗਾ।
ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਛਾਤੀ ਵਿੱਚ ਗਿਲਟੀ, ਨਾ ਠੀਕ ਹੋਣ ਵਾਲੇ ਮੂੰਹ ਦਾ ਛਾਲੇ, ਲਗਾਤਾਰ ਖੰਘ ਅਤੇ ਆਵਾਜ਼ ਵਿੱਚ ਭਾਰੀਪਣ, ਮਾਹਵਾਰੀ ਵਿੱਚ ਖੂਨ ਆਉਣਾ ਅਤੇ ਮਹਾਵਾਰੀ ਤੋਂ ਇਲਾਵਾ ਖੂਨ ਆਉਣਾ ਕੈਂਸਰ ਹੋਣ ਦੇ ਲੱਛਣ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਸ਼ਰਾਬ, ਤੰਬਾਕੂ ਅਤੇ ਬੀੜੀ ਸਿਗਰੇਟ ਦੀ ਵਰਤੋਂ ਕਰਨਾ ਤੇ ਫ਼ਸਲਾਂ ਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਕੈਂਸਰ ਦੇ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਸੰਤੁਲਿਤ ਖੁਰਾਕ, ਸਰੀਰ ਦੇ ਕਿਸੇ ਹਿੱਸੇ ਵਿੱਚ ਅਣਚਾਹੀ ਰਸੌਲੀ ਜਾਂ ਗਿਲਟੀ ਤੇ ਔਰਤਾਂ ਵਿੱਚ ਮਾਂਹਵਾਰੀ ਦੇ ਲੱਛਣ ਬਦਲਣ ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 30 ਸਾਲ ਦੀ ਉਮਰ ਤੋਂ ਬਾਅਦ ਹਰੇਕ ਔਰਤ ਨੂੰ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ। ਇਸ ਮੌਕੇ ਜਾਗਰੂਕਤਾ ਸਮੱਗਰੀ ਰਾਹੀਂ ਔਰਤਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕੰਵਲਜੀਤ ਕੌਰ, ਡਾ. ਗੁਰਵਿੰਦਰ ਕੌਰ, ਮਨਪ੍ਰੀਤ ਸਿੰਘ, ਸੰਜੀਵ ਕੁਮਾਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਸੁਖਵੀਰ ਕੌਰ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਨਰਸਿੰਗ ਸਿਸਟਰ ਨੀਨਾ, ਜਗਦੇਵ ਸਿੰਘ, ਹਰਪਾਲ ਕੌਰ, ਸੁਖਵਿੰਦਰ ਕੌਰ, ਦਿਲਰਾਜ ਕੌਰ ਆਦਿ ਟੀਮ ਮੈਂਬਰ ਹਾਜ਼ਰ ਸਨ।
ਔਰਤਾਂ ਦੀ ਕੀਤੀ ਗਈ ਕੈਂਸਰ ਦੀ ਜਾਂਚ: ਸਿਵਲ ਸਰਜਨ

Leave a comment