ਮਹਿਲ ਕਲਾਂ, 29 ਮਈ (ਡਾ. ਮਿੱਠੂ ਮੁਹੰਮਦ)
ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਅੱਜ ਸਵੇਰੇ ਇਕ ਅਜਿਹੀ ਠੱਗੀ ਦੀ ਘਟਨਾ ਵਾਪਰੀ,ਜਿਸ ਨੇ ਇਲਾਕੇ ਦੇ ਦੁਕਾਨਦਾਰਾਂ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ। ਇਥੋਂ ਦੇ ਮਸ਼ਹੂਰ ਪੰਨੂ ਕਰਿਆਨਾ ਸਟੋਰ ਉੱਤੇ ਦੋ ਨੌਸਰਬਾਜ਼ ਨੇ ਆ ਕੇ ਚਾਰ ਕਿਲੋ ਬਦਾਮ ਮੰਗੇ ਅਤੇ ਠੱਗੀ ਕਰਕੇ ਬਿਨਾਂ ਭੁਗਤਾਨ ਕੀਤੇ ਰਫੂਚੱਕਰ ਹੋ ਗਏ।
ਸਟੋਰ ਦੇ ਮਾਲਿਕ ਜਗਦੀਸ਼ ਸਿੰਘ ਪੰਨੂ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਵਾਪਰੀ, ਜਦ ਉਹ ਆਪਣੇ ਦੁਕਾਨ ਦੇ ਸੀਸੀਟੀਵੀ ਕੈਮਰੇ ਠੀਕ ਕਰਵਾਉਣ ਵਿੱਚ ਲੱਗੇ ਹੋਏ ਸਨ। ਇਸੇ ਦੌਰਾਨ ਦੋ ਨੌਜਵਾਨ ਦੁਕਾਨ ‘ਚ ਆਏ, ਜੋ ਦਿਖਣ ਵਿੱਚ ਸਧਾਰਣ ਪਰ ਕਾਫੀ ਚਲਾਕ ਲੱਗ ਰਹੇ ਸਨ। ਉਨ੍ਹਾਂ ਨੇ ਬਿਨਾਂ ਝਿਜਕ ਦੇ ਚਾਰ ਕਿਲੋ ਬਦਾਮਾਂ ਦੀ ਮੰਗ ਕੀਤੀ।
“ਅਸੀਂ ਬਦਾਮ ਵਜਨ ਕਰਕੇ ਉਨ੍ਹਾਂ ਦੇ ਹਵਾਲੇ ਕੀਤੇ ਅਤੇ ਉਨ੍ਹਾਂ ਨੇ ਆਨਲਾਈਨ ਭੁਗਤਾਨ ਦੀ ਗੱਲ ਕੀਤੀ । “ਉਨ੍ਹਾਂ ਨੇ ਕਿਹਾ ਕਿ ਕਿਊਆਰ ਕੋਡ ਸਕੈਨ ਕਰ ਦਿੰਦੇ ਹਾਂ, ਤੁਸੀਂ ਪੇਮੈਂਟ ਦੇਖ ਲਵੋ। ਉਨ੍ਹਾਂ ਨੇ ਆਪਣੇ ਮੋਬਾਈਲ ਦੀ ਸਕਰੀਨ ਵੀ ਦਿਖਾਈ,ਜਿਸ ਵਿੱਚ ਇੱਕ ਫਰਜ਼ੀ ਭੁਗਤਾਨ ਦੀ ਰਸੀਦ ਬਣੀ ਹੋਈ ਸੀ। ਸਾਨੂੰ ਪਹਿਲਾਂ ਵਿਸ਼ਵਾਸ ਹੋ ਗਿਆ, ਪਰ ਜਦੋਂ ਅਸੀਂ ਅਸਲ ਭੁਗਤਾਨ ਐਪ ਵਿੱਚ ਚੈੱਕ ਕੀਤਾ ਤਾਂ ਕੋਈ ਭੁਗਤਾਨ ਨਹੀਂ ਆਇਆ ਸੀ।”
ਜਦ ਤੱਕ ਜਗਦੀਸ਼ ਸਿੰਘ ਅਤੇ ਉਨ੍ਹਾਂ ਦੇ ਕਰਮਚਾਰੀ ਸਾਰੀ ਸਥਿਤੀ ਸਮਝਦੇ, ਤਦ ਤੱਕ ਉਹ ਨੌਸਰਬਾਜ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ।
ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਇਲਾਕੇ ਦੇ ਵਪਾਰੀ ਵਰਗ ਵਿੱਚ ਰੋਸ ਪਾਇਆ ਗਿਆ। ਜਗਦੀਸ਼ ਸਿੰਘ ਅਤੇ ਦੁਕਾਨਦਾਰ ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐਸੇ ਨੌਸਰਬਾਜ਼ਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਹੋਰ ਨਾਲ ਠੱਗੀ ਨਾ ਹੋ ਸਕੇ।
ਇਹ ਘਟਨਾ ਪੂਰੇ ਦਿਨ ਮਹਿਲ ਕਲਾਂ ਵਿੱਚ ਚਰਚਾ ਦਾ ਕੇਂਦਰ ਬਣੀ ਰਹੀ। ਕਈ ਲੋਕਾਂ ਨੇ ਇਨ੍ਹਾਂ ਠੱਗਾਂ ਦੀਆਂ ਤਰੀਕਿਆਂ ‘ਤੇ ਹੈਰਾਨੀ ਜ਼ਾਹਰ ਕੀਤੀ ਅਤੇ ਹੋਰਨਾਂ ਦੁਕਾਨਦਾਰਾਂ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੱਤੀ।
ਸਥਾਨਕ ਪੁਲਿਸ ਵੱਲੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਫੁੱਟੇਜਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।