ਚੰਦ ਨਜ਼ਰ ਆਉਣ ਦੀ ਪੁਸ਼ਟੀ ਤੋਂ ਬਾਅਦ ਮੁਸਲਮਾਨ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਮਹਿਲ ਕਲਾਂ, 29 ਮਈ (ਪੱਤਰ ਪ੍ਰੇਰਕ): ਪੂਰੇ ਭਾਰਤ ਵਿੱਚ 7 ਜੂਨ 2025 ਨੂੰ ਮੁਕੱਦਸ ਤਿਉਹਾਰ ਈਦ-ਉਲ-ਅਜਹਾ (ਬਕਰੀਦ) ਧਾਰਮਿਕ ਸ਼ਰਧਾ, ਭਾਈਚਾਰੇ ਅਤੇ ਜ਼ੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਪ੍ਰਸਿੱਧ ਸਮਾਜਸੇਵੀ, ਸੂਬਾਈ ਮੁਸਲਿਮ ਆਗੂ ਅਤੇ ਪੰਜਾਬ ਮੈਡੀਕਲ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ 28 ਅਤੇ 29 ਮਈ ਦੀ ਰਾਤ ਈਦ-ਉਲ-ਅਜਹਾ ਦਾ ਚੰਦ ਨਜ਼ਰ ਆ ਗਿਆ ਹੈ, ਜਿਸ ਕਾਰਨ ਇਸਲਾਮਿਕ ਮਹੀਨਾ ਜ਼ਿਲ-ਹੱਜ ਦੀ 10 ਤਰੀਕ ਨੂੰ, ਜੋ ਕਿ ਇਸ ਸਾਲ 7 ਜੂਨ ਨੂੰ ਆ ਰਹੀ ਹੈ, ਕੁਰਬਾਨੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਖਾਸ ਮੌਕੇ ‘ਤੇ ਮੁਸਲਿਮ ਭਾਈਚਾਰਾ ਆਪਣੇ ਧਾਰਮਿਕ ਭਾਵਨਾਵਾਂ ਅਨੁਸਾਰ ਹਜ਼ਰਤ ਇਬਰਾਹੀਮ ਅਲੈਹਿੱਸਲਾਮ ਦੀ ਕੁਰਬਾਨੀ ਦੀ ਯਾਦ ਵਿੱਚ ਜਾਨਵਰਾਂ ਦੀ ਕੁਰਬਾਨੀ ਕਰਕੇ ਰੱਬ ਦੀ ਰਜ਼ਾ ਹਾਸਲ ਕਰਦਾ ਹੈ।
ਡਾ. ਮਿੱਠੂ ਮੁਹੰਮਦ ਨੇ ਕਿਹਾ, “ਈਦ-ਉਲ-ਅਜਹਾ ਸਿਰਫ ਜਾਨਵਰ ਦੀ ਕੁਰਬਾਨੀ ਨਹੀਂ, ਬਲਕਿ ਆਪਣੇ ਨਫਸ, ਹਊਮੈ ਅਤੇ ਖੁਦਗਰਜ਼ੀ ਨੂੰ ਰੱਬ ਦੀ ਰਜ਼ਾ ਲਈ ਵਾਰ ਦੇਣ ਦਾ ਪੈਗਾਮ ਹੈ। ਇਹ ਤਿਉਹਾਰ ਸਾਨੂੰ ਆਪਣੇ ਅੰਦਰ ਦੀ ਖੁਦਪਸੰਦੀਆਂ ਨੂੰ ਮਾਰ ਕੇ, ਇਮਾਨ, ਸਬਰ ਅਤੇ ਖ਼ਲੂਸ ਨਾਲ ਜੀਵਨ ਜੀਊਣ ਦੀ ਸਿੱਖਿਆ ਦਿੰਦਾ ਹੈ।”
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਿਰਫ ਖੁਸ਼ੀ ਮਨਾਉਣ ਦਾ ਹੀ ਨਹੀਂ, ਬਲਕਿ ਗਰੀਬਾਂ, ਯਤਿਮਾਂ, ਅਤੇ ਲੋੜਵੰਦਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਵੀ ਹੈ। ਕੁਰਬਾਨੀ ਦੇ ਗੋਸ਼ਤ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ – ਇੱਕ ਭਾਗ ਗਰੀਬਾਂ ਲਈ, ਇੱਕ ਰਿਸ਼ਤੇਦਾਰਾਂ ਲਈ ਅਤੇ ਇੱਕ ਆਪਣੇ ਲਈ ਰੱਖਣ ਦੀ ਪਰੰਪਰਾ ਹੈ।
ਅੰਤ ਵਿੱਚ ਡਾ. ਮਿੱਠੂ ਮੁਹੰਮਦ ਨੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਅਜਹਾ ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਇਹ ਤਿਉਹਾਰ ਧਾਰਮਿਕ ਨਿਯਮਾਂ, ਸਫ਼ਾਈ, ਭਾਈਚਾਰੇ ਅਤੇ ਕਾਨੂੰਨ ਦੀ ਪਾਲਣਾ ਕਰਦਿਆਂ ਮਨਾਇਆ ਜਾਵੇ।
ਇਸ ਸਮੇਂ ਉਹਨਾਂ ਦੇ ਨਾਲ ਬਰਨਾਲਾ ਤੋਂ ਇਕਬਾਲਦੀਨ ਬਾਠਾਂ, ਇੰਸਪੈਕਟਰ ਨਜ਼ੀਰ ਖਾਨ, ਪਟਵਾਰੀ ਗੁਲਜਾਰ ਸ਼ਾਹ, ਭੋਲਾ ਖਾਨ ਤੇ ਤਾਜ ਖਾਨ ਚੰਨਣਵਾਲ, ਡਾਕਟਰ ਕੇਸਰ ਖਾਨ ਮਾਂਗੇਵਾਲ, ਯਾਕੂਬ ਖਾਨ ਪੰਜਗਰਾਈਆਂ, ਅਕਬਰ ਖਾਨ, ਅਨਫਾਲ ਅਲੀ,ਡਾ.ਮੁਸ਼ਤਾਕ ਅਲੀ ਭੋਤਨਾ, ਡਾਕਟਰ ਕਾਕਾ ਖਾਨ, ਮੁਹੰਮਦ ਅਰਸ਼ਦ, ਡਾ ਸਲੀਮ ਖਾਨ, ਮੁਹੰਮਦ ਵਾਰਸ਼ ਅਲੀ, ਮੁਹੰਮਦ ਸ਼ਮਸ਼ਾਦ , ਮਸਜਿਦ ਇਮਾਮ ਕਾਰੀ ਆਕੂਬ ਖਾਨ ਆਦਿ ਹਾਜ਼ਰ ਸਨ।