ਬੀਤੇ ਦਿਨ ਜਗਰਾਓਂ ਦੇ ਲਾਲ ਪੈਲਸ ਜੋ ਹੁਣ —ਬਣ ਚੁੱਕਾ ਹੈ ਵਿੱਚ ਦੇਸ਼ ਦੀ ਪਹਿਲੀ ਔਰਤ ਅਧਿਆਪਕਾ ਸਵਿਤਰੀ ਬਾਈ ਫੂਲੇ ਤੇ ਉਹਨਾਂ ਦੇ ਜੀਵਨ ਸਾਥੀ ਤੇ ਦੇਸ਼ ਦੇ ਪਹਿਲੇ ਮਹਾਤਮਾ ਅਸਲੀ ਮਹਾਤਮਾ ਮਹਾਤਮਾ ਜੋਤੀ ਬਾਬੂ ਫੂਲੇ ਦੀ ਜਿੰਦਗੀ ਸੰਘਰਸ਼ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਅਧਾਰਿਤ ਫਿਲਮ “ਫੂਲੇ” ਵੇਖਣ ਦਾ ਸਬੱਬ ਬਣਿਆ। ਜਗਰਾਉਂ ਵਿੱਚ ਇਹ ਫਿਲਮ ਮਹਾਤਮਾ ਜਯੋਤੀ ਬਾ ਫੂਲੇ, ਬਾਬਾ ਸਾਹਿਬ ਡਾਕਟਰ ਅੰਬੇਦਕਰ ਤੇ ਹੋਰ ਅਜਿਹੇ ਮਹਾਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਨੌਜਵਾਨਾਂ ਰਣਜੀਤ ਹਠੂਰ, ਗੋਲਡੀ ਮਲਿਕ ਆਦਿ ਦੇ ਯਤਨਾਂ ਨਾਲ ਚਲਾਈ ਗਈ ਹੈ।
ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਵਾਰ-ਵਾਰ ਅੜਚਣਾਂ ਕਿਉਂ ਡਾਈਆਂ ਗਈਆਂ, ਸੈਂਸਰ ਬੋਰਡ ਦੀ ਤਿੱਖੀ ਕੈਂਚੀ ਇਸਦੇ ਮਹੱਤਵਪੂਰਨ ਦ੍ਰਿਸ਼ਾਂ ‘ਤੇ ਕਿਉਂ ਚੱਲੀ ਅਤੇ ਦੇਸ਼ ਦੇ ਕੱਟੜ ਪ੍ਰੰਪਰਾਵਾਦੀ ਤੇ ਜਾਤੀਵਾਦੀ ਸੰਗਠਨਾਂ ਵੱਲੋਂ ਫਿਲਮ ਖਿਲਾਫ਼ ਬੇਲੋੜਾ ਵਾਵੇਲਾ ਕਿਉਂ ਮਚਾਇਆ ਗਿਆ—ਫਿਲਮ ਵੇਖਦਿਆਂ ਇਹਨਾਂ ਪਿਛਲੇ ਸਾਰੇ ਕਾਰਨਾਂ ਦਾ ਸਾਫ਼ ਪਤਾ ਚੱਲ ਜਾਂਦਾ ਹੈ। ਫਿਲਮ ਦੇਸ਼ ਦੀਆਂ ਅਖੌਤੀ ਸਨਾਤਨੀ ਪ੍ਰਥਾਵਾਂ ‘ਤੇ ਕਰੜੇ ਵਾਰ ਕਰਦੀ ਹੈ। ਫਿਲਮ ਨੇ ਜਾਤੀਵਾਦੀ ਪ੍ਰਥਾ, ਦਲਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਪੜ੍ਹਨ ਤੋਂ ਰੋਕਣ, ਕੁੜੀਆਂ ਦੀ ਪੜ੍ਹਾਈ ਨੂੰ ਧਰਮ ਵਿਰੋਧੀ ਆਖ ਕੇ ਉਹਨਾਂ ਜੀ ਸਿਖਿਆ ਪ੍ਰਾਪਤੀ ਦੇ ਰਾਹਾਂ ‘ਚ ਕੰਡੇ ਵਿਛਾਉਣ, ਅੜਿੱਕੇ ਡਾਹੁਣ, ਵਿਧਵਾਵਾਂ ਦੇ ਪੁਨਰ ਵਿਆਹ ਦਾ ਵਿਰੋਧ ਕਰਨ, ਅਖੌਤੀ ਨੀਵੀਆਂ ਜਾਤੀਆਂ ਦੇ ਲੋਕਾਂ ਤੋਂ ਭਿੱਟ ਮੰਨਣ, ਉਹਨਾਂ ਨੂੰ ਸ਼ੂਦਰ ਆਖ ਕੇ ਸਾਂਝੇ ਥਾਵਾਂ ‘ਚ ਦਾਖਲ ਹੋਣ ਤੋਂ ਰੋਕਣ, ਪਾਣੀ ਭਰਨ ਤੋਂ ਵਰਜਣ ਤੇ ਹੋਰ ਅਜਿਹੀਆਂ ਭੈੜੀਆਂ ਪ੍ਰਥਾਵਾਂ ਉੱਪਰ ਬੜੇ ਹੀ ਤਰਕਮਈ ਢੰਗ ਨਾਲ ਵਾਰ ਕੀਤੇ ਹਨ। ਅਜਿਹੇ ਤਰਕਸੰਗਤ ਵਾਰ ਸ਼ਾਇਦ ਹੀ ਕਿਸੇ ਹੋਰ ਫਿਲਮ ਨੇ ਕੀਤੇ ਹੋਣ।
ਸੀਆ ਜੀ ਮਹਾਰਾਜ ਦੇ ਵੱਲੋਂ ਜੋਤੀਬਾ ਦੇ ਪਿਤਾ ਗੋਬਿੰਦ ਫੂਲੇ ਨੂੰ ਦਿੱਤੀ ਜ਼ਮੀਨ ਦੀ ਬਦੌਲਤ ਫੂਲੇ ਪਰਿਵਾਰ ਆਰਥਿਕ ਤੌਰ ‘ਤੇ ਇਕ ਸਮਰਿਧ ਪਰਿਵਾਰ ਸੀ ਜਿਸ ਕਰਕੇ ਜੋਤੀਬਾ ਵਧੀਆ ਸਕੂਲਾਂ ਚ ਪੜ੍ਹਾਈ ਹਾਸਿਲ ਕਰ ਸਕੇ। ਅੰਗਰੇਜ਼ੀ ਢੰਗ ਦੀ ਸਿੱਖਿਆ ਪ੍ਰਾਪਤ ਕਰਕੇ ਅਧਿਕਾਰਾਂ ਬਾਰੇ ਕਰਕੇ ਜਾਗਰੂਕ ਹੈ। ਜਯੋਤੀ ਬਾ ਘਰ ‘ਚ ਹੀ ਆਪਣੀ ਪਤਨੀ ਸਵਿੱਤਰੀ ਬਾਈ ਫੂਲੇ ਨੂੰ ਪੜ੍ਹਾਉਂਦਾ ਹੈ। ਫਿਰ ਇਹ ਦੰਪਤੀ ਪਿੰਡ ਦੀਆਂ ਲੜਕੀਆਂ ਨੂੰ ਪੜ੍ਹਾਉਣ ਲਈ ਸਕੂਲ ਖੋਲ੍ਹਦੀ ਹੈ। ਉਹਨਾਂ ਦੇ ਇਸ ਕਦਮ ਨਾਲ ਸਨਾਤਨੀ ਵਿਵਸਥਾ ਨੂੰ ਤਰੇਲੀਆਂ ਆ ਜਾਂਦੀਆਂ ਹਨ। ਅਖੌਤੀ ਉੱਚ ਜਾਤੀਆਂ ਖਾਸ ਕਰ ਪੁਰੋਹਿਤ ਵਰਗ ਵਲੋਂ ਇਸਦਾ ਡਟਵਾਂ ਵਿਰੋਧ ਹੁੰਦਾ ਹੈ। ਫੂਲੇ ਪਰਿਵਾਰ ਦਾ ਹੁੱਕਾ ਪਾਣੀ ਛੇਕ ਦਿੱਤਾ ਜਾਂਦਾ ਹੈ। ਫੂਲੇ ਦੰਪਤੀ ਦਾ ਬਣਾਇਆ ਸਕੂਲ ਤੋੜ ਦਿੱਤਾ ਜਾਂਦਾ ਹੈ। ਜੋਤੀਬਾ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਪਰਿਵਾਰ ਘਰ ਛੱਡਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਹ ਪਿੰਡ ਛੱਡ ਕੇ ਆਪਣੇ ਦੋਸਤ ਅਸਮਾਨ ਸ਼ੇਖ ਕੋਲ ਸ਼ਰਨ ਲੈਂਦੇ ਹਨ ਤੇ ਸ਼ੇਖ ਦੀ ਭੈਣ ਫਾਤਿਮਾ ਸ਼ੇਖ ਦੀ ਸਹਾਇਤਾ ਨਾਲ ਉਥੇ ਹੀ ਸਕੂਲ ਖੋਲ੍ਹ ਲੈਂਦੇ ਹਨ। ਹੌਲੀ ਹੌਲੀ ਸਕੂਲਾਂ ਦੀ ਗਿਣਤੀ 20 ਤੱਕ ਜਾ ਪੁੱਜਦੀ ਹੈ। ਦੋਵੇਂ ਜੀਅ ਵਿਧਵਾ ਔਰਤਾਂ ਨੂੰ ਸ਼ਰਨ ਦੇਣ ਲਈ ਆਸ਼ਰਮ ਚਲਾ ਲੈਂਦੇ ਹਨ। ਦੰਪਤੀ ਹਰ ਤਰ੍ਹਾਂ ਦੇ ਪਾਖੰਡ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੀ ਹੈ। ਦੋਵੇਂ ਜੀਅ ਸਾਥੀਆਂ ਦੀ ਸਹਾਇਤਾ ਨਾਲ “ਸੱਤਿਆ ਸੋਧਕ ਸਮਾਜ” ਨਾਂ ਦੀ ਜਥੇਬੰਦੀ ਬਣਾ ਕੇ ਦਲਿਤ ਲੋਕਾਂ ਦੇ ਜੀਵਨ ਉਧਾਰਨ ਲਈ ਇਨਕਲਾਬੀ ਕਾਰਜ ਕਰਦੇ ਹਨ।
ਫਿਲਮ “ਫੂਲੇ” ‘ਚ ਵੱਡੇ ਸਵਾਲ ਖੜੇ ਕੀਤੇ ਹਨ। ਚੌਵੀ ਘੰਟੇ ਹਿੰਦੂ ਮੁਸਲਿਮ ਦਾ ਰਾਗ ਅਲਾਪਣ ਵਾਲਿਆਂ ਨੂੰ ਵੀ ਕਟਹਿਰੇ ‘ਚ ਖੜਾ ਕਰ ਦਿੱਤਾ ਹੈ। ਜੋਤੀਬਾ ਫੂਲੇ ਜਦੋਂ ਪਿੰਡ ਛੱਡਣ ਲਈ ਮਜ਼ਬੂਰ ਹੁੰਦੇ ਹਨ ਉਸਦਾ ਮੁਸਲਿਮ ਦੋਸਤ ਅਸਮਾਨ ਸ਼ੇਖ ਨਾ ਸਿਰਫ਼ ਆਪਣੇ ਘਰ ‘ਚ ਪਨਾਹ ਦਿੰਦਾ ਹੈ ਬਲਕਿ ਆਪਣੀ ਪੜ੍ਹੀ ਲਿਖੀ ਭੈਣ ਫਾਤਮਾ ਸ਼ੇਖ ਨੂੰ ਸਵਿਤਰੀ ਬਾਈ ਫੂਲੇ ਦਾ ਸਾਥ ਦੇ ਕੇ ਸਕੂਲ ਚਲਾਉਣ ਲਈ ਪ੍ਰੇਰਦਾ ਹੈ। ਇਉਂ ਫਾਤਮਾ ਸ਼ੇਖ ਦੇਸ਼ ਦੀ ਪਹਿਲੀ ਮੁਸਲਮ ਅਧਿਆਪਕਾ ਬਣਦੀ ਹੈ।
ਜਿੱਥੇ ਪੁਰੋਹਿਤ ਵਰਗ ਸਵਿਤਰੀ ਬਾਈ ਵੱਲੋਂ ਹਿੰਦੂ ਲੜਕੀਆਂ ਨੂੰ ਪੜ੍ਹਾਉਣ ਦਾ ਵਿਰੋਧੀ ਹੈ, ਉੱਥੇ ਕੱਟੜਵਾਦੀ ਮੁਲਾਣਿਆਂ ਵੱਲੋਂ ਵੀ ਉਸਮਾਨ ਸ਼ੇਖ ਅਤੇ ਉਸਦੀ ਭੈਣ ਫਾਤਿਮਾ ਸ਼ੇਖ ਦੀ ਅੰਨ੍ਹੀ ਵਿਰੋਧਤਾ ਹੁੰਦੀ ਹੈ। ਫਿਲਮ ਹਰ ਤਰ੍ਹਾਂ ਦੇ ਧਾਰਮਿਕ ਕੱਟੜਪੁਣੇ ਦੇ ਵਿਰੁੱਧ ਭੁਗਤਦੀ ਹੋਈ ਸਾਨੂੰ ਇਸ ਕੱਟੜਪੁੜੇ ਵਿਰੁਧ ਜਾਗਰੂਕ ਕਰਦੀ ਹੈ। ਫਿਲਮ ਨੇ ਜਾਤੀਵਾਦੀ ਵਿਵਸਥਾ, ਜਿਹੜੀ ਕਿ ਸਦੀਆਂ ਤੋਂ ਸ਼ੂਦਰਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਸ਼ਸਤਰਾਂ ਅਤੇ ਗ੍ਰੰਥਾਂ ਦਾ ਸਹਾਰਾ ਲੈਂਦੀ ਰਹੀ ਹੈ, ਨੂੰ ਕਟਹਿਰੇ ਚ ਲਿਆ ਖੜਾ ਕਰਦੀ ਹੈ। ਫਿਲਮ ‘ਚ ਥਾਂ ਪਰ ਥਾਂ ਅਜਿਹੀਆਂ ਘਟਨਾਵਾਂ ਤੇ ਸੰਵਾਦ ਹਨ ਜੋ ਅਜਿਹੀ ਅਣਮਨੁੱਖੀ ਅਵਸਥਾ ਦੀਆਂ ਧੱਜੀਆਂ ਉਡਾਉਂਦੇ ਹਨ। ਇੱਕ ਜਗ੍ਹਾ ਤੇ ਪੁਰੋਹਿਤ ਵਰਗ ਦੇ ਮੁਹਰੈਲ ਬ੍ਰਾਹਮਣ, ਅੰਗਰੇਜ਼ੀ ਢੰਗ ਦੀ ਵਿਦਿਆ ਨੂੰ ਅੰਗਰੇਜ਼ ਸਰਕਾਰ ਦੀ ਸਾਜਿਸ਼ ਆਖਦਿਆਂ ਲੜਕੀਆਂ ਨੂੰ ਇਹ ਵਿਦਿਆ ਦੇਣ ਤੋਂ ਰੋਕਣ ਲਈ ਆਖਦੇ ਹਨ। ਉਹ ਆਖਦਾ ਹੈ ਕਿ ਤੂੰ ਤਾਂ ਹਿੰਦੂ ਹੈਂ ਤਾਂ ਜੋਤੀਬਾ ਫੂਲੇ ਦਾ ਸੰਵਾਦ ਉਸ ਪ੍ਰੋਹਿਤ ਦੇ ਸਿਰ ‘ਚ ਵਦਾਨ ਵਾਂਗ ਵੱਜਦਾ ਹੈ, “ਕਮਾਲ ਹੈ ਹਿੰਦੂ ਵੀ ਕਹਿੰਦੇ ਹੋ ਤੇ ਸ਼ੂਦਰ ਵੀ ਸਮਝਦੇ ਹੋ।”
ਫਿਲਮ ਵੇਖਦਿਆਂ ਵਾਰ ਵਾਰ ਜ਼ਿਹਨ ‘ਚ ਇਹ ਸਵਾਲ ਵੀ ਆਉਂਦਾ ਰਿਹਾ ਕਿ ਜੇ ਕਿ ਜੇਕਰ ਅੰਗਰੇਜ਼ ਦੇਸ਼ ਚ ਨਾ ਆਉਂਦੇ ਤਾਂ ਇੱਥੋਂ ਦੀਆਂ ਦੱਬੀਆਂ ਕੁਚਲੀਆਂ ਜਾਤੀਆਂ ਵਾਲੇ ਲੋਕਾਂ ਦਾ ਕੀ ਬਣਦਾ ? ਭਾਵੇਂ ਫਿਲਮ ਨੇ ਥਾਂ ਪੁਰ ਥਾਂ ਇਹ ਸਪਸ਼ਟ ਕੀਤਾ ਹੈ ਕਿ ਅੰਗਰੇਜ਼ਾਂ ਦਾ ਮਨੋਰਥ ਇਹਨਾਂ ਜਾਤੀਆਂ ਦਾ ਉਥਾਨ ਕਰਨਾ ਨਹੀਂ ਸੀ। ਉਹਨਾਂ ਤਾਂ ਸੱਤਾ ਪੱਕੀ ਕਰਨ ਦੇ ਚੱਕਰ ‘ਚ ਹੀ ਦਲਿਤ ਜਾਤੀਆਂ ਨੂੰ ਨੇੜੇ ਰੱਖਿਆ ਸੀ। ਇਉਂ ਉਹਨਾਂ ਦੇ ਆਪਣੇ ਸਵਾਰਥ ਸਨ ਪਰ ਇਸਦੇ ਬਾਵਜੂਦ ਕੁੱਝ ਭੈੜੀਆਂਪ੍ਰਥਾਵਾਂ ਉੱਪਰ ਉਹਨਾਂ ਨੇ ਅਜਿਹੀ ਸੱਟ ਮਾਰੀ ਕਿ ਜਿਸ ਨਾਲ ਗਰੀਬ ਲੋਕਾਂ ਦਾ ਆਪਣੇ ਆਪ ਭਲਾ ਹੋ ਗਿਆ। ਮਹਾਤਮਾ ਜੋਤੀ ਬਾ ਫੂਲੇ ਦਾ ਇਹ ਕਹਿਣਾ ਨਿਰੁਤਰ ਕਰ ਦਿੰਦਾ ਹੈ ਕਿ ਮੈਂ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਹੰਡਾ ਰਹੇ ਲੋਕਾਂ ਨੂੰ ਗੁਲਾਮੀ ਜੋ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਫਿਲਮ ਵੇਖਦਿਆਂ ਅਖੌਤੀ ਸਵਰਨਾ ਵੱਲੋਂ ਸ਼ੂਦਰਾਂ ਉੱਪਰ ਹੁੰਦੇ ਅਣਮਨੁੱਖੀ ਜਬਰ ਨੂੰ ਤੱਕਦਿਆਂ ਰੋਂਗਟੇ ਖੜੇ ਹੁੰਦੇ ਹਨ ਤੇ ਵਾਰ ਵਾਰ ਇਹ ਸੋਚ ਵੀ ਆਉਂਦੀ ਹੈ ਕਿ ਇਕੀਵੀਂ-ਬਾਈਵੀਂ ਸਦੀ ‘ਚ ਜਾ ਵੜੇ ਭਾਰਤੀ ਸਮਾਜ ਨੇ ਭਲਾ ਕਿੰਨਾ ਕੁ ਵਿਕਾਸ ਕੀਤਾ ਹੈ ? ਅੱਜ ਵੀ ਦਲਿਤ ਲਾੜਿਆਂ ਨੂੰ ਘੋੜੀ ਚੜ੍ਹਨ ਤੋਂ ਰੋਕਣ ਦੀ ਖ਼ਬਰਾਂ ਆਉਂਦੀਆਂ ਹਨ। ਦਲਿਤ ਲੜਕੀਆਂ ਦਾ ਸਮੂਹਿਕ ਸ਼ੋਸ਼ਣ ਹੋ ਰਿਹਾ। ਰੋਹਿਤ ਵੈਮੁਲਾ ਜਿਹੇ ਰੌਸ਼ਨ ਦਿਮਾਗ ਵਿਦਿਆਰਥੀਆਂ ਨੂੰ ਆਤਮਹੱਤਿਆ ਲਈ ਮਜ਼ਬੂਰ ਕੀਤਾ ਜਾਂਦਾ ਹੈ। ਦਲਿਤਾਂ ਦੇ ਵਿਕਾਸ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਅੜਿੱਕੇ ਡਾਹੁਣ ਦੀਆਂ ਘਟਨਾਵਾਂ ਸਾਡੇ ਅਖੌਤੀ ਸੱਭਿਆ ਸਮਾਜ ਦੇ ਮੂੰਹ ‘ਤੇ ਤਮਾਚੇ ਵਰਗੀਆਂ ਹਨ। ਇਹ ਫਿਲਮ ਦਲਿਤ ਵਰਗ ਲਈ ਨਹੀਂ ਹੈ। ਇਹ ਸਾਰੇ ਸਮਾਜ ਦੇ ਲਈ ਹੈ। ਸਾਰਿਆਂ ਨੂੰ ਵੇਖਣੀ ਬਣਦੀ ਹੈ। ਖਾਸ ਕਰ ਦੇਸ਼ ਦੀਆਂ ਕੁੜੀਆਂ/ਔਰਤ ਵਰਗ ਨੂੰ ਜਿਨਾਂ ਨੂੰ ਪੜ੍ਹਾਈ ਦਾ ਹੱਕ ਲੈ ਕੇ ਦੇਣ ਲਈ ਮਹਾਤਮਾ ਜੋਤੀਬਾ ਫੂਲੇ, ਸਵਿਤਰੀ ਬਾਈ ਫੂਲੇ, ਫਾਤਿਮਾ ਸ਼ੇਖ, ਪੈਰੀਅਰ ਰਾਮਾ ਸਵਾਮੀ ਨਾਇਕਰ, ਨਰਾਇਣ ਗੁਰੂ, ਡਾਕਟਰ ਅੰਬੇਦਕਰ ਤੇ ਹੋਰ ਅਜਿਹੇ ਅਨੇਕਾਂ ਮਹਾਂਪੁਰਸ਼ਾਂ ਦੇ ਅਥਾਹ ਯਤਨਾਂ ਤੇ ਕੁਰਬਾਨੀਆਂ ਨੂੰ ਇਤਿਹਾਸ ਨੇ ਅਣਗੋਲਿਆ ਕਰ ਛੱਡਿਆ ਹੈ।
ਲੇਖਕ ਨਿਰਦੇਸ਼ਕ ਆਨੰਦ ਮਹਾਦੇਵਨ ਦੀ ਇਹ ਬੜੀ ਜਾਨਦਾਰ, ਇਤਿਹਾਸਕ ਤੇ ਬਹੁਤ ਮਹਾਨ ਫਿਲਮ ਹੈ। ਫਿਲਮ ਵੇਖਦਿਆਂ ਮੈਂ ਸੋਚਦਾ ਰਿਹਾ ਕਿ ਮੰਜਿਆਂ ਬਿਸਤਰਿਆਂ ਤੇ ਵਿਆਹਾਂ ਮੰਗਣਿਆਂ ‘ਚ ਉਲਝੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਵੀ ਕਦੇ ਅਜਿਹੀ ਫਿਲਮ ਬਣਾ ਸਕਦੀ ਹੈ ਜਾਂ ਬਣਾਉਣ ਦੇ ਯੋਗ ਹੋਵੇਗੀ ਜਾਂ ਬਣਾਉਣ ਦਾ ਹੀਆ ਕਰ ਸਕੇਗੀ।
ਪ੍ਰਤੀਕ ਗਾਂਧੀ ਨੇ ਫਿਲਮ “ਫੂਲੇ” ‘ਚ ਮਹਾਤਮਾ ਜਯੋਤੀ ਬਾ ਫੂਲੇ ਦਾ ਕਿਰਦਾਰ ਨਿਭਾਇਆ ਹੈ। ਗਾਂਧੀ ਗੁਜਰਾਤੀ ਫਿਲਮਾਂ ਦਾ ਚਰਚਿਤ ਅਦਾਕਾਰ ਹੈ। ਥੀਏਟਰ ਦੀ ਪੈਦਾਵਾਰ ਹੈ। ਪ੍ਰਤੀਕ ਗਾਂਧੀ ਜੋਤੀਬਾ ਫੂਲੇ ਦਾ ਕਿਰਦਾਰ ਨਿਭਾਉਂਦਿਆਂ ਪੂਰੀ ਤਰ੍ਹਾਂ ਕਿਰਦਾਰ ‘ਚ ਡੁੱਬ ਗਿਆ ਹੈ। ਸਵਿਤਰੀ ਬਾਈ ਫੂਲੇ ਦਾ ਕਿਰਦਾਰ ਕਰਦਿਆਂ ਪਿਤਰਲੇਖਾ ਵੀ ਕਿਰਦਾਰ ਨਾਲ ਇੱਕਸੁਰ ਹੋਈ ਨਜ਼ਰ ਆਉਂਦੀ ਹੈ। ਗੋਬਿੰਦ ਫੂਲੇ ਵਜੋਂ ਵਿਨੇ ਪਾਠਕ, ਫਾਤਮਾ ਸ਼ੇਖ ਵਜੋਂ ਅਕਸ਼ਿਆ ਗੌਰਵ ਤੇ ਤਾਤੀਆ ਸਾਹਿਬ ਭਿੰਡੇ ਦੇ ਰੋਲ ਵਿੱਚ ਵਿਸ਼ਾਲ ਤਿਵਾੜੀ ਨੇ ਵੀ ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ ਹੈ। ਫਿਲਮ ਦੇ ਸਾਰੇ ਅਦਾਕਾਰ ਆਪਣੇ ਕਿਰਦਾਰ ਦੇ ਵਿੱਚ ਪੂਰੀ ਤਰਾਂ ਖੁੱਬੇ ਹੋਏ ਹਨ। ਗੀਤ ਸੰਵਾਦ ਫਿਲਮ ਦੀ ਜਾਨ ਹਨ ਜੋ ਆਂਚਲਿਕਤਾ ਦੇ ਰੰਗ ‘ਚ ਰੰਗੇ ਨੇ। ਇਕ ਪੀਰੀਅਡ ਫਿਲਮ ਅਤੇ ਬਾਇਓਪਿਕ ਹੋਣ ਦੇ ਬਾਵਜੂਦ “ਫੂਲੇ” ਅੱਜ ਦੀ ਫਿਲਮ ਹੈ। ਫਿਲਮ ਨੂੰ ਥਾਂ ਥਾਂ ਤੇ ਵਿਖਾਉਣ ਲਈ ਜਥੇਬੰਦੀਆਂ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਚਾਹੀਦਾ ਤਾਂ ਇਹ ਸੀ ਕਿ ਦਲਿਤ ਦਲਿਤ ਦਾ ਰਾਗ ਅਲਾਪਣ ਵਾਲੀਆਂ ਸਰਕਾਰਾਂ ਇਸ ਫਿਲਮ ਦਾ ਪੂਰਾ ਟੈਕਸ ਮਾਫ ਕਰਦੀਆਂ ਪਰ—।
“ਫੂਲੇ” ਪ੍ਰਚੀਨ, ਮੱਧਕਾਲ ਤੇ ਅਜੋਕੇ ਭਾਰਤ ਦੀ ਕੌੜੀ ਸੱਚਾਈ ਹੈ। ਅਜਿਹੀ ਸਚਾਈ ਹਜ਼ਮ ਕਰਨੀ ਬੜੀ ਔਖੀ ਹੁੰਦੀ ਹੈ। ਅਜਿਹੀਆਂ ਫਿਲਮਾਂ ਵਿਵਸਥਾ ਦੇ ਕਸੂਤੇ ਥਾਵੇਂ ਸੱਟ ਮਾਰਦੀਆਂ ਹਨ।
ਗੁਰਮੀਤ ਕੜਿਆਲਵੀ