ਪੰਜਵੀਂ ਕਲਾਸ ਦੀ ਵਿਦਿਆਰਥਣ ਸੁਖਪ੍ਰੀਤ ਦੀ , ਜੋ ਕਲਾਸ ਦੇ ਕੋਨੇ ਵਾਲੀ ਬੈਂਚ ਉਪਰ ਅਕਸਰ ਆਪਣੇ- ਆਪ ਵਿੱਚ ਗੁੰਮ ਰਹਿੰਦੀ। ਉਹ ਨਾ ਕਿਸੇ ਨਾਲ ਗੱਲ ਕਰਦੀ ਤੇ ਨਾ ਹੀ ਕਿਸੇ ਨਾਲ ਖੇਡਦੀ। ਉਹ ਖੇਡਦੀ ਸੀ ਸਿਰਫ਼ ਕਿਤਾਬਾਂ ਦੇ ਪੰਨਿਆਂ ਨਾਲ । ਹਮੇਸ਼ਾ ਉਹਨਾਂ ਪੰਨਿਆਂ ਵਿੱਚ ਖੁੱਭੀ ਰਹਿੰਦੀ। ਚੁੱਪਚਾਪ ਬੈਠੀ ਰਹਿੰਦੀ- ਬਹੁਤ ਕੁਝ ਕਹਿਣਾ ਚਾਹੁੰਦੀ ਸੀ, ਪਰ ਕਦੇ ਕੁੱਝ ਨਾ ਕਹਿ ਸਕੀ। ਨਾ ਕਿਸੇ ਨੇ ਪੁੱਛਿਆ ਤੇ ਨਾ ਹੀ ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ।
ਉਹ ਹਰ ਰੋਜ਼ ਆਪਣੇ ਹੌਸਲੇ ਨੂੰ ਚੁੱਪੀ ਦੀ ਚਾਦਰ ਵਿੱਚ ਲਪੇਟ ਲਿਆਉਂਦੀ। ਉਸ ਦੀਆਂ ਅੱਖਾਂ ਕਿਸੇ ਅਣਕਹੀ ਕਹਾਣੀ ਦਾ ਦਰਪਣ ਸੀ, ਪਰ ਹਰ ਕੋਈ ਉਸ ਦੀ ਚੁੱਪੀ ਨੂੰ “ਸਾਦਾ ਸੁਭਾਅ” ਸਮਝ ਕੇ ਨਜਰਅੰਦਾਜ਼ ਕਰ ਜਾਂਦਾ।
ਇੱਕ ਦਿਨ ਸਕੂਲ ਵਿੱਚ ਨਵੀਂ ਅਧਿਆਪਿਕਾ ਆਈ – ਮਿਸ.ਨਿਹਾਰਿਕਾ। ਨਰਮ ਲਹਜੇ ਵਾਲੀ, ਹਮੇਸ਼ਾ ਮੁਸਕਰਾਉਣ ਵਾਲੀ ਤੇ ਵਿਦਿਆਰਥੀਆਂ ਨਾਲ ਦਿਲੋਂ ਜੁੜਨ ਵਾਲੀ। ਪਹਿਲੀ ਨਜ਼ਰ ਵਿੱਚ ਹੀ ਮਿਸ.ਨਿਹਾਰਿਕਾ ਨੇ ਸੁਖਪ੍ਰੀਤ ਦੀਆਂ ਅੱਖਾਂ ਵਿੱਚ ਛੁਪਿਆ ਦਰਦ ਵੇਖਿਆ। ਮਿਸ.ਨਿਹਾਰਿਕਾ ਸੁਖਪ੍ਰੀਤ ਕੋਲ ਗਈ ਤੇ ਕਿਹਾ”ਚੁੱਪ ਰਹਿਣ ਵਾਲੀਆਂ ਕੋਲ ਸਭ ਤੋਂ ਵਧੀਕ ਕਹਾਣੀਆਂ ਹੁੰਦੀਆਂ ਨੇ।ਕੀ ਤੂੰ ਆਪਣੀ ਕਹਾਣੀ ਕਦੇ ਸੁਣਾਈ?”
ਇਸ ਇੱਕ ਸਵਾਲ ਨੇ ਸੁਖਪ੍ਰੀਤ ਦੇ ਦਿਲ ਦੇ ਦਰਵਾਜ਼ੇ ਖੋਲ੍ਹ ਦਿੱਤੇ।ਉਸਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ।ਉਹ ਹਰ ਰੋਜ਼ ਇੱਕ ਨਵੀਂ ਕਵਿਤਾ ਲਿਖਣ ਲੱਗੀ।
ਮਿਸ.ਨਿਹਾਰਿਕਾ ਨੇ ਸੁਖਪ੍ਰੀਤ ਨੂੰ ਕਈ ਦਿਨ ਤੱਕ ਦੇਖਿਆਂ।ਉਸ ਵਿੱਚ ਪਹਿਲਾਂ ਨਾਲੋਂ ਬਦਲਾਵ ਹੋ ਰਿਹਾ ਸੀ। ਪਰ ਮਿਸ.ਨਿਹਾਰਿਕਾ ਜਾਣਦੀ ਸੀ ਕਿ ਜੇਕਰ ਵਿਦਿਆਰਥੀਆਂ ਨੂੰ ਕੁੱਝ ਸੁਣਾਉਣ ਲਈ ਕਿਹਾ ਜਾਵੇਗਾ ਤਾਂ ਸੁਖਪ੍ਰੀਤ ਕਦੇ ਵੀ ਅੱਗੇ ਨਹੀਂ ਆਏਗੀ, ਕਿਉਂਕਿ ਉਹ ਕਦੇ ਵੀ ਕਿਸੇ ਅੱਖ ਨਾਲ ਅੱਖ ਨਹੀਂ ਮਿਲਾਉਂਦੀ ਸੀ। ਜਿਸ ਕਰਕੇ ਮਿਸ. ਨਿਹਾਰਿਕਾ ਨੇ ਵਿਦਿਆਰਥੀਆਂ ਨੂੰ ਘਰ ਦੇ ਕੰਮ ਦੇ ਰੂਪ ਵਿੱਚ”ਮੇਰੀ ਜਿੰਦਗੀ ਦੀ ਸਭ ਤੋਂ ਖ਼ਾਸ ਯਾਦ” ਲਿਖਣ ਲਈ ਕਿਹਾ।
ਅੱਗਲੇ ਦਿਨ ਮਿਸ.ਨਿਹਾਰਿਕਾ ਨੇ ਵਿਦਿਆਰਥੀਆਂ ਦੀਆਂ ਕਾਪੀਆਂ ਚੈੱਕ ਕੀਤੀਆਂ, ਜਿਸ ਉੱਪਰ ਥੋੜ੍ਹਾ ਬਹੁਤ ਹੀ ਲਿਖਿਆ ਹੋਇਆ ਸੀ ਪਰ ਸੁਖਪ੍ਰੀਤ ਦੀ ਕਾਪੀ ਦੇ ਪੰਨੇ ਲੰਮੇ ਤੇ ਭਾਵਨਾਤਮਕ ਸਨ। ਉਸਨੇ ਕਵਿਤਾ ਦੇ ਰੂਪ ਵਿੱਚ ਲਿਖਿਆ ਹੋਇਆ ਸੀ । ਕੁੱਝ ਸਤਰਾਂ –
” ਮੈਂ ਮਾਂ ਦਾ ਹੱਥ ਫੜ੍ਹ ਕੇ ਸਕੂਲ ਆਈ ਸੀ,
ਉਮੀਦਾਂ ਦੀ ਕਾਪੀ ‘ਚ ਚੁੱਪੀ ਦੀ ਪੈਨਸਿਲ ਨਾਲ।
ਮਾਂ ਨੇ ਕਿਹਾ- ਬੋਲਣਾ ਸਿੱਖੀ , ਲੋਕਾਂ ਨਾਲ ਰਹਿਣਾ ਸਿੱਖੀ,
ਪਰ ਮੈਂ ਅਜੇ ਤਕ ਆਪਣੇ ਆਪ ਨਾਲ ਵੀ ਨਾ ਬੋਲ ਸਕੀ।”
ਮਿਸ.ਨਿਹਾਰਿਕਾ ਦੀਆਂ ਅੱਖਾਂ ਭਿੱਜ ਗਈਆਂ।ਉਹ ਸਮਝ ਗਈ ਕਿ ਸੁਖਪ੍ਰੀਤ ਚੁੱਪ ਨਹੀਂ, ਬੋਲਦੀ ਹੈ – ਲਿਖਤ ਰਾਹੀਂ, ਅਹਿਸਾਸ ਰਾਂਹੀ। ਮਿਸ.ਨਿਹਾਰਿਕਾ ਨੇ ਸੁਖਪ੍ਰੀਤ ਦੀ ਕਵਿਤਾ ਪੜ੍ਹ ਕੇ ਸੁਣਾਈ।ਸਾਰੀ ਕਲਾਸ ਦੇ ਵਿਦਿਆਰਥੀ ਚੌਂਕ ਗਏ। ਸੁਖਪ੍ਰੀਤ ਜੋ ਹਰ ਰੋਜ਼ ਉਹਨਾਂ ਦੇ ਕੋਲ ਹੁੰਦੀ ਸੀ , ਅੱਜ ਉਹਨਾਂ ਦੇ ਦਿਲ ਵਿੱਚ ਆ ਵਸੀ। ਮਿਸ.ਨਿਹਾਰਿਕਾ ਨੇ ਉਸਨੂੰ ਹੌਂਸਲਾ ਦਿੰਦੀਆਂ ਕਿਹਾ,”ਤੂੰ ਚੁੱਪ ਸੀ, ਪਰ ਤੇਰੇ ਅੰਦਰ ਪੂਰੀ ਦੁਨੀਆ ਵੱਸਦੀ ਹੈ । ਹੁਣ ਸਮਾਂ ਆ ਗਿਆ ਹੈ ਕਿ ਤੂੰ ਇਸ ਦੁਨੀਆ ਨੂੰ ਦਿਖਾਵੇ।”
ਮਿਸ.ਨਿਹਾਰਿਕਾ ਨੇ ਸੁਖਪ੍ਰੀਤ ਨੂੰ ਸਕੂਲ ਦੇ ਰਚਨਾਤਮਕ ਲੇਖਨ ਮੁਕਾਬਲੇ ਲਈ ਤਿਆਰ ਕੀਤਾ। ਸ਼ੁਰੂ ਵਿੱਚ ਉਹ ਡਰੀ ਹੋਈ ਸੀ,ਪਰ ਮਿਸ.ਨਿਹਾਰਿਕਾ ਦੀ ਹੌਸਲਾਅਫਜ਼ਾਈ ਨੇ ਉਹ ਡਰ ਹੌਂਸਲੇ ਵਿੱਚ ਬਦਲ ਦਿੱਤਾ।
ਮੁਕਾਬਲੇ ਵਾਲੇ ਦਿਨ, ਸੁਖਪ੍ਰੀਤ ਨੇ ਆਪਣੀ ਕਵਿਤਾ “ਚੁੱਪ ਦੀ ਰਾਣੀ” ਜਿਸ ਵਿੱਚ ਉਸਨੇ ਆਪਣੇ ਤਜ਼ਰਬੇ, ਡਰ ਅਤੇ ਹੌਸਲੇ ਨੂੰ ਕਲਮ ਰਾਹੀਂ ਬਿਆਨ ਕੀਤਾ। ਕਵਿਤਾ ਦੀਆਂ ਕੁੱਝ ਸਤਰਾਂ-
“ਅੱਖਾਂ ਨੇ ਕਹਾਣੀ ਲਿਖੀ ,
ਲਫ਼ਜ਼ਾਂ ਦੀ ਪਿਆਸੀ ਨਦੀਂ ਵਹੀ।
ਜਿਸਨੂੰ ਕੋਈ ਨਾ ਸਮਝ ਸਕਿਆਂ,
ਉਸਨੂੰ ਇਕ ਅਧਿਆਪਕ ਨੇ ਸਮਝ ਲਿਆ।”
ਜਦੋਂ ਕਵਿਤਾ ਮੁਕੰਮਲ ਹੋਈ , ਹਾਲ ਵਿੱਚ ਤਾਲੀਆਂ ਗੂੰਜਣ ਲੱਗਿਆਂ। ਪਹਿਲੀ ਵਾਰ ਸੁਖਪ੍ਰੀਤ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਚਮਕ ਸੀ। ਮਿਸ. ਨਿਹਾਰਿਕਾ ਨੇ ਸੁਖਪ੍ਰੀਤ ਤੋਂ ਮਾਈਕ ਫੜ੍ਹਦਿਆਂ ਕਿਹਾ,”ਅਸੀਂ ਅਕਸਰ ਚੁੱਪ ਰਹਿਣ ਵਾਲੇ ਚਿਹਰਿਆਂ ਪਿੱਛੇ ਛੁਪੇ ਅਸਲ ਹੀਰੇ ਨੂੰ ਨਹੀਂ ਵੇਖਦੇ। ਸੁਖਪ੍ਰੀਤ ਸਾਡੀ ਕਲਾਸ ਤੇ ਸਕੂਲ ਦੀ ਰੌਸ਼ਨੀ ਹੈ। ਜਿਸਨੇ ਸਾਨੂੰ ਦੱਸਿਆਂ ਹੈ ਕਿ ਅਸਲ ਤਾਕਤ ਅੰਦਰੋਂ ਆਉਂਦੀ ਹੈ।”
ਸੁਖਪ੍ਰੀਤ ਹੁਣ ਚੁੱਪ ਨਹੀਂ ਰਹੀ, ਲਿਖਣ ਲੱਗੀ ਅਤੇ ਹੋਰਨਾਂ ਲਈ ਪ੍ਰੇਰਨਾ ਬਣੀ।
Author: Mahek jot
Course: B.A.B.ED (Intigrated Course)