ਬੁਢਲਾਡਾ, 28 ਅਪਰੈਲ (ਨਾਨਕ ਸਿੰਘ ਖੁਰਮੀ ) ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੇਡ ਵਿਭਾਗ ਵੱਲੋਂ ਕਰਵਾਏ ਸਾਲਾਨਾ ਇੰਟਰ-ਕਾਲਜ ਫੁੱਟਬਾਲ ਟੂਰਨਾਮੈਂਟ, ਜੋ ਮਿਤੀ 22 ਅਪ੍ਰੈਲ 2025 ਤੋਂ 24 ਅਪ੍ਰੈਲ 25 ਤੱਕ ਯੂਨੀਵਰਸਿਟੀ ਕੈਂਪਸ ਵਿਖੇ ਆਯੋਜਿਤ ਕੀਤਾ ਗਿਆ, ਵਿਚ ਲੜਕਿਆਂ ਦੀ ਟੀਮ ਨੇ ਇਤਿਹਾਸ ਸਿਰਜਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਮਾਲਵਾ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਬਠਿੰਡਾ, ਸਰਕਾਰੀ ਕਾਲਜ ਮਲੇਰਕੋਟਲਾ ਅਤੇ ਸਰਕਾਰੀ ਕਾਲਜ ਰੋਪੜ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਫਾਈਨਲ ਮੈਚ ਵਿੱਚ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਰਮਨਦੀਪ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਫਿਜ਼ੀਕਲ ਇੰਸਟ੍ਰਕਟਰ ਸ. ਗੁਰਮੁੱਖ ਸਿੰਘ ਕਲੀਪੁਰ ਅਤੇ ਗ੍ਰਾਊਂਡ ਸਟਾਫ ਸ. ਸੁਖਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਕਿ ਖੇਡਾਂ ਚੰਗੇ ਜੀਵਨ ਦਾ ਆਧਾਰ ਹਨ। ਇਸ ਸਮੇਂ ਜਦੋਂ ਅਸੀਂ ਪੰਜਾਬ ਦੇ ਨੌਜਵਾਨ ਬਾਰੇ ਫ਼ਿਕਰ ਕਰ ਰਹੇ ਹਾਂ ਤਾਂ ਸਾਨੂੰ ਇਨ੍ਹਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਚਾਹੀਦਾ ਹੈ। ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਇਸ ਪ੍ਰਾਪਤੀ ਲਈ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਸਦਾ ਹੀ ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਖਿਡਾਰੀ ਚੰਗਾ ਸਮਾਜ ਸਿਰਜਣ ਵਿਚ ਬੇਹੱਦ ਅਹਿਮ ਰੋਲ ਨਿਭਾਉਂਦੇ ਹਨ। ਇਸ ਸਮੇਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਜਾ ਕੇ ਆਪਣੇ ਅੰਦਰਲੇ ਖਿਡਾਰੀਆਂ ਨੂੰ ਹੋਰ ਨਿਖਾਰਣਾ ਚਾਹੀਦਾ ਹੈ ਅਤੇ ਸਮਾਜ ਇਨ੍ਹਾਂ ਖਿਡਾਰੀਆਂ ਨੂੰ ਰੋਲ ਮਾਡਲ ਬਣਾਵੇ ਤਾਂ ਜੋ ਸਮਾਜ ਵਿਚ ਫੈਲੀਆਂ ਅਲਾਮਤਾਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਇਸ ਜਿੱਤ ਦੀਆਂ ਪ੍ਰਿੰਸੀਪਲ, ਸਮੁੱਚੀ ਐਸਜੀਪੀਸੀ ਮਨੇਜਮੈਂਟ, ਡਾ. ਗੁਰਦੀਪ ਕੌਰ ਰੰਧਾਵਾ, ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਦਲਬੀਰ ਸਿੰਘ ਰੰਧਾਵਾ, ਇੰਚਾਰਜ ਸਪੋਰਟਸ ਨੂੰ ਵਧਾਈਆਂ ਦਿੱਤੀਆਂ।