ਮਾਨਸਾ27, ਫਰਵਰੀ (ਨਾਨਕ ਸਿੰਘ ਖੁਰਮੀ) – ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸ. ਜਗਦੀਪ ਸਿੰਘ ਨਕਈ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 1984 ਸਿੱਖ ਨਸਲਕੁਸ਼ੀ ਮਾਮਲੇ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਨੂੰ ਇਨਸਾਫ਼ ਦੀ ਵੱਡੀ ਜਿੱਤ ਕਰਾਰ ਦਿੱਤਾ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਨੇ 40 ਸਾਲ ਤੱਕ 1984 ਦੇ ਦੋਸ਼ੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਦੇ ਦੌਰਾਨ ਸੀ.ਬੀ.ਆਈ ਵੱਲੋਂ ਇਹ ਕੇਸ ਬੰਦ ਕਰ ਦਿੱਤੇ ਗਏ ਸਨ, ਪਰ ਮੋਦੀ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (SIT) ਬਣਾ ਕੇ ਨਿਆਂ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ, ਜਿਸ ਕਾਰਨ ਸਿੱਖ ਨਸਲਕੁਸ਼ੀ ਵਿੱਚ ਸ਼ਾਮਲ ਦੋਸ਼ੀਆਂ ਨੂੰ ਉਨ੍ਹਾਂ ਦੇ ਅਸਲੀ ਅੰਜਾਮ ਤੱਕ ਪਹੁੰਚਾਇਆ ਜਾ ਰਿਹਾ ਹੈ। ਮੈਨੂੰ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਿੱਖਾਂ ਦੀ ਰਾਜਸੀ ਜਮਾਤ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ, ਜੋ 1984 ਤੋਂ ਬਾਅਦ 15 ਸਾਲ ਪੰਜਾਬ ਵਿੱਚ ਸਰਕਾਰ ਚਲਾਉਂਦੀ ਰਹੀ, ਉਨ੍ਹਾਂ ਵੱਲੋਂ ਵੀ ਇਸ ਮਸਲੇ ਵਿੱਚ ਕੋਈ ਖਾਸ ਕਾਰਜਕਾਰੀ ਨਹੀਂ ਕੀਤੀ ਗਈ। ਸਿਰਫ ਸਿੱਖ ਭਾਵਨਾਵਾਂ ਨਾਲ ਖੇਡਿਆ ਗਿਆ ਅਤੇ 1984 ਦੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਵਾਸਤੇ ਕੋਈ ਯੋਗ ਪਲਾਨ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਵਕੀਲ ਐਚ. ਐਸ. ਫੂਲਕਾ ਅਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਇਨਸਾਫ਼ ਦੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਫੈਸਲਾ ਨਹੀਂ, ਸਗੋਂ ਸਿੱਖ ਭਾਈਚਾਰੇ ਦੇ ਜਖਮਾਂ ‘ਤੇ ਮਲਮ ਪਾਉਣ ਵਾਲਾ ਇੱਕ ਇਤਿਹਾਸਕ ਪਲ ਹੈ। ਜਗਦੀਪ ਸਿੰਘ ਨਕਈ ਨੇ ਮੋਦੀ ਸਰਕਾਰ ਵੱਲੋਂ ਸਿੱਖਾਂ ਲਈ ਲਏ ਗਏ ਮਹੱਤਵਪੂਰਨ ਕਦਮਾਂ ਦੀ ਵੀ ਯਾਦ ਕਰਵਾਈ, ਜਿਵੇਂ ਕਿ: ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ, ਪਹਿਲੀ ਵਾਰ ਰਾਸ਼ਟਰੀ ਪੱਧਰ ‘ਤੇ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਮਨਾਉਣਾ, ਗੁਰਦੁਆਰਿਆਂ ਵਿੱਚ ਲੰਗਰ ‘ਤੇ ਲੱਗਣ ਵਾਲੀ GST ਖਤਮ ਕਰਨਾ, 1984 ਦੇ ਦੋਸ਼ੀਆਂ ‘ਤੇ ਤਿੱਖੀ ਕਾਰਵਾਈ ਕਰਨ ਲਈ SIT ਦੀ ਰਚਨਾ ਕਰਨਾ ਭਾਜਪਾ ਹਮੇਸ਼ਾ ਸਿੱਖ ਹੱਕਾਂ ਲਈ ਖੜੀ ਰਹੇਗੀ ਜਗਦੀਪ ਸਿੰਘ ਨਕਈ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਸਿੱਖਾਂ ਦੇ ਹੱਕਾਂ ਲਈ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋਸ਼ੀਆਂ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ, ਉਹ ਵੀ ਜਲਦੀ ਕਾਨੂੰਨ ਦੀ ਲਪੇਟ ਵਿੱਚ ਆਉਣਗੇ।