ਮੈਂ ਸੱਥਰ `ਤੇ ਬੈਠਾਂ ਬਾਈ ਜੀ , ਫੇਰ ਕਰਦੇ ਹਾਂ ਗੱਲਬਾਤ !
ਮੇਰੇ ਫੋਨ ਦੀ ਘੰਟੀ ਵੱਜੀ ਪਰ ਮੈਂ ਚੁੱਪ ਕਰਵਾ ਦਿੱਤਾ। ਕੁੱਝ ਸਮੇਂ ਬਾਅਦ ਘੰਟੀ ਫਿਰ ਖੜਕਣ ਲੱਗੀ ਤੇ ਮੈਂ ਫੋਨ ਚੁੱਕ ਧੀਮੀ ਅਵਾਜ ਵਿੱਚ ਕਿਹਾ ਬਾਈ ਜੀ ਮੈਂ ਸੱਥਰ `ਤੇ ਬੈਠਾਂ ,ਰੁਕ ਕੇ ਕਰਦੇ ਹਾਂ ਗੱਲ। ਮੂੂਹਰਲੇ ਨੇ ਫੋਟ ਕੱਟ ਦਿੱਤਾ ।ਅਸਲ ਵਿੱਚ ਮੈਂ ਮਲਕਪੁਰ ਖਿਆਲਾ ਵਿੱਚ ਅੱਗੜ ਪਿੱਛੜ ਹੋਈਆਂ ਪੰਜ ਮੌਤਾਂ ਵਾਲੇ ਘਰਾਂ ਵਿੱਚ ਦੁੱਖ ਵੰਡਾਉਂਣ ਗਿਆ ਸੀ । ਦੋ ਘੰਟੇ ਵਿੱਚ ਮੈਂ ਚਾਰ ਸੱਥਰਾਂ `ਤੇ ਬੈਠਾ । ਜਦੋਂ ਵੀ ਮੈਂ ਮੌਤ ਦੇ ਕਾਰਨ ਪੁੱਛਦਾ ਤਾਂ ਪਿੰਡ ਦੇ ਪਤਵੰਤੇ ਦੱਸਦੇ ਕਿ ਦਿਲ ਦਾ ਦੌਰਾ ਪੈ ਗਿਆ।ਇੱਕ ਨੌਜਵਾਨ ਵਿੱਚ ਕਿਸੇ ਸ਼ਰਾਬੀ ਨੇ ਤੁਰੇ ਜਾਂਦੇ `ਚ ਪਿੱਛੋਂ ਕਰਕੇ ਮੋਟਰਸਇਕਲ ਮਾਰ ਦਿੱਤਾ । ਮਰਨ ਵਾਲਿਆਂ ਦੀ ਉਮਰ ਤੇਈ ਸਾਲ ਤੋਂ ਲੈ ਕੇ 54 ਸਾਲ ਤੱਕ ਸੀ । ਮਲਤਬ ਸਾਫ ਸੀ ਕਿ ਕੋਈ ਵੀ ਉਮਰ ਭੋਗ ਕੇ ਨਹੀਂ ਸੀ ਮਰਿਆ।ਸਾਰੇ ਹੀ ਭਰ ਜਵਾਨੀ ਸਮੇਂ ਤੋਂ ਪਹਿਲਾਂ ਅਚਾਨਕ ਹੀ ਮੌਤ ਨੇ ਦਬੋਚ ਲਏ ਸਨ । ਚਾਰ ਬਾਪੂ ਤੇ ਘਰਾਂ ਦਾ ਤੋਰੂਆ ਤੋਰਨ ਵਾਲੇ ਮੁਖੀ ਮਰੇ ਸਨ ਜਿੰਨ੍ਹਾ ਦੇ ਪਿੱਛੇ ਨਿੱਕੇ ਨਿੱਕੇ ਬੱਚੇ, ਬਿਰਧ ਮਾਂ ਬਾਪ ਤੇ ਪਰਿਵਾਰ ਦੇ ਬਾਕੀ ਜੀਅ ਰਹਿ ਗਏ ਸਨ । ਇੱਕ ਛੋਟੀ ਉਮਰ ਦੀ ਲੜਕੀ ਮਰੀ ਹੈ ਜਿਸਦੇ ਵਿਆਹ ਨੂੰ ਮਸਾਂ ਹੀ ਗਿਆਰਾਂ ਮਹੀਨੇ ਲੰਘੇ ਸਨ । ਸਾਰੇ ਸੱਥਰਾਂ `ਤੇ ਬੇਵਕਤੀ ਮੌਤਾਂ ਦਾ ਭੈਅ ਤੇ ਰੱਬ ਨਾਲ ਰੋਸਾ ਸੀ । ਕਈ ਬਜ਼ੁਰਗ ਕਹਿ ਰਹੇ ਸਨ ਕਿ ਪਿੰਡ `ਤੇ ਕੋਈ ਵੱਡਾ ਭਾਰ ਹੈ। ਇੱਕ ਸਿਵਾ ਠੰਡਾ ਹੁੰਦਾ ਹੈ ਤੇ ਦੂਸਰੀ ਚਿਤਾ ਚਿਣਨੀ ਪੈ ਰਹੀ ਹੈ। ਜਦੋਂ ਮੈਂ ਨਿੱਕੀਆਂ ਨਿੱਕੀਆਂ ਦੋ ਧੀਆਂ ਤੇ ਬਜੁਰਗ ਮਾਂ ਬਾਪ ਨੂੰ ਛੱਡਕੇ ਮੌਤ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਦੇ ਸੱਥਰ `ਤੇ ਗਿਆ ਤਾਂ ਔਰਤਾਂ ਵਾਲੇ ਪਾਸਿਓਂ ਵੱਜਦੀਆਂ ਚੀਕਾਂ ਕਾਲਜੇ ਬਲੂੰਧਰ ਰਹੀਆਂ ਸਨ । ਸੱਥਰ `ਤੇ ਬੈਠੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਮੈਂ ਸੋਚਣ ਲੱਗ ਪਿਆ ਕਿ ਕੀ ਕਾਰਨ ਹੈ ਪੂਰੀ ਦੁਨੀਆ ਵਿੱਚ ਤੰਦਰੁਸਤ ਸਰੀਰਾਂ ਦੇ ਮਾਲਕ ਕਰਕੇ ਜਾਣੇ ਜਾਂਦੇ ਪੰਜਾਬ ਦੀ ਸਿਹਤ ਕਿਉਂ ਬਿਗੜ ਗਈ ਹੈ? ਕਿਸਨੇ ਨਜਰ ਲਗਾਈ ਹੈ ਕਿ ਬਜੁਰਗ ਮਾਂ ਬਾਪ ਨੂੰ ਨੌਜਵਾਨ ਧੀਆਂ ਪੁੱਤਰਾਂ ਦੀਆਂ ਅਰਥੀਆਂ ਢੋਹਣੀਆਂ ਪੈ ਰਹੀਆਂ ਹਨ ? ਕੌਣ ਹੈ ਜਿਹੜਾ ਨਿੱਕੇ ਨਿੱਕੇ ਬੱਚਿਆਂ ਨੂੰ ਅਨਾਥ ਕਰ ਰਿਹਾ ਹੈ? ਕੀ ਹੁਣ ਪੰਜਾਬ `ਚ ਕਿਸੇ ਵੀ ਵਡੇਰੀ ਉਮਰ ਦੇ ਬਜ਼ੁਰਗ ਦਾ ਬਬਾਨ ਨਹੀਂ ਨਿਕਲੇਗਾ? ਕਿਤੇ ਇਹ ਕਹਿਰ ਸਾਡੇ ਬਿਗੜੇ ਖਾਣ ਪੀਣ ਦਾ ਨਤੀਜਾ ਤਾਂ ਨਹੀਂ ? ਕਿਤੇ ਕੰਮਜੋਰ ਹੋ ਹਰੀਆਂ ਰਿਸਤਿਆਂ ਦੀਆਂ ਤੰਦਾਂ ਕਾਰਨ ਮਾੜਾ ਤਾਂ ਨਹੀਂ ਵਾਪਰ ਰਿਹਾ? ਇਹ ਇਕੱਲੇ ਮੇਰੇ ਪਿੰਡ ਦੀ ਕਹਾਣੀ ਨਹੀਂ ਇਹ ਅੱਗ ਬਹੁਤੇ ਪਿੰਡਾਂ ਸ਼ਹਿਰਾਂ ‘ਚ ਨੱਚਦੀ ਫਿਰਦੀ ਹੈ।
ਹੈ ਤਾਂ ਇਹ ਸਾਰੇ ਹੀ ਫਿਕਰ ਵਾਲੇ ਸਵਾਲ ਪਰ ਇਨ੍ਹਾ ਦਾ ਹੱਲ ਕੀ ਕੀਤਾ ਜਾਵੇ? ਕਿਹੜੀਆਂ ਮਿਰਚਾਂ ਲਈਆਂ ਜਾਣ ਕਿ ਬੇਵਕਤੀ ਮੌਤਾਂ ਦਾ ਕਹਿਰ ਖਤਮ ਹੋਵੇ? ਕਿਸ ਤਵੇ ਦੀ ਕਾਲਖ ਦਾ ਟਿੱਕਾ ਪੰਜਾਬ ਨੂੰ ਲਾਈਏ ਕਿ ਸੱਥਰਾਂ ਦੀ ਥਾਂ ਵਿਆਹਾਂ ਦੀ ਰੌਣਕ ਵਿਖਰੇ ਨਵ ਜਨਮਿਆਂ ਦੀਆਂ ਲੋਹੜੀਆਂ `ਤੇ ਖੁਸਰੇ ਨੱਚਣ ।
ਪੰਜਾਬ ਦੀ ਸਲਾਮਤੀ, ਤੰਦਰੁਸਤੀ ਤੇ ਖੁਸ਼ਹਾਲੀ ਲਈ ਸਭਨੂੰ ਤੁਰਨਾ ਪਵੇਗਾ । ਮੌਤਾਂ ਕੰਧਾਂ ਕੋਠਿਆਂ ਤੇ ਅਮੀਰੀ ਤੋਂ ਨਹੀਂ ਡਰਦੀਆਂ ਹੰਦੀਆਂ । ਅੱਜ ਕਿਸੇ ਵਿਹੜੇ ਉਤਰੀ ਹੈ ਤਾਂ ਕੱਲ੍ਹ ਕਿਸੇ ਹੋਰ ਵਿਹੜੇ ਵੀ ਸੱਥਰ ਵਿਛਾ ਸਕਦੀ ਹੈ। ਆਓ ਵਿਚਾਰਾਂ ਦੀ ਸਾਂਝ ਪਾਈਏ ਤੇ ਪੰਜਾਬ ਬਚਾਈਏ।
