ਭੀਖੀ,12 ਫਰਵਰੀ(ਕਰਨ ਭੀਖੀ)ਸ਼੍ਰੀ ਗੁਰੂ ਰਵਿਦਾਸ ਜੀ ਦੇ 648 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਧਲੇਵਾਂ ਰੋਡ ਅਤੇ ਗੁਰੂ ਰਵਿਦਾਸ ਮੰਦਿਰ ਵਾਰਡ ਨੰ:5 ਤੋਂ ਇਲਾਵਾ ਕਸਬੇ ਦੇ ਨੇੜਲੇ ਪਿੰਡਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ। ਭੀਖੀ ਵਿਖੇ ਭੋਗ ਉਪਰੰਤ ਭਾਈ ਹਰਜਿੰਦਰ ਸਿੰਘ ਖਾਲਸਾ ਦੇ ਜਥੇ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਅਧਿਆਤਮਕਤਾ ਦੇ ਸਿਖ਼ਰ ਨੂੰ ਛੂੰਹਦੀ ਹੋਈ ਸਮੁੱਚੀ ਮਾਨਵਤਾ ਦੀ ਗੱਲ ਕਰਦੀ ਹੈ, ਗੁਰੂ ਜੀ ਨੇ ਪਾਖੰਡਵਾਦ ਖਿਲਾਫ਼ ਹੱਕ-ਸੱਚ ਨਾਅਰਾ ਬੁਲੰਦ ਕੀਤਾ, ਉਹਨਾਂ ਦੀਆਂ ਸਿੱਖਿਆਵਾਂ ਤੋਂ ਸਾਨੂੰ ਸਭਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਵੱਖ-ਵੱਖ ਪਿੰਡਾਂ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਗਏ। ਸਮਾਗਮ ਦੌਰਾਨ ਸੰਗਤ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਗੁਲਾਬ ਸਿੰਘ, ਦਲਜੀਤ ਸਿੰਘ, ਰਘੁਵੀਰ ਸਿੰਘ ਲਾਡੀ, ਦਰਸ਼ਨ ਸਿੰਘ, ਸਤਪਾਲ ਸਿੰਘ, ਬਾਵਰ ਸਿੰਘ, ਲਾਲੀ ਸਿੰਘ, ਕੇਵਲ ਸਿੰਘ, ਮੱਖਣ ਸਿੰਘ ਗੇਜੀ ਆਦਿ ਹਾਜ਼ਰ ਸਨ।
ਫੋਟੋ: ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਭਾਈ ਹਰਜਿੰਦਰ ਸਿੰਘ ਖਾਲਸਾ।
